Site icon Sikh Siyasat News

ਭਾਈ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਮੌਕੇ ਜਲੰਧਰ ਵਿੱਚ ਜੈਕਾਰੇ ਤੇ ਨਾਅਰੇ ਗੂੰਜੇ

ਭਾਈ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਦੀ ਪੁਰਾਣੀ ਤਸਵੀਰ

ਜਲੰਧਰ: ਬੀਤੇ ਕੱਲ੍ਹ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਨੂੰ ਮਾਡਲ ਜੇਲ੍ਹ ਬੁੜੈਲ ਤੋਂ ਜਲੰਧਰ ਦੀਆਂ ਕਚਹਿਰੀਆਂ ਵਿੱਚ ਇਕ ਮੁਕਦਮੇ ਦੀ ਪੇਸ਼ੀ ਲਈ ਲਿਆਂਦਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਕਰੜੇ ਪ੍ਰਬੰਧ ਕੀਤੇ ਗਏ ਸਨ ਤੇ ਕਚਿਹਰੀ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਵਾਲੇ ਤੈਨਾਤ ਸਨ।

ਜਦੋਂ ਭਾਈ ਤਾਰਾ ਨੂੰ ਪੁਲਿਸ ਵੱਲੋਂ ਜੇਲ੍ਹ ਦੀ ਗੱਡੀ ਵਿੱਚੋਂ ਲਾਹਿਆ ਗਿਆ ਤਾਂ ਮੌਕੇ ਤੇ ਮੌਜੂਦ ਸ਼੍ਰੋ.ਅ.ਦ.ਅ. (ਮਾਨ) ਦੇ ਕਾਰਕੁੰਨਾਂ ਤੇ ਆਗੂਆਂ ਨੇ ਜੈਕਾਰੇ ਛੱਡੇ ਅਤੇ ਭਾਈ ਤਾਰਾ ਤੇ ਸਿੱਖ ਸੰਘਰਸ਼ ਦੇ ਹੱਕ ਵਿੱਚ ਨਾਅਰੇ ਲਾਏ। ਉਹਨਾਂ ਇਹਨਾਂ ਜੈਕਾਰਿਆਂ ਤੇ ਨਾਅਰਿਆਂ ਨਾਲ ਭਾਈ ਤਾਰਾ ਨੂੰ ਆਪਣੀ ਹਿਮਾਇਤ ਦਾ ਇਜ਼ਹਾਰ ਕੀਤਾ ਪਰ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਹੀਂ ਕੀਤਾ। ਪੁਲਿਸ ਵੱਲੋਂ ਵੀ ਮੁਸ਼ਤੈਦੀ ਵਰਤਦਿਆਂ ਛੇਤੀ ਨਾਲ ਭਾਈ ਤਾਰਾ ਨੂੰ ਵਧੀਕ ਸੈਸ਼ਨ ਜੱਜ (ਜਲੰਧਰ)-1 ਦੀ ਅਦਾਲਤ ਵਿੱਚ ਲਿਜਾਇਆ ਗਿਆ।

ਭਾਈ ਜਗਤਾਰ ਸਿੰਘ ਤਾਰਾ ਜਲੰਧਰ ਵਿਖੇ ਪੇਸ਼ੀ ਮੌਕੇ (ਤਸਵੀਰ-ਅਜੀਤ)

ਭਾਈ ਤਾਰਾ ਨੂੰ ਐਫ.ਆਈ.ਆਰ. ਨੰ: 103/2009 ਠਾਣਾ ਭੋਗਪੁਰ ਨਾਲ ਸੰਬੰਧਤ ਮਾਮਲੇ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਇਹ ਮਾਮਲਾ ਅਸਲਾ ਕਾਨੂੰਨ ਦੀ ਧਾਰਾ 25 ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ) ਦੀ ਧਾਰਾ 17, 18 ਅਤੇ 20 ਤਹਿਤ ਦਰਜ਼ ਕੀਤਾ ਸੀ।

ਸਰਕਾਰ ਵੱਲੋਂ ਯੂ.ਏ.ਪੀ.ਏ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਚਲਾਉਣ ਲਈ ਲੋੜੀਂਦੀ ਮਨਜੂਰੀ ਨਾ ਆਈ ਹੋਣ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ। ਹੁਣ ਅਗਲੀ ਸੁਣਵਾਈ 16 ਨਵੰਬਰ ਨੂੰ ਹੋਵੇਗੀ।
ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਵਕੀਲ ਕੇ. ਐਸ. ਹੁੰਦਲ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version