Site icon Sikh Siyasat News

ਦੁਖਦਾਈ ਸਮਾਚਾਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਰੂਪ ਅਗਨ ਭੇਟ ਹੋਏ

ਮੱਖੂ: ਅੱਜ ਸਵੇਰੇ ਮੱਖੂ ਨੇੜੇ ਪੈਂਦੇ ਪਿੰਡ ਬਹਿਕ ਫੱਤੂ (ਘੁਰਕੀ) ਦੇ ਗੁਰਦੁਾਅਰੇ ਬਾਬਾ ਬੀਰ ਸਿੰਘ (ਨੌਰੰਗਾਬਾਦ) ਵਿਖੇ ਗੁਰੂ ਗ੍ਰੰਥ ਸਾਹਿਬ ਦੇ 10 ਸਰੂਪ ਅਗਨ ਭੇਟ ਹੋ ਗਏ ਹਨ। ਇਸ ਘਟਨਾ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਿੱਚ ਸੋਗ ਛਾ ਗਿਆ।

ਜਾਣਕਾਰੀ ਮੁਤਾਬਕ ਪਿੰਡ ਵਿੱਚ ਗੁਰਦੁਆਰੇ ਦੇ ਪ੍ਰਬੰਧ ਵਾਸਤੇ ਕਮੇਟੀ ਨਹੀਂ ਹੈ। ਸਰਪੰਚ ਸੇਵਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਧੜੇਬੰਦੀ ਹੈ ਅਤੇ ਸਿਰਫ ਹਰ ਸਾਲ ਜਦੋਂ ਬਾਬਾ ਬੀਰ ਸਿੰਘ ਦੀ ਯਾਦ ਵਿੱਚ ਮੇਲਾ ਮਨਾਇਆ ਜਾਂਦਾ ਹੈ ਤਾਂ ਆਰਜ਼ੀ ਕਮੇਟੀ ਬਣਦੀ ਹੈ।

ਗੌਰਤਲਬ ਹੈ ਕਿ ਗੁਰੂ ਘਰ ਦਾ ਗ੍ਰੰਥੀ ਵੀ ਇਸ ਕਰਕੇ ਹੀ ਗੁਰਦੁਆਰਾ ਛੱਡ ਕੇ ਅਜੇ 12 ਦਿਨ ਪਹਿਲਾਂ ਹੀ ਗਿਆ ਸੀ। ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਪਿਛਲੀ 17 ਅਪਰੈਲ ਤੋਂ ਬੰਦ ਪਏ ਹਨ।

ਗੁਰਦੁਆਰਾ ਨੇੜਲੇ ਘਰ ਦੇ ਵਸਨੀਕ ਦਲੇਰ ਸਿੰਘ ਨੇ ਦੱਸਿਆ ਕਿ ਮੋਹਣ ਸਿੰਘ, ਮੁਖਤਿਆਰ ਸਿੰਘ, ਰੇਸ਼ਮ ਸਿੰਘ ਅਤੇ ਟਹਿਲ ਸਿੰਘ ਨੇ ਅੱਜ ਸਵੇਰੇ 10 ਵਜੇ ਦੇਖਿਆ ਕਿ ਗੁਰਦੁਆਰੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਰੌਲਾ ਪਾਉਣ ’ਤੇ ਸਾਰਾ ਪਿੰਡ ਇਕੱਠਾ ਹੋ ਗਿਆ ਪ੍ਰੰਤੂ ਗੁਰੂ ਘਰ ਦੇ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ। ਲੋਕਾਂ ਨੇ ਛੱਤ ’ਤੇ ਜਾਕੇ ਉਪਰਲਾ ਦਰਵਾਜ਼ਾ ਤੋੜ ਕਾ ਅੰਦਰ ਜਾਣਾ ਚਾਹਿਆ ਤਾਂ ਧੂੰਏਂ ਕਾਰਨ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਫਿਰ ਪਿੰਡ ਵਾਸੀਆਂ ਨੇ ਬੂਹੇ ਬਾਰੀਆਂ ਤੋੜ ਕੇ ਅੰਦਰ ਵੜ ਕੇ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਗੁਰੂ ਗ੍ਰੰਥ ਸਾਹਿਬ ਦੇ 10 ਸਰੂਪ ਅਗਨ ਭੇਟ ਹੋ ਚੁੱਕੇ ਸਨ। ਇੱਕ ਸਰੂਪ ਅਗਨ ਭੇਟ ਹੋਣ ਤੋਂ ਬਚਾਅ ਲਿਆ ਗਿਆ।

ਜ਼ੀਰਾ ਥਾਣੇ ਦੇ ਐਸ.ਐਚ.ਓ. ਦਵਿੰਦਰ ਪ੍ਰਕਾਸ਼ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਬਾਅਦ ਵਿੱਚ ਐਸਡੀਐਮ ਜ਼ੀਰਾ, ਡੀਐਸਪੀ ਜ਼ੀਰਾ, ਹਲਕਾ ਵਿਧਾਇਕ ਜਥੇਦਾਰ ਹਰੀ ਸਿੰਘ ਜ਼ੀਰਾ, ਚੇਅਰਮੈਨ ਕਾਰਜ ਸਿੰਘ ਆਹਲਾਂ ਸੱਤਪਾਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਵੀ ਪਹੁੰਚ ਗਏ।

ਇਸ ਘਟਨਾ ਬਾਰੇ ਇਲਾਕੇ ਵਿੱਚ ਪਤਾ ਲੱਗਿਆ ਏਕ ਨੂਰ ਖ਼ਾਲਸਾ ਫੌਜ ਦੇ ਬਾਬਾ ਦਿਲਬਾਗ ਸਿੰਘ ਤੇ ਲਖਵੀਰ ਸਿੰਘ ਮਹਾਲਮ ਸਿੰਘਾਂ ਸਮੇਤ ਅਤੇ ਦਮਦਮੀ ਟਕਸਾਲ ਦੇ ਬਾਬਾ ਭੁਪਿੰਦਰ ਸਿੰਘ ਸੱਧਰਵਾਲੇ ਅਤੇ ਫੈਡਰੇਸ਼ਨ ਦੇ ਨੁਮਾਇੰਦੇ ਵੀ ਪਹੁੰਚ ਗਏ। ਉਹ ਮੰਗ ਕਰਨ ਲੱਗੇ ਕਿ ਅੱਗ ਲੱਗਣ ਦਾ ਕਾਰਨ ਦੱਸਿਆ ਜਾਵੇ। ਏਨੇ ਵਿੱਚ ਡੀਆਈਜੀ, ਡੀਸੀ ਅਤੇ ਐਸਐਸਪੀ ਮਨਮਿੰਦਰ ਸਿੰਘ ਵੀ ਪਹੁੰਚ ਗਏ। ਉਨ੍ਹਾਂ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੰਭਾਲ ਕੇ ਗੋਇੰਦਵਾਲ ਸਾਹਿਬ ਪਹੁੰਚਾਉਣ ਲਈ ਕਿਹਾ। ਇਸ ’ਤੇ ਸਭ ਦੀ ਸਹਿਮਤੀ ਹੋ ਗਈ ਅਤੇ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version