“ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 1984 ਦੀ ਪੱਤਰਕਾਰੀ” ਕਿਤਾਬ ਦੇ ਹਵਾਲੇ ਨਾਲ
‘ਸੰਵਾਦ’ ਵਿਚਾਰ ਮੰਚ ਵਲੋਂ “ਸਿੱਖ ਸੰਘਰਸ਼ ਦੀ ਸਿਧਾਂਤਕ ਸੇਧ ਤੇ ਪੈਂਤੜਿਆਂ ਦੀ ਪੜਚੋਲ” ਵਿਸ਼ੇ ’ਤੇ ਵਿਚਾਰ-ਚਰਚਾ
ਚੰਡੀਗੜ੍ਹ: ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਦੀ ਪੁਸਤਕ “ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 1984 ਦੀ ਪੱਤਰਕਾਰੀ” ਦੇ ਹਵਾਲੇ ਨਾਲ ‘ਸੰਵਾਦ’ ਵਿਚਾਰ ਮੰਚ ਵਲੋਂ 4 ਜੂਨ, 2016 ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ “ਸਿੱਖ ਸੰਘਰਸ਼ ਦੀ ਸਿਧਾਂਤਕ ਸੇਧ ਤੇ ਪੈਂਤੜਿਆਂ ਦੀ ਪੜਚੋਲ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਵਿਚ ਲੇਖਕ ਅਤੇ ਇਤਿਹਾਸਕਾਰ ਸ. ਅਜਮੇਰ ਸਿੰਘ, ਸੀਨੀਅਰ ਪੱਤਰਕਾਰ ਅਤੇ ਲੇਖਕ ਸ. ਜਸਪਾਲ ਸਿੰਘ ਸਿੱਧੂ, ਸ. ਦਲਬੀਰ ਸਿੰਘ ਪੱਤਰਕਾਰ ਅਤੇ ਸਿੱਖ ਆਗੂ ਭਾਈ ਦਲਜੀਤ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ।
ਜ਼ਿਕਰਯੋਗ ਹੈ ਕਿ ਸ. ਜਸਪਾਲ ਸਿੰਘ ਸਿੱਧੂ ਨੇ ਆਪਣੀ ਕਿਤਾਬ, “ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 1984 ਦੀ ਪੱਤਰਕਾਰੀ” ਵਿਚ 1980-90 ਦੇ ਦਹਾਕੇ ਦੌਰਾਨ ਭਾਰਤੀ ਮੀਡੀਆ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕੀਤਾ ਹੈ। ਨਾਲ ਹੀ ਸਿੱਖ ਸੰਘਰਸ਼ ਦੀ ਸਿਧਾਂਤਕ ਸੇਧ ਤੇ ਪੈਂਤੜਿਆਂ ਬਾਰੇ ਕੀਤੀਆ ਪੜਚੋਲਵੀਆਂ ਟਿੱਪਣੀਆਂ ਨੇ ਸਿੱਖ ਰਾਜਸੀ ਤੇ ਵਿਚਾਰਕ ਹਲਕਿਆਂ ਵਿਚ ਤਿੱਖੀ ਚਰਚਾ ਛੇੜੀ ਹੈ।
“ਸੰਵਾਦ” ਵਲੋਂ ਸ. ਜਸਪਾਲ ਸਿੰਘ ਮੰਝਪੁਰ (ਐਡਵੋਕੇਟ) ਨੇ ਦੱਸਿਆ ਕਿ ਇਸ ਕਿਤਾਬ ਦੇ ਹਵਾਲੇ ਨਾਲ “ਸਿੱਖ ਸੰਘਰਸ਼ ਦੀ ਸਿਧਾਂਤਕ ਸੇਧ ਤੇ ਪੈਂਤੜਿਆਂ ਦੀ ਪੜਚੋਲ” ਲਈ ਵਿਚਾਰ-ਚਰਚਾ ਦਾ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਅਜਿਹੀ ਪੜਚੋਲ ਦੀ ਘਾਟ ਬੜੇ ਰੜਕਵੇਂ ਰੂਪ ਵਿਚ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਇਸ ਚਰਚਾ ਨਾਲ ਸ਼ੁਰੂ ਹੋਣ ਵਾਲੇ ਇਸ ਪੜਚੋਲ ਅਮਲ ਨੂੰ ਇਕ ਲੜੀ ਤਹਿਤ ਜਾਰੀ ਰੱਖਿਆ ਜਾਵੇਗਾ।
ਐਡਵੋਕੇਟ ਮੰਝਪੁਰ ਨੇ ਸਿੱਖ ਸੰਘਰਸ਼ ਲਈ ਸੁਹਿਰਦ ਭਾਵਨਾ ਤੇ ਇਸ ਸੰਘਰਸ਼ ਵਿਚ ਰੁਚੀ ਰੱਖਣ ਵਾਲਿਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਸ. ਜਸਪਾਲ ਸਿੰਘ ਮੰਝਪੁਰ (ਐਡਵੋਕੇਟ) 098554-01843