Site icon Sikh Siyasat News

ਆਸਟਰੇਲੀਅਨ ਸਰਕਾਰ ਵਲੋਂ 457 ਵੀਜ਼ਾ ਬੰਦ: ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ ਕਾਮੇ

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਅਨ ਸਰਕਾਰ ਨੇ ਇੱਕ ਅਹਿਮ ਐਲਾਨ ਤਹਿਤ ਵੀਜ਼ਾ ਸ਼੍ਰੇਣੀ 457 ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਵੱਡੀ ਗਿਣਤੀ ‘ਚ ਪੰਜਾਬੀ ਅਤੇ ਹੋਰ ਮੂਲ ਦੇ ਇੱਛੁਕ ਕਾਮੇ ਸਿੱਧੇ ਤੌਰ ਉੱਤੇ ਪ੍ਰਭਾਵਿਤ ਹੋਣਗੇ।

ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਆਵਾਸ ਮੰਤਰੀ ਪੀਟਰ ਡਟਨ ਨੇ ਆਪਣੀ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਫ਼ੈਸਲੇ ਨੂੰ ਮੁਲਕ ਦੇ ਨਾਗਰਿਕਾਂ ਲਈ ਨੌਕਰੀਆਂ ਬਚਾਓਣ, ਆਵਾਸ ਪ੍ਰਣਾਲੀ ਨੂੰ ਵਜ਼ਨਦਾਰ ਬਣਾਓਣ ਅਤੇ ਰਾਸ਼ਟਰ ਹਿੱਤਾਂ ਲਈ ਚੁੱਕਿਆ ਕਦਮ ਦੱਸਿਆ ਹੈ।

ਪ੍ਰਧਾਨ ਮੰਤਰੀ ਨੇ ਅੱਜ ਦੇ ਐਲਾਨ ਮੌਕੇ ਕਿਹਾ ਕਿ ਨੌਕਰੀਆਂ ਲਈ ਪਹਿਲ ਆਸਟਰੇਲੀਆ ਦੇ ਨਾਗਰਿਕਾਂ ਨੂੰ ਮਿਲਣੀ ਚਾਹੀਦੀ ਹੈ ਅਤੇ ਨਵੇਂ ਬਦਲਾਅ ਇਸ ਨੁਕਤੇ ਨੂੰ ਯਕੀਨੀ ਬਣਾਓਣਗੇ।

ਕੈਨਬਰਾ ‘ਚ 457 ਵੀਜ਼ਾ ਬੰਦ ਕਰਨ ਦਾ ਐਲਾਨ ਕਰਨ ਮੌਕੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਆਵਾਸ ਮੰਤਰੀ ਪੀਟਰ ਡਟਨ

