Site icon Sikh Siyasat News

ਜਰਮਨੀ ਵਿੱਚ ਰਾਅ ਜਾਸੂਸ ਉੱਤੇ ਚੱਲੇਗਾ ਮੁਕਦਮਾ: ਮਾਮਲੇ ‘ਚ ਵੱਡੇ ਅਫਸਰ ਦਾ ਨਾਂ ਸ਼ਾਮਿਲ ਹੋਣ ਦੀਆਂ ਕਨਸੋਆਂ

ਫਰੈਂਕਫਰਟ/ਚੰਡੀਗੜ੍ਹ: ਭਾਰਤ ਦੀ ਖੂਫੀਆ ਏਜੰਸੀ “ਰਿਸਰਚ ਐਂਡ ਐਨਾਲਿਸਿਸ ਵਿੰਗ” (ਰਾਅ) ਦੇ ਇਕ ਹੋਰ ਜਾਸੂਸ ਉੱਪਰ ਆਉਂਦੇ ਮਹੀਨਿਆਂ ਦੌਰਾਨ ਜਰਮਨੀ ’ਚ ਮੁਕੱਦਮਾ ਚਲਾਇਆ ਜਾਣਾ ਤੈਅ ਹੈ।

ਬਲਬੀਰ ਸਿੰਘ ਨਾਮੀ ਇਸ ਜਾਸੂਸ ਦੇ ਮਾਮਲੇ ਵਿੱਚ ਜਰਮਨ ਸਰਕਾਰ ਵੱਲੋਂ ਫਰੈਂਕਫਰਟ ਦੀ ਫੈਡਰਲ ਸਟੇਟ ਸਕਿਊਰਿਟੀ ਅਦਾਲਤ ਵਿੱਚ ਇਸ ਗੱਲ ਦੇ ਸਬੂਤ ਪੇਸ਼ ਕੀਤੇ ਜਾਣਗੇ ਕਿ ਭਾਰਤ ਦੀ ਖੁਫੀਆ ਏਜੰਸੀ ਰਾਅ ਵੱਲੋਂ ਬਲਬੀਰ ਸਿੰਘ ਨੂੰ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਬਦਲੇ ਪੈਸੇ ਦਿੱਤੇ ਜਾਂਦੇ ਸਨ।

‘ਨੈੱਟਵਰਕ18’ ਨਾਮੀ ਇੱਕ ਭਾਰਤੀ ਮੀਡੀਆ ਅਦਾਰੇ ਨੇ ਉੱਚ ਕੂਟਨੀਤਕ ਸਰੋਤਾਂ (ਜਿਨ੍ਹਾਂ ਦੀ ਸ਼ਨਾਖਤ ਜ਼ਾਹਿਰ ਨਹੀਂ ਕੀਤੀ ਗਈ) ਦੇ ਹਵਾਲੇ ਨਾਲ ਕਿਹਾ ਹੈ ਕਿ ਜਰਮਨ ਪ੍ਰਾਸੀਕਿਊਟਰ (ਸਰਕਾਰੀ ਧਿਰ ਦੇ ਵਕੀਲਾਂ) ਵੱਲੋਂ ਜਰਮਨੀ ਵਿੱਚ ਭਾਰਤੀ ਖੂਫੀਆ ਏਜੰਸੀਆਂ ਦੇ ਜਾਸੂਸੀ ਕਰਨ ਦੇ ਕਾਰਿਆਂ ਦੇ ਵੇਰਵੇ ਅਦਾਲਤ ਵਿੱਚ ਪੇਸ਼ ਕੀਤੇ ਜਾਣੇ ਹਨ।

