Site icon Sikh Siyasat News

ਪੁਸਤਕ “ਗੁਰੂ ਨਾਨਕ ਦਾ ਧਰਮ ਯੁੱਧ” ‘ਤੇ ਵਿਚਾਰ ਗੋਸ਼ਟੀ

ਚੰਡੀਗੜ੍ਹ: ਕੇਂਦਰੀ ਸ੍ਰੀ ਗੁਰੁ ਸਿੰਘ ਸਭਾ ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ, ਚੰਡੀਗੜ੍ਹ ਵਿਖੇ ਪ੍ਰੋ. ਬਲਵਿੰਦਰਪਾਲ ਸਿੰਘ ਅਤੇ ਡਾ. ਗੁਰਵਿੰਦਰ ਸਿੰਘ ਵੈਨਕੂਵਰ ਵਾਲਿਆਂ ਦੁਆਰਾ ਸੰਪਾਦਤ ਪੁਸਤਕ “ਗੁਰੂ ਨਾਨਕ ਦਾ ਧਰਮ ਯੁੱਧ” ਉਤੇ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿਚ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਪੁਸਤਕ ਦੇ ਵੱਖ ਵੱਖ ਲੇਖਾਂ ਬਾਰੇ ਵਿਸਥਾਰਤ ਜਾਣਕਾਰੀ ਦਿਤੀ।

ਡਾ. ਢਿਲੋਂ ਨੇ ਦੱਸਿਆ ਕਿ ਵੱਖ-ਵੱਖ ਧਰਮਾਂ ਵਿਚ “ਧਰਮ-ਯੁੱਧ” ਸ਼ਬਦ ਦੇ ਅਰਥ ਹੋਲੀ ਵਾਰ  ਕੀਤੇ ਜਾਂਦੇ ਹਨ। ਸ. ਗੁਰਤੇਜ ਸਿੰਘ ਨੇ ਪ੍ਰੋਫੇਸਰ ਬਲਵਿੰਦਰਪਾਲ ਸਿੰਘ ਦੇ ਸਿਰੜ, ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ ਅਤੇ ਪੁਸਤਕ ਵਿਚ ਸ਼ਾਮਲ ਵਿਦਵਾਨਾਂ ਦੇ ਲੇਖਾਂ ਸਬੰਧੀ ਚਰਚਾ ਕਰਦਿਆਂ ਗੁਰੂ ਨਾਨਕ ਜੀ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸ. ਗੁਰਬਚਨ ਸਿੰਘ ਅਦਾਰਾ ਦੇਸ਼ ਪੰਜਾਬ ਨੇ ਵਰਤਮਾਨ ਸਮੇਂ ਵਿਚ ਪੁਸਤਕ ਦੀ ਪ੍ਰਸੰਗਤਾ ਬਾਰੇ ਵਿਚਾਰ ਪੇਸ਼ ਕੀਤੇ।

ਵਿਚਾਰ ਗੋਸ਼ਟੀ ਦੌਰਾਨ ਬੁਲਾਰੇ।

ਸੀਨੀਅਰ ਜਰਨਲਿਸਟ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਪੁਸਤਕ ਦੇ ਸੰਪਾਦਕ ਵਧਾਈ ਦੇ ਪਾਤਰ ਹਨ। ਗੁਰੂ ਨਾਨਕ ਜੀ ਦੁਆਰਾ ਸਮਾਜ ਦੇ ਨਿਮਾਣੇ ਤੇ ਲਿਤਾੜੇ ਵਰਗ ਦੇ ਲੋਕਾਂ ਲਈ ਕੀਤੇ ਇਨਕਲਾਬੀ ਕਾਰਜਾਂ ਬਾਰੇ ਬੀਬੀ ਬੇਅੰਤ ਕੌਰ ਮੋਗਾ ਨੇ ਵਿਚਾਰ ਪੇਸ਼ ਕੀਤੇ। ਭਾਈ ਧਰਮਪਾਲ ਸਿੰਘ ਅੰਬਾਲਾ ਨੇ ਆਖਿਆ ਕਿ ਦਲਿਤਾਂ ਅਤੇ ਦਬੇ ਕੁਚਲੇ ਵਰਗਾਂ ਦੀ ਭਲਾਈ ਲਈ ਗੁਰੂ ਨਾਨਕ ਜੀ ਦਾ ਸੰਦੇਸ਼ ਘਰ ਘਰ ਪੁਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਜਿ. ਸਰਬਜੀਤ ਸਿੰਘ ਸੋਹਲ ਨੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਉੱਤੇ ਰਾਸ਼ਟਰਵਾਦ ਦੇ ਨਾਮ ਹੇਠ ਕੀਤੇ ਜਾ ਰਹੇ ਮਾਰੂ ਹਮਲਿਆਂ ਤੋਂ ਜਾਣੂ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਡਾ. ਖੁਸ਼ਹਾਲ ਸਿੰਘ ਨੇ ਨਿਭਾਈ।

ਬੁਲਾਰਿਆਂ ਦੇ ਵਿਚਾਰ ਸੁਣਦੇ ਹੋਏ ਸਰੋਤੇ।

ਇਸ ਸਮਾਗਮ ਦਾ ਪ੍ਰਧਾਨਗੀ ਭਾਸ਼ਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਦਿੱਤਾ ਜਿਸ ਵਿਚ ਉਹਨਾਂ ਨੇ ਗੁਰੂ ਨਾਨਕ ਜੀ ਦੀਆਂ ਜਨਮ-ਸਾਖੀਆਂ ਵਿਚ ਦਰਜ ਹਬਸ਼ ਦੇਸ਼ ਦੀ ਯਾਤਰਾ ਨੂੰ ਗੁਰੂ ਨਾਨਕ ਜੀ ਦੀ ਪੰਜਵੀਂ ਉਦਾਸੀ ਵਜੋਂ ਵਰਣਨ ਕੀਤਾ। ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਸਮਾਗਮ ਵਿੱਚ ਸ਼ਾਮਲ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿਚ ਕਰਮਜੀਤ ਸਿੰਘ ਪੱਤਰਕਾਰ, ਪ੍ਰੋਫੈਸਰ ਮਨਜੀਤ ਸਿੰਘ, ਅਮਰਜੀਤ ਸਿੰਘ ਧਵਨ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਨਾਮ ਸਿੰਘ ਸਿੱਧੂ, ਹਾਕਮ ਸਿੰਘ ਸਿੱਧੂ, ਪ੍ਰੋ.ਸਤਨਾਮ ਸਿੰਘ ਬੁੱਢਲਾਡਾ, ਜਸਵਿੰਦਰ ਸਿੰਘ ਰਾਜਪੁਰਾ ਅਤੇ ਪ੍ਰੋਫੈਸਰ ਹਰਪਾਲ ਸਿੰਘ ਸ਼ਾਮਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version