Site icon Sikh Siyasat News

ਅਕਾਲੀ ਦਲ, ਕਾਂਗਰਸ, ਅਤੇ ‘ਆਪ’ ਵਲੋਂ ਪਾਣੀ ਸਬੰਧੀ ਦਾਅਵੇ; ਸਿਰਫ ਵੋਟਾਂ ਬਟੋਰਨ ਦੀ ਖੇਡ: ਦਲ ਖ਼ਾਲਸਾ

ਅੰਮ੍ਰਿਤਸਰ: ਦਲ ਖ਼ਾਲਸਾ ਨੇ ਆਪਣੇ ਪਹਿਲਾਂ ਦਿੱਤੇ ਇਸ ਬਿਆਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦਿੱਲੀ ਆਧਾਰਤ ਸਿਆਸੀ ਜਮਾਤਾਂ ਅਤੇ ਉਨ੍ਹਾਂ ਦੇ ਦਲਾਲ ਹੁਣ ਵੀ ਪੰਜਾਬ ਦੇ 55% ਦਰਿਆਈ ਪਾਣੀਆਂ ਦੀ ਲੁੱਟ ਲਈ ਜ਼ਿੰਮੇਵਾਰ ਹਨ, ਅਤੇ ਆਮ ਆਦਮੀ ਪਾਰਟੀ ਵੀ ਦੂਜੀਆਂ ਪਾਰਟੀਆਂ ਵਰਗੀ ਹੀ ਹੈ।

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ‘ਆਪ’ ਸਾਰੀ ਸਿਆਸੀ ਜਮਾਤਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਨੀਵੇਂ ਪੱਧਰ ਦੀ ਸਿਆਸਤ ਕਰ ਰਹੀਆਂ ਹਨ। ਇਨ੍ਹਾਂ ਪਾਰਟੀਆਂ ਵਲੋਂ ਪੰਜਾਬ ਦੇ ਪਾਣੀਆਂ ਦੇ ਹੱਕ ਵਿਚ ਦਿੱਤੇ ਜਾਂਦੇ ਬਿਆਨ ਅਤੇ ਦਾਅਵੇ ਸਿਵਾਏ ਵੋਟ ਬਟੋਰਨ ਦੀ ਖੇਡ ਤੋਂ ਅਲਾਵਾ ਕੁਝ ਨਹੀਂ ਹਨ।

ਕੰਵਰਪਾਲ ਸਿੰਘ; ਬੁਲਾਰਾ, ਦਲ ਖ਼ਾਲਸਾ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਅਤੇ ਅਰਵਿੰਦ ਕੇਜਰੀਵਾਲ ਦਰਿਆਈ ਪਾਣੀਆਂ ‘ਤੇ ਪੰਜਾਬ ਦੇ ਹਿਤਾਂ ਨੂੰ ਬਚਾਉਣ ਲਈ ਨਾ ਸੁਹਿਰਦ ਹਨ ਨਾ ਹੀ ਗੰਭੀਰ। ਹਾਂ, ਇਹ ਤਿੰਨੋ ਮੁੱਖ ਮੰਤਰੀ ਦੀ ਕੁਰਸੀ ਨੂੰ ਹਾਸਲ ਕਰਨ ਲਈ ਜ਼ਰੂਰ ਗੰਭੀਰ ਹਨ, ਤਾਂ ਜੋ ਸੱਤਾ ਸੁਖ ਮਾਣਿਆ ਜਾ ਸਕੇ।

ਦਲ ਖ਼ਾਲਸਾ ਦੇ ਆਗੂ ਨੇ ਕੇਜਰੀਵਾਲ ਦੇ ਬਿਆਨਾਂ ਨੂੰ ਆਪਾ-ਵਿਰੋਧੀ ਦੱਸਿਆ ਕਿ ਲੁਧਿਆਣਾ ਵਿਚ ਕੇਜਰੀਵਾਲ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਪਾਰਟੀ ਪੰਜਾਬ ਦੇ ਪਾਣੀ ਨੂੰ ਬਾਹਰ ਲਿਜਾਣ ਦੀ ਆਗਿਆ ਨਹੀਂ ਦੇਵੇਗੀ ਪਰ ਮਜੀਠਾ ਵਿਚ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ “ਸਾਰਿਆਂ ਦਾ ਹੱਕ” ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਹੁਣ ਮੌਕਾਪ੍ਰਸਤ ਬਦਨਾਮ ਆਗੂਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਦੇਵੇ, ਕਿਉਂਕਿ ਦਿੱਲੀ ਨੂੰ ਪੰਜਾਬ ਦੇ ਦਰਿਆਵਾਂ ‘ਚੋਂ 0.2 ਐਮ.ਏ.ਐਫ. ਪਾਣੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਪਣੇ ਆਪ ਨੂੰ ਇਮਾਨਦਾਰ ਹੋਣ ਦਾ ਦਾਅਵਾ ਕਰਦੀ ਹੈ। ਹੁਣ ਕੇਜਰੀਵਾਲ ਨੂੰ ਪੰਜਾਬ ਦਾ ਪਾਣੀ ਨੂੰ ਇਸਤੇਮਾਲ ਕਰਨ ਲਈ ਲਾਗਤ ਦਾ ਭੁਗਤਾਨ ਕਰਨਾ ਚਾਹੀਦਾ ਹੈ।

ਅਕਾਲੀ ਸਰਕਾਰ ਦੀ ਨਿੰਦਾ ਕਰਦੇ ਹੋਏ ਦਲ ਖ਼ਾਲਸਾ ਦੇ ਆਗੂ ਨੇ ਕਿਹਾ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਤੋਂ ਬਾਅਦ ਗ਼ੈਰ-ਰਾਏਪੇਰੀਅਰਨ ਸੂਬਿਆਂ ਤੋਂ ਪੈਸੇ ਦੀ ਵਸੂਲੀ ਕਰਨ ਲਈ ਕੋਈ ਚਾਰਾਜੋਈ ਨਹੀਂ ਕੀਤੀ ਗਈ। ਸਾਨੂੰ ਇਹ ਪਹਿਲੇ ਦਿਨ ਹੀ ਸਪੱਸ਼ਟ ਸੀ ਕਿ ਜੇ ਪੰਜਾਬ ਸਰਕਾਰ ਪੈਸੇ ਦੀ ਵਸੂਲੀ ਲਈ ਕੋਈ ਚੇਤਾਵਨੀ ਨਹੀਂ ਦਿੰਦੀ ਤਾਂ ਸਾਰੇ ਕੀਤੇ ਕੰਮ ਵਿਅਰਥ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ‘ਐਕਸ਼ਨ ਪਲੈਨ’ ਦੇ ਰਾਜਸਥਾਨ ਅਤੇ ਹੋਰ ਗ਼ੈਰ ਰਾਏਪੇਰੀਅਨ ਸੂਬਿਆਂ ਨੂੰ ਜਾਣ ਵਾਲਾ ਪਾਣੀ ਨਹੀਂ ਰੋਕਿਆ ਜਾ ਸਕਦਾ, ਅਤੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Hollow Claims By SAD, AAP & Congress On Punjab’s River Waters A Political Gimmick: Dal Khalsa …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version