Site icon Sikh Siyasat News

ਤਰਨਤਾਰਨ ਵਿਖੇ ਦੁਖੀ ਬਾਪ ਨੇ ਨਸ਼ੇੜੀ ਪੁੱਤ ਨਸ਼ੇ ਤੋਂ ਬਚਾਉਣ ਲਈ ਸੰਗਲ ਨਾਲ ਨੂੜਿਆ

ਤਰਨਤਾਰਨ: ਪੰਜਾਬ ਵਿਚ ਨਸ਼ੇ ਦੀ ਅਲਾਮਤ ਬਾਰੇ ਸਰਕਾਰਾਂ, ਸਿਆਸੀ ਪਾਰਟੀਆਂ ਅਤੇ ਖੋਜ ਅਦਾਰਿਆਂ ਦੇ ਸਰਵੇਖਣ ਵਾਲੇ ਵੱਖੋ-ਵੱਖੋ ਦਾਅਵੇ ਕਰਦੇ ਹਨ ਪਰ ਆਮ ਲੋਕ ਨਸ਼ਿਆਂ ਤੋਂ ਕਿਸ ਕਦਰ ਦੁਖੀ ਹਨ ਇਸ ਦੀ ਦਿਲ ਕੰਬਾਉ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਆਪਣੇ ਨਸ਼ੇੜੀ ਪੁੱਤ ਦੀ ਜਾਨ ਬਚਾਉਣ ਲਈ ਤਰਨਤਾਨ ਨੇੜੇ ਭਿੱਖੀਵਿੱਡ ਪਿੰਡ ਦੇ ਵਸਨੀਕ ਜਗਤਾਰ ਸਿੰਘ ਨੇ ਆਪਣੇ ਨੌਜਵਾਨ ਪੁੱਤ ਨੂੰ ਨਸ਼ਾ ਕਰਨ ਤੋਂ ਰੋਕਣ ਲਈ ਉਸ ਨੂੰ ਸੰਗਲ ਨਾਲ ਨੂੜ ਲਿਆ।

ਸੁਖਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਰਨਤਾਰਨ

ਜਗਤਾਰ ਸਿੰਘ ਦਾ ਪੁੱਤਰ ਸੁਖਵਿੰਦਰ ਸਿੰਘ ਹਾਲੀ 24 ਵਰ੍ਹਿਆਂ ਦਾ ਹੈ ਤੇ ਉਸ ਨੇ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ ਹੈ। ਮਾਪਿਆਂ ਮੁਤਾਬਕ ਉਹ ਹੁਣ ਤੱਕ ਤਕਰੀਬਨ 3 ਲੱਖ ਰੁਪਏ ਨਸ਼ਿਆਂ ਵਿੱਚ ਰੋੜ੍ਹ ਚੁੱਕਾ ਹੈ ਤੇ ਉਹ ਹੈਰੋਇਨ ਜਿਹੇ ਮਾਰੂ ਨਸ਼ੇ ਦੀ ਗ੍ਰਿਫਤ ਵਿੱਚ ਹੈ। ਸ. ਜਗਤਾਰ ਸਿੰਘ ਨੇ ਕਿਹਾ ਕਿ ਉਸ ਦਾ ਪੁੱਤ ਨਸ਼ੇ ਦੀ ਲਤ ਪੂਰੀ ਕਰਨ ਲਈ ਮੋਬਾਇਲ ਅਤੇ ਗਹਿਣਿਆਂ ਸਮੇਤ ਘਰ ਦਾ ਹੋਰ ਸਮਾਨ ਵੀ ਵੇਚ ਦਿੰਦਾ ਹੈ।

ਸਬੰਧਤ ਖ਼ਬਰ:

ਉਨ੍ਹਾਂ ਨਸ਼ਾ ਤਸਕਰਾਂ ਦੇ ਨਾਂ ਜਨਤਕ ਹੋਣ ਜੋ ਕੈਪਟਨ ਅਮਰਿੰਦਰ ਮੁਤਾਬਕ ਕਾਂਗਰਸ ਆਉਣ ਤੋਂ ਬਾਅਦ ਭੱਜੇ: ਆਪ …

