Site icon Sikh Siyasat News

ਸਿੱਖੀ ਅਤੇ ਵਿਰਸੇ ਨਾਲ ਜੋੜਨ ਲਈ ਆਸਟਰੇਲੀਆ ਵਿੱਚ ਵਿਸ਼ੇਸ਼ ਉਪਰਾਲਾ

ਸਿਡਨੀ (ਗੁਰਚਰਨ ਸਿੰਘ ਕਾਹਲੋਂ): ਸਿੱਖ ਯੂਥ, ਆਸਟਰੇਲੀਆ ਵੱਲੋਂ ਪਰਵਾਸੀ ਪੰਜਾਬੀ ਬੱਚਿਆਂ ਨੂੰ ਗੁਰਸਿੱਖੀ ਅਤੇ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਸਾਲਾਨਾ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ।

ਕੈਂਪ ਵਿੱਚ ਆਸਟਰੇਲੀਆ ਤੋਂ ਇਲਾਵਾ ਭਾਰਤ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਲੰਡਨ , ਕੈਨੇਡਾ ਅਤੇ ਹੋਰ ਮੁਲਕਾਂ ਦੇ ਕਰੀਬ 350 ਬੱਚੇ ਭਾਗ ਲੈ ਰਹੇ ਹਨ। ਕੈਂਪ ਦਾ ਉਦਘਾਟਨ ਨਿਊ ਸਾਊਥ ਵੇਲਜ਼ ਦੇ ਮਲਟੀਕਲਚਰਲ ਵਿਭਾਗ ਦੇ ਮੰਤਰੀ ਜੌਹਨ ਅਜਾਕਾ ਨੇ ਕੀਤਾ। ਕੁਝ ਬੱਚਿਆਂ ਦੇ ਵਾਰਸ ਵੀ ਕੈਂਪ ਵਿਚਲੀਆਂ ਗਤੀਵਿਧੀਆਂ ’ਚ ਭਾਗ ਲੈ ਰਹੇ ਹਨ। ਬੱਚਿਆਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਗੁਰਬਾਣੀ, ਕਥਾ-ਕੀਰਤਨ, ਸਿੱਖ ਇਤਿਹਾਸ, ਖੇਡਾਂ, ਸਭਿਆਚਾਰ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਸਿਡਨੀ ਵਿੱਚ ਲੱਗੇ ਕੈਂਪ ਦੌਰਾਨ ਬੱਚੇ ਕਥਾ-ਕੀਰਤਨ ਕਰਦੇ ਹੋਏ

ਸਿਡਨੀ ਵਿੱਚ ਲੱਗੇ ਕੈਂਪ ਦੌਰਾਨ ਬੱਚੇ ਕਥਾ-ਕੀਰਤਨ ਕਰਦੇ ਹੋਏ

ਸੰਸਥਾ ਦੇ ਕਨਵੀਨਰ ਸਤਵੰਤ ਸਿੰਘ ਨੇ ਦੱਸਿਆ ਕਿ ਸਵੇਰੇ-ਸ਼ਾਮ ਦਾ ਪਾਠ ਬੱਚਿਆਂ ਪਾਸੋਂ ਕਰਵਾਇਆ ਜਾਂਦਾ ਹੈ। ਜਿਹੜੇ ਬੱਚੇ ਸਿੱਖੀ ਪ੍ਰੰਪਰਾਵਾਂ ਨਾਲ ਜੁੜਨ ਦੇ ਇਛੁੱਕ ਹੁੰਦੇ ਹਨ, ਉਨ੍ਹਾਂ ਨੂੰ ਅੰਮ੍ਰਿਤ ਵੀ ਛਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਸਭਿਆਚਾਰ ਪਰਵਾਸੀ ਬੱਚਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਬੱਚਿਆਂ ਨੂੰ ਪੰਜਾਬੀ ਪਿਛੋਕੜ, ਭਾਸ਼ਾ ਅਤੇ ਪਰਿਵਾਰਕ ਸਾਂਝ ਨਾਲ ਜੋੜਨ ਲਈ ਸੰਸਥਾ ਨਿਸ਼ਕਾਮ ਸੇਵਾ ਕਰ ਰਹੀ ਹੈ। ਕੈਂਪ ’ਚ ਭਾਈ ਦਇਆ ਸਿੰਘ ਮੈਲਬਰਨ, ਪ੍ਰੋ. ਜਸਵੰਤ ਸਿੰਘ ਪਟਿਆਲਾ, ਗਿਆਨੀ ਸੁਖਦੇਵ ਸਿੰਘ ਮਲੇਸ਼ੀਆ, ਮਨਪ੍ਰੀਤ ਸਿੰਘ ਯੂਕੇ, ਹਰਮੋਹਨ ਸਿੰਘ ਵਾਲੀਆ, ਰਣਜੀਤ ਸਿੰਘ ਖੇੜਾ, ਮਨਜਿੰਦਰ ਸਿੰਘ ਵੀ ਪਹੁੰਚੇ ਹੋਏ ਹਨ।

(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version