Site icon Sikh Siyasat News

“ਪੰਜਾਬ ਜਲ ਸੰਕਟ ਅਤੇ ਕੌਮਾਂਤਰੀ ਸਿਆਸਤ” ਵਿਸ਼ੇ ਤੇ ਸੈਮੀਨਾਰ ਭਲਕੇ

ਚੰਡੀਗੜ੍ਹ – ਪੰਜਾਬ ਇਸ ਵੇਲੇ ਜ਼ਮੀਨੀ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਡਿੱਗਣ ਦੇ ਸੰਕਟ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਸੂਬੇ ਦੇ 150 ਵਿਚੋਂ 117 ਬਲਾਕ ਜਮੀਨ ਹੇਠੋਂ ਪਾਣੀ ਕੱਢਣ ਦੇ ਮਾਮਲੇ ਵਿਚ “ਅਤਿ-ਸ਼ੋਸ਼ਿਤ” ਹਨ ਭਾਵ ਕਿ ਇੱਥੇ ਜ਼ਮੀਨ ਹੇਠੋਂ ਹੱਦੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਇਹ ਸੰਕਟ ਪੰਜਾਬ ਨੂੰ ਦਰਿਆਈ ਪਾਣੀਆਂ ਦਾ ਮੁਕੰਮਲ ਹੱਕ ਨਾ ਮਿਲਣ ਕਾਰਨ ਹੋਰ ਵੀ ਗੰਭੀਰ ਹੋ ਗਿਆ ਹੈ। ਇਸ ਹਾਲਾਤ ਵਿਚ ਪੰਜਾਬ ਨੂੰ ਰਾਇਪੇਰੀਅਨ ਸਿਧਾਂਤ ਮੁਤਾਬਿਕ ਦਰਿਆਈ ਪਾਣੀਆਂ ਦਾ ਹੱਕ ਮਿਲਣ ਅਤੇ ਪੰਜਾਬ ਦੇ ਖੇਤਾਂ ਵਿਚ ਨਹਿਰੀ ਪਾਣੀ ਪਹੁੰਚਣ ਨਾਲ ਹੀ ਪੰਜਾਬ ਦੇ ਭਵਿੱਖ ਦਾ ਸਵਾਲ ਜੁੜਿਆ ਹੋਇਆ ਹੈ।

ਦਿਨੋ ਦਿਨ ਗਹਿਰਾ ਰਹੇ ਪੰਜਾਬ ਦੇ ਜਲ ਸੰਕਟ ਬਾਰੇ ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਵਟਾਂਦਰਾ ਕਰਨ ਲਈ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਭਲਕੇ ਮਿਤੀ 19-04-2023 ਦਿਨ ਬੁੱਧਵਾਰ ਨੂੰ ਸੈਨੇਟ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਵੇਰੇ 10.30 ਵਜੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ. ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ) ਪੰਜਾਬ ਦਾ ਜਲ ਸੰਕਟ ਅਤੇ ਸਿੰਧ ਜਲ ਸਮਝੌਤਾ ਵਿਸ਼ੇ ਤੇ ਅਤੇ ਸ. ਅਜੇਪਾਲ ਸਿੰਘ ਬਰਾੜ, ਪੰਜਾਬ ਦੇ ਪਾਣੀ ਦੀ ਵੰਡ ਅਤੇ ਕੌਮਾਂਤਰੀ ਤਾਕਤਾਂ ਦਾ ਪ੍ਰਭਾਵ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ।

ਵਿਦਿਆਰਥੀ ਜਥੇਬੰਦੀ ਸੱਥ ਨੇ ਪੰਜਾਬ ਪ੍ਰਤੀ ਦਰਦ ਰੱਖਣ ਵਾਲੇ ਹਰ ਪ੍ਰੇਮੀ ਨੂੰ ਇਸ ਸੈਮੀਨਾਰ ਵਿਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version