Site icon Sikh Siyasat News

ਸਿਖਸ ਫਾਰ ਜਸਟਿਸ ਵੱਲੋਂ ਹੋਂਦ ਕਤਲੇਆਮ ਵਾਲੀ ਥਾਂ ਨੂੰ ਸੰਭਾਲਣ ਲਈ ਯਨੈਸਕੋ ਨੂੰ ਮੰਗ ਪੱਤਰ ਦਿਤਾ ਗਿਆ

ਚੰਡੀਗੜ੍ਹ (10 ਮਾਰਚ 2011): ਹਰਿਆਣਾ ਦੇ ਜਿਲਾ ਰਿਵਾੜੀ ਵਿਚ ਸਥਿਤ ਪਿੰਡ ਹੋਂਦ-ਚਿੱਲੜ, ਜੋ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਮੇਂ ਵਾਪਰੇ ਹੋਂਦ ਕਤਲੇਆਮ ਵਿਚ ਤਬਾਹ ਕਰ ਦਿਤਾ ਗਿਆ ਸੀ, ਦੀਆਂ ਖੰਡਰ ਬਣ ਚੁੱਕੀਆਂ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਲਈ ਸਿਖਸ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਤੱਕ ਪਹੁੱਚ ਕੀਤੀ ਹੈ। ਯੂਨੈਸਕੋ ਵੱਲੋਂ ਦੁਨੀਆਂ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਸਿਖਸ ਫਾਰ ਜਸਟਿਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਿ ਮਨੁੱਖੀ ਦੁਖਾਂਤ ਦੀ ਇਸ ਯਾਦਗਾਰ ਨੂੰ ਵੀ ਤਬਾਹ ਕਰ ਦਿੱਤਾ ਜਾਵੇ ਇਸਦੀ ਸਾਂਭ ਸੰਭਾਲ ਕੀਤੀ ਜਾਣੀ ਚਾਹੀਦੀ ਹੈ।

ਨਵੰਬਰ 1984 ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਪਰ ਇਸ ਦੀਆਂ ਨਿਸ਼ਾਨੀਆਂ ਬੜੀ ਸਫਾਈ ਨਾਲ ਮਿਟਾਈਆਂ ਜਾ ਚੁੱਕੀਆਂ ਹਨ।

ਨਿਊਯਾਰਕ ਤੋਂ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਜਾਣਕਾਰੀ ਦਿਤੀ ਹੈ ਕਿ ਇਸ ਸੰਬਧ ਵਿਚ ਯੂਨੇਸਕੋ ਦੀ ਡਾਇਰੈਕਟਰ ਜਨਰਲ ਇਰੀਨਾ ਬੋਕੋਵਾ ਨੂੰ ਇਕ ਮੰਗ ਪੱਤਰ ਦੇਕੇ ਬੇਨਤੀ ਕੀਤੀ ਗਈ ਹੈ ਕਿ ਹੋਂਦ ਚਿੱਲੜ ਦੀਆਂ ਖੰਡਹਰ ਇਮਾਰਤਾਂ ਨੂੰ ਸਾਂਭ ਸੰਭਾਲ ਕੀਤੀ ਜਾਵੇ।

ਅਚਾਰਨੀ ਪੰਨੂ ਅਨੁਸਾਰ ਹੋਂਦ ਚਿੱਲੜ ਪਿੰਡ ਦੀਆਂ ਯਾਦਾਂ ਦੀ ਸਾਂਭ ਸੰਭਾਲ ਕਰਨ ਦੀ ਜ਼ਿੰਮੇਵਾਰੀ ਕੇਵਲ ਯੂਨੈਸਕੋ ਦੀ ਹੀ ਨਹੀਂ ਸਗੋਂ 14 ਨਵੰਬਰ 1977 ਨੂੰ ਭਾਰਤ ਵਲੋਂ ਦਸਤਖਤ ਕੀਤੀ ਕਨਵੈਨਸ਼ਨ ਦੇ ਅਨੁਸਾਰ ਭਾਰਤ ਵੀ ਅਜਿਹੀਆਂ ਥਾਵਾਂ ਦੀ ਸਾਂਭ ਸੰਭਾਲ ਕਰਨ ਲਈ ਤੇ ਯੂਨੈਸਕੋ ਨੂੰ ਇਸ ਦੀ ਸਾਂਭ ਕਰਨ ਦੀ ਇਜਾਜਤ ਦੇਣ ਲਈ ਪਾਬੰਦ ਹੈ।

ਸਿਖਸ ਫਾਰ ਜਸਟਿਸ ਨੇ ਯੂਰਪ ਤੇ ਉੱਤਰੀ ਅਮਰੀਕਾ ਤੋਂ ਮਾਹਿਰ ਪੁਰਾਤਤਵ ਵਿਗਿਆਨੀਆਂ, ਜਿਨਾਂ ਨੇ ਯਹੂਦੀਆਂ ਦੇ ਕਤਲੇਆਮ ਤੇ ਅਰਮੀਨੀ ਲੋਕਾਂ ਦੀ ਨਸਲਕੁਸ਼ੀ ਵਾਲੀਆਂ ਥਾਵਾਂ ’ਤੇ ਕੰਮ ਕੀਤਾ ਹੈ, ਨੂੰ ਸੱਦਾ ਦਿੱਤਾ ਹੈ ਤਾਂ ਜੋ ਹੋਂਦ ਚਿੱਲੜ ਨਸਲਕੁਸ਼ੀ ਵਾਲੀ ਥਾਂ ਦੀ ਸਾਂਭ ਸੰਭਾਲ ਲਈ ਉਨ੍ਹਾਂ ਦੀ ਯੋਗ ਸਲਾਹ ਲਈ ਜਾ ਸਕੇ। ਇਸ ਕੰਮ ਲਈ ਸਿਖਸ ਫਾਰ ਜਸਟਿਸ ਕੈਨੇਡਾ ਦੇ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਸਿਖਸ ਫਾਰ ਜਸਟਿਸ ਦੀ ਬੇਨਤੀ ’ਤੇ ਹੋਂਦ ਚਿੱਲੜ ਦਾ ਦੌਰਾ ਕਰਨ ਵਾਲੀ ਵਿਦੇਸ਼ ਪੁਰਾਤਤਵ ਵਿਗਿਆਨੀ ਦੀ ਟੀਮ ਦਾ ਸਾਥ ਦੇਣਗੇ ਤੇ ਖੰਡਹਰ ਇਮਾਰਤਾਂ ਦੀ ਸਾਂਭ ਸੰਭਾਲ ਵਾਸਤੇ ਉਚਿਤ ਸਲਾਹ ਦੇਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version