Site icon Sikh Siyasat News

ਸ੍ਰੀ ਅਕਾਲ ਤਖ਼ਤ ‘ਤੇ ਸੀਰੀਆ ਸਮੇਤ ਵਿਸ਼ਵ ਦੀ ਸੁਖ-ਸ਼ਾਂਤੀ ਲਈ ਅਰਦਾਸ

ਅੰਮ੍ਰਿਤਸਰ: ਸੀਰੀਆ ਸਮੇਤ ਪੂਰੇ ਵਿਸ਼ਵ ਦੀ ਸੁਖ-ਸ਼ਾਂਤੀ ਲਈ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋਏ ਇਸ ਅਰਦਾਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਮੌਜੂਦ ਸਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ ਅਤੇ ਇਸ ਤੋਂ ਪਹਿਲਾਂ ਸੰਗਤੀ ਰੂਪ ਵਿਚ ਮੂਲ ਮੰਤਰ, ਗੁਰ ਮੰਤਰ ਅਤੇ ਚੌਪਈ ਸਾਹਿਬ ਦੇ ਪਾਠ ਕੀਤੇ ਗਏ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਅਰਦਾਸ ਕਰਦੇ ਹੋਏ ਅਤੇ ਹਾਜ਼ਰ ਸੰਗਤ ਦੀ ਤਸਵੀਰ

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਹਮੇਸ਼ਾਂ ਸਰਬੱਤ ਦਾ ਭਲਾ ਮੰਗਦੇ ਹਨ ਅਤੇ ਸਿੱਖ ਫਲਸਫਾ ਵੀ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ।ਮੌਜੂਦਾ ਹਾਲਾਤਾਂ ਦੇ ਮੱਦੇਨਜਰ ਅੱਜ ਮਨੁੱਖਤਾ ਦੀ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ ਅਤੇ ਇਹ ਖ਼ਾਲਸਾ ਪੰਥ ਦੀ ਰਵਾਇਤ ਵੀ ਹੈ ਕਿ ਦੇਸ਼ ਦੁਨੀਆ ਵਿਚ ਜਦੋਂ ਵੀ ਕਿਧਰੇ ਕੋਈ ਅਜਿਹਾ ਅਣਮਨੁੱਖੀ ਵਰਤਾਰਾ ਵਰਤਦਾ ਹੈ ਤਾਂ ਸਿੱਖ ਕੌਮ ਸਰਬੱਤ ਦੇ ਭਲੇ ਲਈ ਅਰਦਾਸ ਕਰਦੀ ਹੈ।

ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੀਰੀਆ ਅੰਦਰ ਹੋ ਰਹੀ ਖਾਨਾਜੰਗੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਹਰ ਇੱਕ ਨੂੰ ਜੀਣ ਦਾ ਹੱਕ ਹੈ ਅਤੇ ਇਹ ਹੱਕ ਸੁਰੱਖਿਅਤ ਰਹਿਣਾ ਚਾਹੀਦਾ ਹੈ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਗਿਆਨੀ ਸਵਰਨ ਸਿੰਘ ਇੰਚਾਰਜ ਸਿੱਖ ਮਿਸ਼ਨ ਜੰਮੂ, ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version