Site icon Sikh Siyasat News

ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਮੰਗੀ ‘ਨਾਨਕ ਸ਼ਾਹ ਫਕੀਰ’ ਫਿਲਮ ਉੱਤੇ ਪੱਕੀ ਰੋਕ

ਚੰਡੀਗੜ: ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ਉੱਤੇ ਰੋਕ ਲਾਉਣ ਲਈ ਵਿਦੇਸ਼ਾਂ ਵਿੱਚਲੀਆ ਸਿੱਖ ਜਥੇਬੰਦੀਆਂ ਇੱਕਜੁਟ ਹੋ ਗਈਆਂ ਹਨ। ਉਨ੍ਹਾਂ ਭਾਰਤ ਸਰਕਾਰ ਤੇ ਫਿਲਮ ਸੈਂਸਰ ਬੋਰਡ ਤੋਂ ਫਿਲਮ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਿਆਂ ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਇੱਕ ਟੈਲੀ ਕਾਨਫਰੰਸਿੰਗ ਮੀਟਿੰਗ ਤੋਂ ਬਾਅਦ ਇਸ ਫਿਲਮ ਨੂੰ ਭਾਰਤ ਵਿੱਚ 13 ਅਪਰੈਲ ਨੂੰ ਰਿਲੀਜ਼ ਕੀਤੇ ਜਾਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਆਖਿਆ ਕਿ ਫਿਲਮ ਵਿੱਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਨੁੱਖੀ ਕਿਰਦਾਰ ਵਿੱਚ ਦਿਖਾਏ ਜਾਣ ਦੇ ਕਾਰਨ ਸਮੁੱਚੇ ਸਿੱਖ ਜਗਤ ਵਿਚ ਭਾਰੀ ਰੋਸ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ, ਹਰਜਿੰਦਰ ਸਿੰਘ ਅਤੇ ਏਜੀਪੀਸੀ ਦੇ ਪ੍ਰਧਾਨ ਜੇ ਐੱਸ ਹੋਠੀ ਤੇ ਕਨਵੀਨਰ ਡਾ. ਪ੍ਰਿਤਪਾਲ ਸਿੰਘ ਨੇ ਇਸ ਸਬੰਧੀ ਵੱਖ ਵੱਖ ਬਿਆਨਾਂ ਵਿੱਚ ਆਖਿਆ ਕਿ ਫਿਲਮ ਉੱਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਵਿਦੇਸ਼ੀ ਸਿੱਖ ਜਥੇਬੰਦੀਆਂ ਇਕਮੁੱਠ ਹਨ।ਉਨ੍ਹਾਂ ਆਖਿਆ ਕਿ ਫਿਲਮ ਦੇ ਨਿਰਦੇਸ਼ਕ ਨੇ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਕੇ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪੁਚਾਈ ਹੈ।ਉਨ੍ਹਾਂ ਨੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫਿਲਮ ਨੂੰ ਆਪੋ ਆਪਣੇ ਸਿਨੇਮਿਆਂ ਵਿੱਚ ਨਾ ਲਾਇਆ ਜਾਵੇ ਕਿਉਂਕਿ ਇਸ ਫਿਲਮ ਨੂੰ ਲੈ ਕੇ ਰੋਸ ਹੋ ਸਕਦਾ ਹੈ। ਸਿੱਖ ਆਗੂਆਂ ਨੇ ਇਹ ਵੀ ਆਖਿਆ ਕਿ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਦੀ ਇਸ ਕੁਰਹਿਤ ਨੂੰ ਸਿੱਖ ਕਦੇ ਮੁਆਫ਼ ਨਹੀਂ ਕਰਨਗੇ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਦੂਹਰੇ ਕਿਰਦਾਰ ਉੱਤੇ ਵੀ ਸਵਾਲੀਆ ਚਿੰਨ ਲਾਇਆ ਗਿਆ ਹੈ।

ਸ੍ਰੀ ਅਕਾਲ ਤਖ਼ਤ ਦੇ ਸੂਤਰਾਂ ਮੁਤਾਬਕ ਪੰਜ ਸਿੰਘ ਸਾਹਿਬਾਨ ਵੱਲੋਂ ਫਿਲਮ ਸਬੰਧੀ ਨਿਰਣਾ ਲੈ ਲਈ ਗਿਆਨੀ ਗੁਰਬਚਨ ਸਿੰਘ ਨੇ ਇਸ ਮਸਲੇ ਨੂੰ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ 12 ਅਪਰੈਲ ਨੂੰ ਸੱਦ ਲਈ ਹੈ।

ਦੁਜੇ ਪਾਸੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ ਨੇ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਨੂੰ ਸੁਪਰੀਮ ਕੋਰਟ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਲਈ ਸ਼੍ਰੋਮਣੀ ਕਮੇਟੀ ਦੀ ਸੱਤਾ ਧਿਰ ਨੂੰ ਦੋਸ਼ੀ ਠਹਿਰਾਇਆ ਹੈ। ਕਿਉਂਕਿ ਫ਼ਿਲਮ ਦਾ ਨਿਰਮਾਤਾ ਰਵਿੰਦਰ ਸਿੱਕਾ ਬਾਦਲ ਪਰਿਵਾਰ ਦਾ ਕਥਿਤ ਚਹੇਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਗੂਆਂ ਦੀ ਇਸੇ ਨਾਲਾਇਕੀ ਕਰਕੇ ਪੂਰੀ ਸਿੱਖ ਕੌਮ ਚਿੰਤਾ ਵਿੱਚ ਡੁੱਬੀ ਹੋਈ ਹੈ। ਟੌਹੜਾ ਨੇ ਇਸ ਫ਼ਿਲਮ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਉਲਟ ਕਰਾਰ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version