Site icon Sikh Siyasat News

ਵਾਸ਼ਿੰਗਟਨ ਡੀ.ਸੀ ਦੇ ‘ਸਿੱਖ ਅਜ਼ਾਦੀ ਮਾਰਚ’ ਵਿੱਚ ਹਜ਼ਾਰਾਂ ਸਿੱਖਾਂ ਨੇ ਕੀਤੀ ਸ਼ਮੂਲੀਅਤ


ਸਮੁੱਚੀ ਫਿਜ਼ਾ ਵਿੱਚ ਘੁੱਲੀ ਖਾਲਿਸਤਾਨ ਦੀ ਮਹਿਕ


ਵਾਸ਼ਿੰਗਟਨ (ਡੀ.ਸੀ): ਯੂ.ਐਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਜਿਸ ਵਿੱਚ ਈਸਟ ਕੋਸਟ ਅਮਰੀਕਾ ਦੀਆਂ 45 ਦੇ ਕਰੀਬ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਸ਼ਾਮਲ ਹਨ, ਵੱਲੋਂ ਖਾਲਸਾ ਸਾਜਣਾ ਦਿਵਸ, ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਅਤੇ ਸਿੱਖ ਕੌਮ ਦੀ ਅਜ਼ਾਦੀ ਨੂੰ ਮੁੱਖ ਰੱਖਦਿਆਂ ‘ਫ੍ਰੀਡਮ ਮਾਰਚ ਫੌਰ ਸਿੱਖ ਨੇਸ਼ਨ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰੀਕਾ ਦੇ ਈਸਟ ਕੋਸਟ ਦੇ ਗੁਰਦੁਆਰਾ ਸਹਿਬਾਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਵੱਖ-ਵੱਖ ਪੰਥਕ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

ਅਜ਼ਾਦੀ ਮਾਰਚ ਵਿੱਚ ਸ਼ਾਮਲ ਸੰਗਤਾਂ

ਇਸ ਮਾਰਚ ਦੀ ਸ਼ੁਰੂਆਤ ਇੱਥੇ ਸਥਿਤ ਲਿੰਕਨ ਮੈਮੋਰੀਅਲ ਤੋਂ ਹੋਈ।  ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੈਪਿਟਲ ਹਿੱਲ ਤੱਕ ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ ਵਿੱਚ ਮਾਰਚ ਕੀਤਾ। ਕੈਪਿਟਲ ਹਿੱਲ ਦੇ ਸਾਹਮਣੇ ਵਿਸ਼ੇਸ਼ ਤੌਰ ਤੇ ਸਟੇਜ ਦਾ ਪ੍ਰਬੰਧ ਕੀਤਾ ਗਿਆ ਸੀ।

ਸਟੇਜ ਦੀ ਕਾਰਵਾਈ ਦੀ ਸ਼ੁਰੂਆਤ ਅਮਰੀਕਾ ਦੇ ਰਾਸ਼ਟਰੀ ਗੀਤ ਅਤੇ ‘ਦੇਹ ਸ਼ਿਵਾ ਬਰ ਮੋਹਿ…’ ਦੇ ਸ਼ਬਦ ਨਾਲ ਕੀਤੀ ਗਈ। ਨਵੰਬਰ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਸਿੱਖ ਕੋਅਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ.ਹਿੰਮਤ ਸਿੰਘ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਇਸ ਸੁਨੇਹੇ ਵਿੱਚ ਸਿੱਖ ਸੰਗਤਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕਮੁਠ ਹੋ ਕੇ ਕੌਮੀ ਅਜ਼ਾਦੀ ਦੀ ਡਗਰ ਤੇ ਚੱਲਣ ਦਾ ਸੁਨੇਹਾ ਦਿੱਤਾ ਗਿਆ।

ਸਿੱਖ ਵਿਦਿਆਰਥਣ ਅਵਿਨਾਸ਼ ਕੌਰ ਵੱਲੋਂ ਪ੍ਰਭਾਵਸ਼ਾਲੀ ਤਕਰੀਰ ਕੀਤੀ ਗਈ। ਸਿੱਖ ਸੰਗਤਾਂ ਨੂੰ ਮੈਰੀਲੈਂਡ ਦੇ ਕਾਂਗਰਸਮੈਨ ਕਰੌਲੀ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਪੈਨਸਲਵੇਨੀਆ ਤੋਂ ਕਾਂਗਰਸਮੈਨ ਪੀਟ ਮੀਹਾਨ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਇਸ ਮਾਰਚ ਦੇ ਮੁੱਖ ਬੁਲਾਰਿਆਂ ਵਿੱਚ ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਐਮ.ਪੀ.ਪੀ ਜਗਮੀਤ ਸਿੰਘ, ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਲਕ ਡਾ.ਅਮਰਜੀਤ ਸਿੰਘ, ਅਕਾਲੀ ਦਲ (ਅ) ਦੇ ਕੈਨੇਡਾ ਈਸਟ ਕੋਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ, ਸਿੱਖਸ ਫਾਰ ਜਸਟਿਸ ਦੇ ਬੁਲਾਰੇ ਜਤਿੰਦਰ ਸਿੰਘ ਟਰਾਂਟੋ, ਵਾਇਸਿਸ ਫਾਰ ਫ੍ਰੀਡਮ ਤੋਂ ਜਸਪ੍ਰੀਤ ਕੌਰ, ਗੁਰਦੁਆਰਾ ਸੰਤ ਸਾਗਰ ਤੋਂ ਬਾਬਾ ਸੱਜਣ ਸਿੰਘ, ਪੈਨਸਿਲਵੇਨੀਆ ਤੋਂ ਸਟੇਟ ਰਿਪ੍ਰਿਜ਼ੈਂਟੇਟਿਵ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਚੁਣੇ ਗਏ ਇੰਦਰਜੀਤ ਸਿੰਘ ਬੈਂਸ, ਸਿੱਖ ਯੂਥ ਆਫ ਅਮਰੀਕਾ ਤੋਂ ਗੁਰਮੀਤ ਸਿੰਘ ਰਾਣਾ ਅਤੇ ਜਸਬੀਰ ਸਿੰਘ ਸ਼ਾਮਲ ਸ਼ਨ।

