Site icon Sikh Siyasat News

1984 ਦੇ ਕਤਲੇਆਮਾਂ ਖਿਲਾਫ ਕੈਨੇਡਾ ਤੋਂ ਉਠਦੀਆਂ ਆਵਾਜ਼ਾਂ ਕੈਪਟਨ ਨੂੰ ਡਰਾ ਰਹੀਆਂ ਹਨ: ਖਾਲੜਾ ਮਿਸ਼ਨ

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਨਸਲਕੁਸ਼ੀ ਖਿਲਾਫ ਕੈਨੇਡਾ ਦੀ ਧਰਤੀ ਤੋਂ ਉੱਠ ਰਹੀ ਆਵਾਜ਼ ਤੋਂ ਭੈਅ-ਭੀਤ ਹੋ ਕੇ ਕੈਨੇਡਾ ਦੇ ਰੱਖਿਆ ਮੰਤਰੀ ਖਿਲਾਫ ਊਟ-ਪਟਾਂਗ ਬਿਆਨਬਾਜ਼ੀ ਕਰ ਰਹੇ ਹਨ। ਖਾਲੜਾ ਮਿਸ਼ਨ ਦੇ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਮੀਤ ਪ੍ਰਧਾਨ ਵਿਰਸਾ ਬਹਿਲਾਂ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ ਸਮੇਂ ਅਸਤੀਫਾ ਦੇਣ ਦੀ ਡਰਾਮੇਬਾਜ਼ੀ ਕਰਕੇ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਲਗਾਤਾਰ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲਾ ਕਰਨ ਵਾਲੀ ਅਤੇ ਪੰਜਾਬ ਅੰਦਰ ਹਜ਼ਾਰਾਂ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਨ ਵਾਲੀ ਅਤੇ ਦਿੱਲੀ ਅੰਦਰ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਕਾਂਗਰਸ ਨੂੰ ਸਹੀ ਠਹਿਰਾ ਰਿਹਾ ਹੈ।

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਰਾਜੀਵ ਗਾਂਧੀ ਦੇ ਘਰ ਜਾਣਾ, ਕੇ.ਪੀ.ਐਸ. ਗਿੱਲ ਜੋ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦਾ ਮੁੱਖ ਦੋਸ਼ੀ ਹੈ ਨੂੰ ਕੈਪਟਨ ਵੱਲੋਂ ਗੁਲਦਸਤਾ ਭੇਂਟ ਕਰਨਾ, ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣਾ, ਖੂਬੀ ਰਾਮ ਨੂੰ ਸੁਰੱਖਿਆ ਇੰਚਾਰਜ ਬਣਾਉਣਾ ਸਾਬਿਤ ਕਰਦਾ ਹੈ ਕਿ ਕੈਪਟਨ ਸਿੱਖੀ ਭੇਸ ਵਿੱਚ ਦਿੱਲੀ ਦੀ ਕਠਪੁਤਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਕੈਪਟਨ ਨੂੰ ਡਰ ਸਤਾ ਰਿਹਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਦੇ ਦਰਬਾਰ ਸਾਹਿਬ ਦੇ ਦੌਰੇ ‘ਤੇ ਆਉਣ ਨਾਲ ਜੂਨ 1984 ਵਿਚ ਹੋਏ ਫੌਜੀ ਹਮਲੇ ਦਾ ਮਾਮਲਾ ਭਾਰਤ ਦੇ ਮੌਜੂਦਾ ਅਤੇ ਸਾਬਕਾ ਹਾਕਮਾਂ ਨੂੰ ਕਟਿਹਰੇ ਵਿੱਚ ਖੜਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਵਿਧਾਨ ਕਾਨੂੰਨ ਛਿੱਕੇ ਤੇ ਟੰਗ ਕੇ ਦਰਬਾਰ ਸਾਹਿਬ ‘ਤੇ ਕੀਤੇ ਫੌਜੀ ਹਮਲੇ ਦੀ ਕੋਈ ਨਿਰਪੱਖ ਪੜਤਾਲ ਨਹੀਂ ਹੋਈ ਅਤੇ ਨਾਂ ਕੋਈ ਦੋਸ਼ੀ ਕਟਿਹਰੇ ਵਿੱਚ ਖੜ੍ਹਾ ਹੋਇਆ।

ਕੈਪਟਨ ਅਮਰਿੰਦਰ ਸਿੰਘ, ਹਰਜੀਤ ਸਿੰਘ ਸੱਜਣ (ਫਾਈਲ ਫੋਟੋ)