ਇਸੇ ਹੀ ਖਬਰ ਮੁਤਾਬਕ ਬਲਬੀਰ ਸਿੰਘ ਦਾ ਮਾਮਲਾ ਰਾਜ ਦੇ ਇੱਕ ਉੱਚ ਅਧਿਕਾਰੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਕਿ ‘ਇੰਡੀਅਨ ਰੈਵੀਨਿਊ ਸਰਵਿਸ’ ਵਿੱਚੋਂ ਰਾਅ ਵਿੱਚ ਭਰਤੀ ਕਰਕੇ ਭਾਰਤ ਦੇ ਫਰੈਂਕਫਰਟ ਸਥਿਤ ਸਫਾਰਤਖਾਨੇ ਵਿਖੇ ਤੈਨਾਤ ਕੀਤਾ ਗਿਆ ਸੀ। ਜਰਮਨੀ ਦੀ ਅੰਦਰੂਨੀ ਜਾਂ ਘਰੇਲੂ ਮਾਮਲਿਆਂ ਬਾਰੇ ਖੂਫੀਆ ਏਜੰਸੀ ਬੀ.ਐਫ.ਵੀ. ਵੱਲੋਂ ਇਸ ਅਫਸਰ ਦੀਆਂ ਜਾਸੂਸੀ ਕਾਰਵਾਈਆਂ ਉੱਪਰ ਨਿਗ੍ਹਾ ਰੱਖੀ ਜਾ ਰਹੀ ਸੀ ਤੇ ਉਸ ਨੂੰ ਛੇ ਮਹੀਨੇ ਤੋਂ ਘੱਟ ਸਮੇਂ ’ਚ ਹੀ ਜਾਸੂਸੀ ਦੇ ਦੋਸ਼ਾਂ ਕਾਰਨ ਜਰਮਨੀ ਤੋਂ ਵਾਪਸ ਚਲੇ ਜਾਣ ਲਈ ਕਹਿ ਦਿੱਤਾ ਗਿਆ ਸੀ।

ਨੈੱਟਵਰਕ18 ਦੀ ਖਬਰ ਮੁਤਾਬਿਕ ਰਾਅ ਦਾ ਇਹ ਦਾਅਵਾ ਹੈ ਕਿ ਉਸ ਵੱਲੋਂ ਜਰਮਨੀ ਵਿੱਚ ਆਪਣੇ ਦੋ ਟਿਕਾਣਿਆਂ ਤੋਂ ਖੂਫੀਆ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤੇ ਇਨ੍ਹਾਂ ਵਿਚੋਂ ਇੱਕ ਟਿਕਾਣਾ ਬਰਲਿਨ ਵਿੱਚ ਸਥਿਤ ਭਾਰਤੀ ਸਫਾਰਤਖਾਨਾ ਹੈ ਅਤੇ ਦੂਜਾ ਫਰੈਂਕਫਰਟ ਸਥਿਤ ਭਾਰਤੀ ਕੌਂਸਲਖਾਨਾ ਹੈ।

ਭਾਵੇਂ ਕਿ ਇਸ ਖਬਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਰਮਨ ਦੀ ਖੂਫੀਆ ਏਜੰਸੀ ਬੀ.ਐੱਨ.ਡੀ. ਭਾਰਤੀ ਏਜੰਸੀਆਂ ਨਾਲ ਸਹਿਯੋਗ ਕਰਦੀ ਹੈ ਪਰ ਇੱਕ ਜਾਸੂਸ ਜੋੜੇ ਉੱਤੇ ਪਿਛਲੇ ਸਾਲ ਚੱਲੇ ਮੁਕੱਦਮੇ ਦੀ ਕਾਰਵਾਈ ਵਿੱਚ ਇਸ ਦਾਅਵੇ ਤੋਂ ਉਲਟ ਕੁਝ ਗੱਲਾਂ ਸਾਹਮਣੇ ਆਈਆਂ ਸਨ।

ਉਸ ਮੁਕੱਦਮੇ ਦੀ ਕਾਰਵਾਈ ਅਦਾਲਤ ਵਿੱਚ ਹਾਜਰ ਰਹਿ ਕੇ ਵੇਖਣ ਵਾਲੇ ਜਰਮਨੀ ਵਾਸੀ ਸਿੱਖ ਆਗੂ ਸ. ਗੁਰਚਰਨ ਸਿੰਘ ਗੁਰਾਇਆ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਉਸ ਮੁਕੱਦਮੇ ਦੌਰਾਨ ਜਰਮਨ ਖੂਫੀਆ ਏਜੰਸੀ ਦੇ ਇੱਕ ਅਧਿਕਾਰੀ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਰਾਅ ਵੱਲੋਂ ਕੀਤੀਆਂ ਜਾ ਰਹੀਆਂ ਜਾਸੂਸੀ ਦੀਆਂ ਕਾਰਵਾਈਆਂ ਕਾਰਨ ਜਰਮਨੀ ਦੇ ਕਾਨੂੰਨਾਂ ਅਤੇ ਜਰਮਨੀ ਤੇ ਭਾਰਤ ਦਰਮਿਆਨ ਜਾਣਕਾਰੀ ਸਾਂਝੀ ਕਰਨ ਬਾਬਤ ਹੋਈ ਸੰਧੀ ਦੀ ਉਲੰਘਣਾ ਹੁੰਦੀ ਹੈ।

