Site icon Sikh Siyasat News

ਅਮਰੀਕਾ ਵਿਚ ਜਲੰਧਰ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਜਲੰਧਰ: ਅਮਰੀਕਾ ‘ਚ ਇਕ ਘਟਨਾ ਵਿਚ ਇਕ ਅਮਰੀਕੀ ਗੋਰੇ ਨੇ ਜਲੰਧਰ ਦੇ ਨੌਜਵਾਨ ਗਗਨਦੀਪ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਾਂਗਰਸੀ ਆਗੂ ਮਨਮੋਹਨ ਸਿੰਘ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਮਰੀਕਾ ਰਹਿੰਦੀ ਭੈਣ ਕੰਵਲਜੀਤ ਕੌਰ ਨੇ ਅੱਜ (29 ਅਗਸਤ) ਦੁਪਹਿਰ 1:40 ਵਜੇ ਟੈਲੀਫੋਨ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗਗਨਦੀਪ ਸਿੰਘ (21) ਦਾ ਇਕ ਗੋਰੇ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।

ਗਗਨਦੀਪ ਸਿੰਘ (ਫਾਈਲ ਫੋਟੋ)

ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਕਰੀਬ 14 ਸਾਲ ਪਹਿਲਾਂ ਉਨ੍ਹਾਂ ਦੀ ਭੈਣ ਦਾ ਸਾਰਾ ਪਰਿਵਾਰ ਅਮਰੀਕਾ ਚਲਾ ਗਿਆ ਸੀ ਅਤੇ ਉਹ ਸਪੋਕੇਨ ਵੈਲੀ ‘ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਦਾ ਪਿਤਾ ਰਾਜਿੰਦਰਪਾਲ ਸਿੰਘ ਟੈਕਸੀਆਂ ਦਾ ਕਾਰੋਬਾਰ ਕਰਦਾ ਹੈ। ਗਗਨਦੀਪ ਸਿੰਘ ਸਾਫ਼ਟਵੇਅਰ ਇੰਜੀਨਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਛੁੱਟੀ ਵਾਲੇ ਦਿਨ ਉਹ ਟੈਕਸੀ ਵੀ ਚਲਾਉਂਦਾ ਸੀ। ਅੱਜ ਵੀ ਗਗਨਦੀਪ ਸਿੰਘ ਨੇ ਹਵਾਈ ਅੱਡੇ ਤੋਂ ਇਕ ਗੋਰੇ ਨੂੰ ਆਪਣੀ ਟੈਕਸੀ ‘ਚ ਬਿਠਾਇਆ ਸੀ ਅਤੇ ਉਸ ਵਲੋਂ ਦੱਸੀ ਜਗ੍ਹਾ ‘ਤੇ ਛੱਡਣ ਚਲਾ ਗਿਆ। ਜਦੋਂ ਗੋਰਾ ਆਪਣੇ ਘਰ ਪਹੁੰਚਿਆ ਤਾਂ ਉਸ ਨੇ ਕੋਲ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਪੈਸੇ ਕੱਢਵਾਉਣ ਲਈ ਗਗਨਦੀਪ ਨੂੰ ਏ.ਟੀ.ਐੱਮ. ਤੱਕ ਚੱਲਣ ਲਈ ਕਿਹਾ।

ਏ.ਟੀ.ਐੱਮ. ਗੋਰੇ ਦੇ ਘਰ ਤੋਂ ਕਰੀਬ 10 ਕਿਲੋਮੀਟਰ ਦੂਰ ਸੀ। ਏ.ਟੀ.ਐੱਮ. ‘ਤੇ ਜਾ ਕੇ ਗੋਰੇ ਨੇ ਪੈਸੇ ਕੱਢਵਾਏ ਅਤੇ ਗਗਨਦੀਪ ਸਿੰਘ ਨੂੰ ਬਣਦੇ 250 ਡਾਲਰ ਦੇ ਦਿੱਤੇ। ਇਸ ਤੋਂ ਬਾਅਦ ਉਹ ਗਗਨਦੀਪ ਸਿੰਘ ਨੂੰ ਘਰ ਵਾਪਸ ਛੱਡ ਕੇ ਆਉਣ ਦੀ ਜਿੱਦ ਕਰਨ ਲੱਗਾ। ਟੈਕਸੀ ਦੇ ਕੰਮ ‘ਚ ਨਵਾਂ ਹੋਣ ਕਰਕੇ ਗਗਨਦੀਪ ਨੇ ਇਸ ਸਬੰਧੀ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕੀਤੀ ਤਾਂ ਕੰਵਲਜੀਤ ਕੌਰ ਨੇ ਗੋਰੇ ਨੂੰ ਘਰ ਛੱਡ ਕੇ ਆਉਣ ਦੀ ਹਾਮੀ ਭਰ ਦਿੱਤੀ। ਕਰੀਬ ਪੌਣੇ ਘੰਟੇ ਬਾਅਦ ਗਗਨਦੀਪ ਬਾਰੇ ਜਾਣਕਾਰੀ ਲੈਣ ਲਈ ਜਦੋਂ ਕੰਵਲਜੀਤ ਕੌਰ ਨੇ ਉਸ ਨੂੰ ਦੁਬਾਰਾ ਫੋਨ ਕੀਤਾ ਤਾਂ ਫੋਨ ‘ਤੇ ਕੋਈ ਜਵਾਬ ਨਾ ਮਿਲਿਆਾ। ਸਾਰੇ ਪਰਿਵਾਰ ਵੱਲੋਂ ਵਾਰ-ਵਾਰ ਫੋਨ ਕੀਤੇ ਜਾਣ ਅਤੇ ਮੈਸੇਜ ਛੱਡੇ ਜਾਣ ਦੇ ਬਾਵਜੂਦ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਗਗਨਦੀਪ ਸਿੰਘ ਦੇ ਮਾਮਾ ਮਨਮੋਹਨ ਸਿੰਘ ਰਾਜੂ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ

