ਨਵੀ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਧਾਨ ਪਰਮਜੀਤ ਸਿੰਘ ਸਰਨਾਨੇ ਕੇਂਦਰ ਸਰਕਾਰ ਵੱਲੋ ਗੁਰੂਦੁਆਰਾ ਚੋਣਾਂ ਵਿੱਚ ਸਿੱਖ ਸਹਿਜਧਾਰੀਆ ਦੇ ਵੋਟ ਦੇ ਅਧਿਕਾਰ ਨੂੰ ਰੱਦ ਕਰਨ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਗੁਰੂਦੁਆਰਾ ਚੋਣ ਦੇ ਸ਼ਨਾਖਤੀ ਕਾਰਡ ਬਣਾ ਕੇ ਮਤਦਾਨ ਕਰਵਾਇਆ ਜਾਵੇ ਤਾਂ ਕਿ ਚੋਣਾਂ ਵਿੱਚ ਪੂਰਨ ਰੂਪ ਵਿੱਚ ਪਾਰਦਸ਼ਤਾ ਲਿਆਂਦੀ ਜਾ ਸਕੇ।
ਜਾਰੀ ਇੱਕ ਬਿਆਨ ਰਾਹੀਂ ਸਰਨਾ ਨੇ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਸਵੀਕਾਰ ਕਰਕੇ ਸਿੱਖਾਂ ਦੀ ਪਹਿਲੀ ਮੰਗ ਨੂੰ ਪੂਰਾ ਕੀਤਾ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਬਾਕੀ ਮੰਗਾਂ ‘ਤੇ ਵੀ ਸਰਕਾਰ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਪ੍ਰਵਾਨ ਕਰਨ ਵਿੱਚ ਦੇਰੀ ਨਹੀ ਕਰੇਗੀ। ਉਹਨਾਂ ਕਿਹਾ ਕਿ ਸਹਿਜਧਾਰੀਆਂ ਦਾ ਵੋਟ ਦਾ ਅਧਿਕਾਰ ਰੱਦ ਕਰਨ ਦੇ ਨਾਲ ਨਾਲ 1925 ਦੇ ਗੁਰੂਦੁਆਰਾ ਐਕਟ ਵਿੱਚ ਵੀ ਇਹ ਸੋਧ ਪੱਕੇ ਤੌਰ ਤੇ ਕਰ ਦਿੱਤੀ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਦਾਲਤ ਵਿੱਚ ਜਾ ਕੇ ਨਵਾਂ ਬਿਖੇੜਾ ਨਾ ਖੜਾ ਕਰ ਸਕੇ।
ਉਹਨਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਆਰਡੀਨੇਸ਼ ਜਾਰੀ ਕਰਨ ਦੀ ਬਜਾਏ ਕਨੂੰਨ ਬਣਾ ਕੇ ਗੁਰੂਦੁਆਰਾ ਐਕਟ ਵਿੱਚ ਸੋਧ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਕੋਈ ਹਾਊਸ ਨਾ ਹੋਣ ਕਾਰਨ ਕਾਬਜ ਧਿਰ ਵੱਲੋ ਮਨਮਾਨੀਆ ਕੀਤੀਆਂ ਜਾ ਰਹੀਆਂ ਹਨ ਤੇ ਗੁਰੂ ਦੀ ਗੋਲਕ ਦੀ ਦੁਰਵਰਤੋ ਵੱਡੀ ਪੱਧਰ ਤੇ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਚੋਣਾਂ ਵੀ ਸਮੇਂ ਸਿਰ ਕਰਵਾਈਆ ਜਾਣੀਆ ਚਾਹੀਦੀਆ ਹਨ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵੀ ਸਮੇਂ ਸਿਰ ਫਰਵਰੀ 2017 ਵਿੱਚ ਕਰਵਾਈਆ ਜਾਣ ਅਤੇ ਦਿੱਲੀ ਕਮੇਟੀ ਦੋ ਵੋਟਰਾਂ ਦੀ ਵੋਟ ਬਣਾਉਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਗੁਰੂਦੁਆਰਾ ਕਮੇਟੀਆ ਦੀਆਂ ਚੋਣਾਂ ਲਈ ਵਿਧਾਨ ਸਭਾ ਵਾਂਗ ਵੋਟਾਂ ਘਰ ਘਰ ਜਾ ਕੇ ਬਣਾਉਣ ਦੀ ਪਟਵਾਰੀਆ ਜਾਂ ਅਧਿਆਪਕਾ ਨੂੰ ਜਿੰਮੇਵਾਰੀ ਸੋਂਪੀ ਜਾਵੇ। ਉਹਨਾਂ ਕਿਹਾ ਕਿ ਵੋਟਾਂ ਬਣਾਉਣ ਲਈ ਹਲਕੇ ਦੇ ਪਟਵਾਰੀ ਨੂੰ ਜਿੰਮੇਵਾਰ ਬਣਾਇਆ ਜਾਵੇ ਤੇ ਕੁਤਾਹੀ ਕਰਨ ਵਾਲੇ ਖਿਲਾਫ ਵਿਧਾਨ ਸਭਾ ਤੇ ਲੋਕ ਸਭਾ ਦੀਆ ਚੋਣਾਂ ਦੇ ਨਿਯਮਾਂ ਵਾਂਗ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼ਨਾਖਤੀ ਕਾਰਡ ਬਣਾ ਕੇ ਵੋਟਾਂ ਪੋਲ ਕਰਵਾਉਣ ਨਾਲ ਚੋਣ ਵਿੱਚ ਪਾਰਦਸ਼ਤਾ ਆਵੇਗੀ ਤੇ ਕਿਸੇ ਨੂੰ ਵੀ ਕੋਈ ਗਿੱਲਾ ਨਹੀ ਰਹੇਗਾ।
ਜਦੋਂ ਵੋਟਾਂ ਸ਼ਨਾਖਤੀ ਕਾਰਡ ਨਾਲ ਪਵਾਈਆ ਜਾਣਗੀਆ ਤਾਂ ਜਿਹੜੇ ਦਾਹੜੀ ਕੇਸ ਕਤਲ ਕਰਵਾ ਕੇ ਮਲੇਸ਼ਾਂ ਦੀ ਕਤਾਰ ਵਿੱਚ ਖੜੇ ਹਨ ਉਹਨਾਂ ਵਿੱਚ ਵੀ ਸਿੱਖ ਬਣਨ ਦੀ ਭਾਵਨਾ ਪ੍ਰਬਲ ਹੋਵੇਗੀ ਤੇ ਉਹ ਵੀ ਕੇਸ ਦਾਹੜੀ ਰੱਖ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦੇਣਗੇ। ਉਹਨਾਂ ਕਿਹਾ ਕਿ ਭਾਂਵੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਕੋਸ਼ਿਸ਼ ਸੀ ਕਿ ਉਹ ਇਸੇ ਤਰ੍ਹਾਂ ਹੀ ਆਪਣਾ ਕਬਜ਼ਾ ਬਣਾਈ ਰੱਖਣ ਤੇ ਸੁਪਰੀਮ ਕੋਰਟ ਵਿੱਚ ਤਾਂ ਕਈ ਦਹਾਕੇ ਹੋਰ ਲੰਘ ਸਕਦੇ ਸਨ। ਉਹਨਾਂ ਕਿਹਾ ਕਿ ਬਾਦਲ ਦੀ ਬਦਨੀਤੀ ਨੂੰ ਭਾਂਵੇ ਬੂਰ ਨਹੀ ਪਿਆ ਪਰ ਫਿਰ ਉਹਨਾਂ ਦੀ ਮੰਗ ਹੈ ਕਿ ਚੋਣਾਂ ਸਮੇਂ ਸਿਰ ਹੀ ਕਰਵਾਈਆ ਜਾਣੀਆ ਚਾਹੀਦੀਆ ਹਨ।