ਸ. ਗੁਰਚਰਨ ਸਿੰਘ ਗੁਰਾਇਆ ਨੇ ਇਹ ਵੀ ਦੱਸਿਆ ਕਿ ਭਾਰਤੀ ਖੂਫੀਆ ਏਜੰਸੀਆਂ ਵੱਲੋਂ ਜਰਮਨੀ ਵਿੱਚ ਸਿੱਖਾਂ ਵਿਰੁੱਧ ਕੀਤੀਆਂ ਜਾ ਰਹੀਆਂ ਜਾਸੂਸੀ ਦੀਆਂ ਕਾਰਵਾਈਆਂ ਬਾਰੇ ਸਾਲ 2014 ਵਿੱਚ ਪਹਿਲੀ ਵਾਰ ਜਾਣਕਾਰੀ ਸਾਹਮਣੇ ਆਈ ਸੀ ਜਦੋਂ ਜਰਮਨੀ ਦੇ ਅਧਿਕਾਰੀਆਂ ਨੂੰ ਕਿਸੇ ਫੌਜਦਾਰੀ ਮਾਮਲੇ ਦੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਜਿਸ ਵਿਅਕਤੀ ਦੀ ਉਹ ਤਫਤੀਸ਼ ਕਰ ਰਹੇ ਹਨ ਉਹ ਰਾਅ ਵਾਸਤੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਵੀ ਕਰਦਾ ਹੈ।

ਸ. ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਜਰਮਨੀ ਵਿੱਚ ਹੁਣ ਤੱਕ ਅਜਿਹੇ ਘੱਟੋ-ਘੱਟ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਜਰਮਨ ਸਰਕਾਰ ਦੇ ਸਬੰਧਤ ਮਹਿਕਮੇ ਵੱਲੋਂ ਇਨ੍ਹਾਂ ਜਾਸੂਸਾਂ ਖਿਲਾਫ ਫੌਜਦਾਰੀ ਮਾਮਲੇ ਦਰਜ ਕਰਕੇ ਅਦਾਲਤਾਂ ਵਿੱਚ ਮੁਕੱਦਮੇ ਚਲਾਏ ਜਾ ਰਹੇ ਹਨ।

ਸਾਲ 2019 ਵਿੱਚ ਫਰੈਂਕਫਰਟ ਦੀ ਇੱਕ ਅਦਾਲਤ ਵੱਲੋਂ ਰਾਅ ਦੇ ਹੱਥ-ਠੋਕੇ ਮਨਮੋਹਨ ਸਿੰਘ ਨੂੰ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦੇ ਦੋਸ਼ਾਂ ਤਹਿਤ ਮੁਅੱਤਲ ਕੀਤੀ ਸਜਾ (ਸਸਪੈਂਡਿਡ ਸਨਟੈਂਸ) ਸੁਣਾਈ ਗਈ ਸੀ। ਇਸ ਮੁਕੱਦਮੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਸਾਲ 2015 ਤੋਂ 2018 ਦੇ ਦਰਮਿਆਨ ਮਨਮੋਹਨ ਸਿੰਘ ਅਤੇ ਉਸ ਦੀ ਘਰਵਾਲੀ ਕਮਲਜੀਤ ਕੌਰ ਨੂੰ ਉਕਤ ਜਾਸੂਸੀ ਬਦਲੇ ਰਾਅ ਕੋਲੋਂ €7200 (ਯੂਰੋ) ਮਿਲੇ ਸਨ।

ਇਸ ਤੋਂ ਪਹਿਲਾਂ 2015 ਵਿੱਚ ਇੱਕ ਭਾਰਤੀ ਮੂਲ ਦੇ ਜਰਮਨ ਇਮੀਗ੍ਰੇਸ਼ਨ ਅਧਿਕਾਰੀ ਉੱਤੇ ਜਰਮਨੀ ਵਿੱਚ ਰਹਿੰਦੇ ਸਿੱਖਾਂ ਦੀ ਜਾਣਕਾਰੀ ਰਾਅ ਕੋਲ ਵੇਚਣ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ ਸੀ।

ਹਾਲ ਵਿੱਚ ਹੀ ਕੈਨੇਡਾ ਵਿਖੇ ਚੱਲੇ ਇੱਕ ਪਰਵਾਸ ਸਬੰਧੀ ਅਦਾਲਤੀ ਮੁਕੱਦਮੇ (ਇਮਮੀਗ੍ਰੇਸ਼ਨ ਸੂਟ) ਦੀ ਕਾਰਵਾਈ ਵਿੱਚ ਨਸ਼ਰ ਹੋਏ ਦਸਤਾਵੇਜਾਂ ਤੋਂ ਪਤਾ ਲੱਗਾ ਹੈ ਕਿ ਰਾਅ ਵੱਲੋਂ ਇੱਕ ਭਾਰਤੀ ਪੱਤਰਕਾਰ, ਮੁਕੱਦਮੇ ਵਿੱਚ ਜਿਸ ਦੀ ਸ਼ਨਾਖਤ “ਏ.ਬੀ.” ਵਜੋਂ ਕੀਤੀ ਗਈ ਹੈ, ਭਾਰਤ ਦੀਆਂ ਖੂਫੀਆ ਏਜੰਸੀਆਂ ‘ਆਈ.ਬੀ.’ ਅਤੇ ‘ਰਾਅ’ ਲਈ ਕੰਮ ਕਰਦਾ ਸੀ।

ਰਾਅ ਵੱਲੋਂ ਯੂਰਪੀ ਮੁਲਕਾਂ ਵਿੱਚ ਸਿੱਖਾਂ ਦੀ ਕਰਵਾਈ ਜਾਂਦੀ ਜਾਸੂਸੀ ਦੀਆਂ ਕਾਰਵਾਈਆਂ ਦੀ ਪੁਸ਼ਟੀ ਕਰਦਿਆਂ ਨੈੱਟਵਰਕ18 ਦੀ ਖਬਰ ਵਿੱਚ ਅੱਗੇ ਇਹ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਰਾਅ ਦਾ ਮੌਜੂਦਾ ਮੁਖੀ ਸੀਮਾਂਤ ਗੋਇਲ ਲੰਡਨ ਵਿਚਲੇ ਟਿਕਾਣੇ ਤੋਂ ਯੂਰਪ ਭਰ ਵਿੱਚ ਰਾਅ ਦੀਆਂ ਜਾਸੂਸੀ ਕਾਰਵਾਈਆਂ ਚਲਾ ਰਿਹਾ ਸੀ ਤਾਂ ਇਸ ਨਾਲ ਉਹਨਾਂ ਦੇਸ਼ਾਂ ਦੀਆਂ ਅੰਦਰੂਨੀ ਖੂਫੀਆ ਏਜੰਸੀਆਂ ਨਾਲ ਟਕਰਾਅ ਵਧ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਭਾਰਤ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਉੱਥੇ ਸਥਾਪਤ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਹੋ ਰਹੀ ਹੈ।

ਇਸ ਖਬਰ ਵਿਚ ਅੱਗੇ ਕਿਹਾ ਗਿਆ ਹੈ ਕਿ “ਖੁਫੀਆ ਤੰਤਰ ਦੇ ਸਰੋਤਾਂ ਮੁਤਾਬਕ ਸੀਮਾਂਤ ਗੋਇਲ ਖੁਦ ਵੀ ਬਰਤਾਨੀਆ ਦੇ ਅਧਿਕਾਰੀਆਂ ਦੇ ਦਬਾਅ ਹੇਠ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਨ੍ਹਾਂ ਕਾਰਵਾਈਆਂ ਰਾਹੀਂ ਐੱਮ.ਆਈ.5 ਜਿਹੀਆਂ ਬਰਤਾਨੀਆ ਦੀਆਂ ਅੰਦਰੂਨੀ ਮਾਮਲਿਆਂ ਬਾਰੇ ਖੁਫੀਆ ਏਜੰਸੀਆਂ ਦੇ ਸਰੋਤਾਂ/ਜਾਸੂਸਾਂ ਨੂੰ ਵਰਤਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ”।

ਭਾਰਤੀ ਏਜੰਸੀ ਕਿਵੇਂ ਕਰਵਾਉਂਦੀਆਂ ਹਨ ਵਿਦੇਸ਼ੀਂ ਰਹਿੰਦੇ ਸਿੱਖਾਂ ਦੀ ਜਸੂਸੀ? ਸੁਣੋ ਖਾਸ ਗੱਲਬਾਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version