Site icon Sikh Siyasat News

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਮਨਾਉਣ ਲਈ ਸਿੱਖ ਸੰਗਤ ਨੂੰ ਪਾਕਿਸਤਾਨ ਜਾਣ ਲਈ ਵੀਜ਼ੇ ਮਿਲੇ

ਲਾਹੌਰ: ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ‘ਇਵੈਕਿਉ ਟਰੱਸਟ ਪ੍ਰਾਪਰਟੀ ਬੋਰਡ’ (ETPB) ਦੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਪੰਜਾਬ ਤੋਂ ਸਿੱਖ ਸੰਗਤ ਦਾ ਜਥਾ 8 ਜੂਨ ਨੂੰ ਪਾਕਿਸਤਾਨ ਪਹੁੰਚੇਗਾ। ਸਿੱਖ ਜਥਾ ਵਾਹਘਾ ਸਰਹੱਦ ਰਾਹੀਂ ਸਪੈਸ਼ਲ ਰੇਲ ਦੇ ਜ਼ਰੀਏ ਹਸਨ ਅਬਦਾਲ ਪਹੁੰਚੇਗਾ। ਟਰੱਸਟ ਦੇ ਸਕੱਤਰ ਇਮਰਾਨ ਗੌਂਦਲ ਨੇ ਦੱਸਿਆ ਕਿ ਇਸ ਜਥੇ ਵਿੱਚ ਚੜ੍ਹਦੇ ਪੰਜਾਬ ਅਤੇ ਵਿਦੇਸ਼ਾਂ ਤੋਂ 3000 ਸਿੱਖ ਸੰਗਤ ਪਹੁੰਚੇਗੀ ਅਤੇ 16 ਜੂਨ ਨੂੰ (ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ) ਗੁਰੂ ਸਾਹਿਬ ਦੇ ਸ਼ਹੀਦੀ ਅਸਥਾਨ ਡੇਹਰਾ ਸਾਹਿਬ, ਲਾਹੌਰ ਵਿਖੇ ਸ਼ਹੀਦੀ ਦਿਹਾੜਾ ਮਨਾਏਗੀ। ਯਾਤਰਾ ਦੌਰਾਨ ਸੰਗਤ 11 ਜੂਨ ਨੂੰ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ 13 ਜੂਨ ਨੂੰ ਗੁਰਦੁਆਰਾ ਸੱਚਾ ਸੌਦਾ ਫਾਰੁਕਾਬਾਦ ਦੇ ਦਰਸ਼ਨ ਵੀ ਕਰੇਗੀ।

ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ (ਪਾਕਿਸਤਾਨ)

16 ਜੂਨ ਨੂੰ ਸੰਗਤ ਡੇਹਰਾ ਸਾਹਿਬ ਵਿਖੇ ਸ਼ਹੀਦੀ ਸਮਾਗਮ ਮਨਾਉਣ ਉਪਰੰਤ 17 ਜੂਨ ਨੂੰ ਵਾਪਸ ਭਾਰਤ ਪਰਤ ਜਾਵੇਗੀ। ਟਰੱਸਟ ਮੁਤਾਬਕ ਸੰਗਤ ਦੀ ਸਹੂਲਤ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਜਦਕਿ ਪੰਜਾਬ ਵਿਚ 2010 ‘ਚ ਬਦਲੇ ਕੈਲੰਡਰ ਮੁਤਾਬਕ 29 ਮਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ। ਪਰ ਪਾਕਿਸਤਾਨ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ ਹੀ ਸਾਰੇ ਪੁਰਬ ਮਨਾਉਂਦੀ ਹੈ ਇਸ ਕਰਕੇ ਸਿੱਖ ਸੰਗਤ ਨੂੰ ਵੀਜ਼ਾ ਵੀ 16 ਜੂਨ ਦੇ ਸਮਾਗਮਾਂ ਮੌਕੇ ਹੀ ਦਿੱਤਾ ਗਿਆ ਹੈ।

ਸਬੰਧਤ ਖ਼ਬਰ:

ਕੈਲੰਡਰ: ਸ਼੍ਰੋਮਣੀ ਕਮੇਟੀ ਨਹੀਂ ਭੇਜੇਗੀ ਜੱਥਾ, ਪਾਕਿਸਤਾਨ ‘ਚ 16 ਜੂਨ ਨੂੰ ਮਨਾਇਆ ਜਾਏਗਾ ਸ਼ਹੀਦੀ ਦਿਹਾੜਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version