ਚੰਡੀਗੜ੍ਹ: ਪੰਜਾਬ ’ਚ ਹੋਈਆ ਬੇਅਦਬੀ ਦੀਆਂ ਘਟਨਾਵਾਂ ਲਈ ਸੁਖਬੀਰ ਸਿੰਘ ਬਾਦਲ ਵੱਲੋਂ ‘ਝੂਠ’ ਅਤੇ ‘ਗੁੰਮਰਾਹਕੁੰਨ’ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਨ੍ਹਾਂ ਨੂੰ ਕਮਿਸ਼ਨ ਕੋਲ ਪੇਸ਼ ਹੋਣ ਦਾ ਇਕ ਹੋਰ ਮੌਕਾ ਦਿੱਤਾ ਹੈ।
ਸੁਖਬੀਰ ਬਾਦਲ ਨੂੰ ਭੇਜੇ ਪੱਤਰ ’ਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ (ਸੁਖਬੀਰ ਬਾਦਲ) ਵੱਲੋਂ ਭੇਜੇ ਗਏ ਪਹਿਲੇ ਪੱਤਰ ਦੇ ਸਾਰ ਤੋਂ ਜਾਪਦਾ ਹੈ ਕਿ ਉਹ ਗੂੜ੍ਹੀ ਸਾਜ਼ਿਸ਼ ਤੋਂ ਜਾਣੂ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਹੁਣ 16 ਮਾਰਚ ਤਕ ਜਵਾਬ ਦੇਣ ਦਾ ਸਮਾਂ ਦਿੱਤਾ ਹੈ।
ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਕਮਿਸ਼ਨ ਮੂਹਰੇ ਪੇਸ਼ ਹੋ ਕੇ ਇਸ ਬਾਰੇ ਦੱਸਣ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਮੰਗ ਪੱਤਰ ’ਚ ਸੁਖਬੀਰ ਸਿੰਘ ਬਾਦਲ ਨੇ ਜ਼ਿਕਰ ਕੀਤਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੂੰਘੀ ਸਾਜ਼ਿਸ਼ ਹੈ।
ਮੰਗ ਪੱਤਰ ’ਚ ਆਖੀਆਂ ਗੱਲਾਂ ਦਾ ਨੋਟਿਸ ਲੈਂਦਿਆਂ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਸਿੰਘ ਨੂੰ ਹਲਫ਼ਨਾਮੇ ਸਮੇਤ ਪੇਸ਼ ਹੋਣ ਜਾਂ ਡਾਕ ਰਾਹੀਂ ਜਾਣਕਾਰੀ ਦੇਣ ਲਈ ਕਿਹਾ ਸੀ।