ਆਗੂਆਂ ਨੇ ਕਿਹਾ ਕਿ ਰੱਖਿਆ ਮੰਤਰੀ ਨੂੰ ਕੈਪਟਨ ਅਮਰਿੰਦਰ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨੂੰ ਕਿਸੇ ਵੀ ਕੀਮਤ ਨਹੀਂ ਮਿਲਣਾ ਚਾਹੀਦਾ ਕਿਉਂਕਿ ਇਹ ਪ੍ਰਕਾਸ਼ ਸਿੰਘ ਬਾਦਲ ਹੀ ਸੀ ਜਿਸਨੇ 1997 ਵਿੱਚ ਦਰਬਾਰ ਸਾਹਿਬ ‘ਤੇ ਫੋਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਦਾ ਵਾਅਦਾ ਕਰਕੇ ਪੰਥ ਨਾਲ ਰਾਜਨੀਤਿਕ ਠੱਗੀ ਮਾਰ ਲਈ ਅਤੇ ਬਾਅਦ ਵਿੱਚ ਸਿੱਖਾਂ ਨੂੰ ਆਈ.ਐਸ.ਆਈ. ਦੇ ਏਜੰਟ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਫੌਜੀ ਹਮਲੇ ਦੇ ਸਭ ਨਿਸ਼ਾਨ ਮਿਟਾ ਦਿੱਤੇ ਜਦੋਂ ਕਿ ਜੱਲ੍ਹਿਆਂਵਾਲਾ ਬਾਗ ਗੋਲੀ ਕਾਂਡ ਦੇ ਨਿਸ਼ਾਨ ਅਜੇ ਤੱਕ ਸਾਂਭੇ ਹੋਏ ਹਨ। ਇਹ ਵੀ ਸੱਚ ਹੈ ਕਿ ਅੰਗਰੇਜਾਂ ਨੇ ਜੱਲ੍ਹਿਆਂਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਦੀ ਪੜਤਾਲ ਹੰਟਰ ਕਮਿਸ਼ਨ ਤੋਂ ਕਰਾ ਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਪਰ ਅਕਾਲ ਤਖ਼ਤ ਸਾਹਿਬ ‘ਤੇ 72 ਘੰਟੇ ਬੰਬਾਰੀ ਦੀ ਪੜਤਾਲ ਅਜੇ ਤੱਕ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਾਦਲ ਵਰਗੇ ਫੌਜੀ ਹਮਲੇ ਸਮੇਂ ਇੰਦਰਾ ਨੂੰ ਗੁਪਤ ਚਿੱਠੀਆਂ ਲਿਖਦੇ ਰਹੇ ਅਤੇ ਕੇ.ਪੀ.ਐਸ. ਗਿੱਲ ਨਾਲ ਗੁਪਤ ਮੁਲਾਕਾਤਾਂ ਕਰਦੇ ਰਹੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿੱਚ ਸਾਬਕਾ ਡੀਜੀਪੀ ਕੇ.ਪੀ.ਐਸ.ਗਿੱਲ ਨੂੰ ਗੁਲਦਸਤਾ ਭੇਟ ਕਰਦੇ ਹੋਏ

ਅੱਜ ਉਹ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤਾਂ ਦੀ ਆੜ ਵਿੱਚ ਆਪਣੇ ਕਾਲੇ ਕਾਰਨਾਮੇ ਛੁਪਾ ਰਹੇ ਹਨ। ਉਨ੍ਹਾਂ ਅਖੀਰ ਵਿੱਚ ਕਿਹਾ ਜੇਕਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਚੋਣਾਂ ਸਮੇਂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਨਿੰਦਿਆ ਕਰਕੇ ਪੜਤਾਲ ਕਰਾਉਣ ਦਾ ਵਾਇਦਾ ਕਰਦੀ ਤਾਂ ਕਾਂਗਰਸ ਪਾਰਟੀ ਰਾਜ ਭਾਗ ਦੀ ਮਾਲਕ ਨਹੀਂ ਸੀ ਬਣ ਸਕਦੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੇ ਹੱਕ ਵਿੱਚ ਖੜ੍ਹੇ ਹਨ ਅਤੇ ਇਹ ਦੋਵੇਂ ਸਿੱਖੀ ਭੇਸ ਵਿੱਚ ਦਿੱਲੀ ਦਰਬਾਰ ਦੀਆਂ ਕਠਪੁਤਲੀਆਂ ਹਨ। ਦੋਵੇਂ ਪੰਜਾਬ ਅੰਦਰ ਕਾਨੂੰਨ ਦਾ ਰਾਜ ਕਾਇਮ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ।

ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh bodies to honour Canadian defence minister Harjit Singh Sajjan …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version