ਇਕ ਅੰਗਰੇਜ਼ੀ ਅਖਬਾਰ ਵਿੱਚ ਲੱਗੀ ਖ਼ਬਰ ਅਨੁਸਾਰ ਜਗਤਾਰ ਸਿੰਘ ਨੇ ਕਿਹਾ ਕਿ, “ਮੈਂ ਪੁਲਿਸ ਨੂੰ ਉਨ੍ਹਾਂ ਨਸ਼ਾ ਵੇਖਣ ਵਾਲਿਆਂ ਬਾਰੇ ਦੱਸਿਆ ਸੀ ਜਿਨ੍ਹਾਂ ਕੋਲੋਂ ਇਹ (ਸੁਖਵਿੰਦਰ ਸਿੰਘ) ਨਸ਼ਾ ਖਰੀਦਦਾ ਹੈ, ਪਰ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁੱਠਾ ਸਗੋਂ ਉਹ ਹੁਣ ਇਹ ਕਹਿੰਦੇ ਨੇ ਕਿ ਜੇ ਅਸੀਂ ਮੁੜ ਉਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਤਾਂ ਉਹ ਇਹਦੇ ‘ਤੇ ਨਸ਼ੇ ਦਾ ਕੇਸ ਪਾ ਦੇਣਗੇ”।

ਉਸ ਨੇ ਇਹ ਵੀ ਦੱਸਿਆ ਕਿ ਪੁਲਿਸ ਵਾਲਿਆਂ ਨੇ ਉਸ ਦੇ ਪੁੱਤਰ ਵੱਲੋਂ ਵੇਚਿਆ ਫੋਨ ਤਾਂ ਵਾਪਸ ਦਵਾ ਦਿੱਤਾ ਸੀ ਪਰ ਨਸ਼ਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਹੁਣ ਉਸ ਨੇ ਮਜਬੂਰਨ ਆਪਣੇ ਪੁੱਤ ਨੂੰ ਨਸ਼ਾ ਕਰਨ ਤੋਂ ਰੋਕਣ ਲਈ ਸੰਗਲ ਨਾਲ ਬੰਨ੍ਹਿਆ ਹੈ।

ਪਰ ਦੂਜੇ ਪਾਸੇ ਪੁਲਿਸ ਵਾਲਿਆਂ ਨੇ ਕਾਰਵਾਈ ਨਾ ਕਰਨ ਦੇ ਦੋਸ਼ਾਂ ਨੂੰ ਨਕਾਰਿਆ ਹੈ। ਡੀ.ਐਸ.ਪੀ. ਸੁਖਵਿੰਦਰ ਸਿੰਘ ਮਾਨ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਥਾਣਾ ਮੁਖੀ ਨੇ ਨਸ਼ਾ ਵੇਚਣ ਵਾਲਿਆਂ ਵਿਰੁਧ ਸ਼ਿਕਾਇਤ ਦਰਜ ਨਾ ਕੀਤੀ ਹੋਏ।

ਸਬੰਧਤ ਖ਼ਬਰ:

ਨਸ਼ਿਆਂ ਦੇ ਮੁੱਦੇ ‘ਤੇ ਬਾਦਲ,ਕਾਂਗਰਸ,‘ਆਪ’ ਇੱਕੋ ਜਿਹੇ:ਖਾਲੜਾ ਮਿਸ਼ਨ,ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ …

ਜਗਤਾਰ ਸਿੰਘ ਨੇ ਹੋਰ ਦੱਸਿਆ ਕਿ ਉਨ੍ਹਾਂ ਦੇ ਪਰਵਾਰ ਨੇ ਸੁਖਵਿੰਦਰ ਸਿੰਘ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਵੀ ਭਰਤੀ ਕਰਵਾਇਆ ਸੀ ਪਰ ਵਾਪਸ ਆ ਉਹ ਮੁੜ ਨਸ਼ਾ ਕਰਨ ਲੱਗ ਪਿਆ ਕਿਉਂਕਿ ਉਨ੍ਹਾਂ ਦੇ ਇਲਾਕੇ ਵਿੱਚ ਨਸ਼ਾ ਆਮ ਹੀ ਵਿਕਦਾ ਹੈ ਤੇ ਪੁਲਿਸ ਨਸ਼ਾ ਵੇਚਣ ਵਾਲਿਆਂ ਵਿਰੁਧ ਕਾਰਵਾਈ ਨਹੀਂ ਕਰਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version