ਅਜ਼ਾਦੀ ਮਾਰਚ ਵਿੱਚ ਸ਼ਾਮਲ ਸੰਗਤਾਂ ਦੀ ਇੱਕ ਹੋਰ ਤਸਵੀਰ

ਸੰਗਤ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਨਾਂ ਵੱਲੋਂ ਦਿਖਾਏ ਰਸਤੇ ਤੇ ਚੱਲਦਿਆਂ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ਸਗੋਂ ਆਪਣੇ ਹੱਕਾਂ ਲਈ ਇਸ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਡਾ.ਅਮਰਜੀਤ ਸਿੰਘ ਨੇ ਕਿਹਾ ਕਿ,”ਅੱਜ ਸਾਨੂੰ ਖਾਲਸਾ ਪੰਥ ਦੇ ਸਾਜਣਾ ਦਿਵਸ ਮੌਕੇ ਖਾਲਿਸਤਾਨ ਦਾ ਪ੍ਰਣ ਦਹੁਰਾਉਣ ਦੀ ਲੋੜ ਹੈ।

1699 ਤੋਂ ਹੁਣ ਤੱਕ ਖਾਲਸਾ ਪੰਥ ਨੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਪਰ ਕਦੇ ਵੀ ਆਪਣੀ ਮੰਜ਼ਿਲ ‘ਅਜ਼ਾਦੀ’ ਤੋਂ ਪੈਰ ਪਛਾਂਹ ਨਹੀਂ ਖਿੱਚੇ। 1978 ਤੋਂ ਲੈ ਕੇ ਹੁਣ ਤੱਕ ਸ਼ਹੀਦ ਹੋਏ ਡੇਢ ਲੱਖ ਸਿੰਘਾਂ ਸਿੰਘਣੀਆਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਅੱਜ ਕੌਮ ਨੂੰ ਇਕੱਠਿਆਂ ਹੋ ਕੇ ਖਾਲਿਸਤਾਨ ਦੇ ਸੰਘਰਸ਼ ਦੀ ਧਾਰ ਤਿੱਖੀ ਕਰਨ ਦੀ ਲੋੜ ਹੈ ਤਾਂ ਜੋ ਕੌਮ ਨੂੰ ਖੋਰਾ ਲਾ ਰਹੀਆਂ ਬ੍ਰਾਹਮਣਵਾਦੀ ਤਾਕਤਾਂ ਦੇ ਮਨਸੂਬਿਆਂ ਨੂੰ ਠੱਲ ਪਾਈ ਜਾ ਸਕੇ”।

ਸਿੱਖ ਸੰਗਤਾਂ ਵੱਲੋਂ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ 5 ਮਤੇ ਪਾਸ ਕੀਤੇ ਗਏ। ਇਹਨ੍ਹਾਂ ਮਤਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਮੌਜੂਦਾ ਸਰਕਾਰ ਨੂੰ ਦੋਸ਼ੀ ਮੰਨਿਆ ਗਿਆ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਵਚਨਬੱਧਤਾ ਪ੍ਰਗਟਾਈ ਗਈ। ਨਾਲ ਹੀ ਅਮਰੀਕਨ ਸਿਸਟਮ ਵਿੱਚ ਸਿੱਖ ਪ੍ਰਭਾਵ ਸਥਾਪਤ ਕਰਨ ਲਈ ਉਪਰਾਲੇ ਕਰਨ ਤੇ ਜ਼ੋਰ ਦਿਤਾ ਗਿਆ। ਐ.ਜੀ.ਪੀ.ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਜ਼ਾਦ ਕਰਾਉਣ ਅਤੇ ਜਥੇਦਾਰ ਹਵਾਰਾ ਦੇ ਕੌਮੀ ਇੱਕਜੁਟਤਾ ਦੇ ਸੰਦੇਸ਼ ਨੂੰ ਲਾਗੂ ਕਰਨ ਲਈ ਕੰਮ ਕਰਨ ਦਾ ਪ੍ਰਣ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version