ਇਸ ਸਮੇਂ ਆਸਟਰੇਲੀਆ ‘ਚ ਇਸ ਵੀਜ਼ੇ ‘ਤੇ ਰਹਿ ਰਹੇ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਡੀ ਹੈ ਜਿਸ ਤੋਂ ਬਾਅਦ ਬਰਤਾਨਵੀ ਅਤੇ ਚੀਨੀ ਮੂਲ ਦੇ ਲੋਕ ਆਓਂਦੇ ਹਨ ਸਰਕਾਰ ਮੁਤਾਬਿਕ ਇਸ ਵੀਜ਼ੇ ‘ਤੇ ਪਹਿਲਾਂ ਤੋਂ ਰਹਿ ਰਹੇ ਕਾਮੇ ਪ੍ਰਭਾਵਿਤ ਨਹੀਂ ਹੋਣਗੇ ਅਤੇ ਉਨ੍ਹਾਂ ਉੱਤੇ ਪਹਿਲੀਆਂ ਸ਼ਰਤਾਂ ਹੀ ਲਾਗੂ ਰਹਿਣਗੀਆਂ। ਇਹ ਵੀਜ਼ਾ ਵਪਾਰਕ ਅਦਾਰਿਆਂ ਨੂੰ ਗੈਰ ਆਸਟਰੇਲਿਆਈ ਅਤੇ ਅਸਥਾਈ ਰਹਿ ਰਹੇ ਹੁਨਰਮੰਦ ਕਾਮੇ ਨੂੰ ਨੌਕਰੀ ਦੇਣ ਦੀ ਸਹੂਲਤ ਦਿੰਦਾ ਸੀ ਜਿਸ ਨਾਲ ਕਾਮੇ ਨੂੰ ਚਾਰ ਸਾਲ ਬਾਅਦ ਪੱਕੀ ਰਿਹਾਇਸ਼ (ਪੀ.ਆਰ) ਮਿਲ ਸਕਦੀ ਸੀ ਅਤੇ ਅਦਾਰੇ ਨੂੰ ਜ਼ਰੂਰੀ ਹੁਨਰ ਮਿਲ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਬੰਦ ਹੋਏ ਵੀਜ਼ੇ ਦੀ ਥਾਂ ਹੁਣ ਦੋ ਨਵੇਂ ਵੀਜ਼ੇ ਟੀ.ਐਸ.ਐਸ (ਟੈਂਪਰੇਰੀ ਸਕਿੱਲ ਸ਼ੌਰਟੇਜ਼) ਹੋਣਗੇ , ਜਿਨ੍ਹਾਂ ਦੀ ਮਿਆਦ 2 ਅਤੇ 4 ਸਾਲ ਦੀ ਹੋਵੇਗੀ ਮੁਲਕ ‘ਚ ਹੁਨਰਮੰਦਾ ਦੀ ਕਿੱਲਤ ਪੂਰੀ ਕਰਨ ਲਈ ਸ਼ੁਰੂ ਹੋਏ ਇਨ੍ਹਾਂ ਵੀਜ਼ਿਆਂ ਦੀਆਂ ਸ਼ਰਤਾਂ ਸਖ਼ਤ ਹੋਣਗੀਆਂ ਹੁਣ ਤੱਕ 650 ਵੱਖ ਵੱਖ ਕੰਮਾਂ ਦੀ ਲਿਸਟ ਤਹਿਤ ਵੀਜ਼ਾ ਲਿਆ ਜਾ ਸਕਦਾ ਸੀ ਪਰ ਹੁਣ ਸਰਕਾਰ ਨੇ ਇਹ ਸੂਚੀ ਘਟਾ ਕੇ 200 ਕਰ ਦਿੱਤੀ ਹੈ ਪਹਿਲੀ ਸ਼੍ਰੇਣੀ ‘ਚ 2 ਸਾਲ ਦੇ ਵੀਜ਼ੇ ਮਗਰੋਂ ਪੀ.ਆਰ ਨਹੀਂ ਦਿੱਤੀ ਜਾਵੇਗੀ ਅਤੇ ਦੂਜੀ ਸ਼੍ਰੇਣੀ ‘ਚ 4 ਸਾਲ ਦੇ ਵੀਜ਼ੇ ਲਈ ਅੰਗਰੇਜ਼ੀ ਜ਼ੁਬਾਨ ‘ਚ ਚੰਗੀ ਮੁਹਾਰਤ ਨਾਲ ਅਤਿ ਲੋੜੀਂਦੇ ਕਿੱਤੇ ‘ਚ ਵੀਜ਼ਾ ਮਿਲ ਸਕੇਗਾ ਇਸ ਸ਼੍ਰੇਣੀ ‘ਚ ਪੀ.ਆਰ ਲਈ ਸਖ਼ਤ ਸ਼ਰਤਾਂ ਲਾਗੂ ਹੋਣਗੀਆਂ ਜੋ 457 ਵੀਜ਼ੇ ‘ਚ ਹੁਣ ਤੱਕ ਨਹੀਂ ਸਨ ਉਪਰੋਕਤ ਦੋਹਾਂ ਸ਼੍ਰੇਣੀਆਂ ‘ਚ ਮੁੱਢਲਾ ਤਜ਼ਰਬਾ ਲੋੜੀਂਦਾ ਹੋਵੇਗਾ।

ਅਵਾਸ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਿਕ 95,575 ਲੋਕ 457 ਵੀਜ਼ੇ ਉੱਤੇ ਮੁਲਕ ‘ਚ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗਿਣਤੀ 76,430 ਹੈ 1996 ‘ਚ ਜੌਹਨ ਹਾਵਰਡ ਦੀ ਸਰਕਾਰ ਵਲੋਂ ਹੁਨਰਮੰਦਾਂ ਦੀ ਕਿੱਲਤ ਘਟਾਓਣ ਲਈ ਇਹ ਵੀਜ਼ਾ ਸ਼ੁਰੂ ਹੋਇਆ ਸੀ।

ਸਰਕਾਰ ਦੇ ਇਸ ਐਲਾਨ ਨਾਲ ਪੰਜਾਬੀ ਭਾਈਚਾਰੇ ਨਾਲ ਜੁੜੇ ਉਨ੍ਹਾਂ ਲੋਕਾਂ ਉੱਤੇ ਵੀ ਅਸਰ ਹੋਵੇਗਾ ਜੋ ਆਪਣੀ ਮਹਿੰਗੇ ਮੁੱਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ 457 ਵੀਜ਼ਾ ਲੈਣ ਦੇ ਇਛੁੱਕ ਸਨ ਜਿਸ ਮਗਰੋਂ ਇੱਥੇ ਪੱਕੇ ਹੋਣ ਦਾ ਰਾਹ ਪੱਧਰਾ ਹੋ ਜਾਂਦਾ ਸੀ ਇਸ ਦੇ ਨਾਲ ਹੀ ਕੰਮ ‘ਚ ਨਿਪੁੰਨ ਕਾਮੇ ਲੱਭਣ ਲਈ ਸਥਾਨਕ ਵਪਾਰਕ ਅਦਾਰਿਆਂ ਨੂੰ ਵੀ ਹੁਣ ਮਿਹਨਤ ਕਰਨੀ ਪਵੇਗੀ।

ਜਾਂਚ ਰਿਪੋਰਟਾਂ ਅਤੇ ਸਿਆਸੀ ਦਬਾਅ ਦੇ ਚਲਦਿਆਂ ਅੱਜ ਦੇ ਇਸ ਸਰਕਾਰੀ ਐਲਾਨ ਨਾਲ ਮੁਲਕ ਦੀ ਆਵਾਸ ਗਿਣਤੀ ਪ੍ਰਭਾਵਿਤ ਹੋਣ ਦੇ ਆਸਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version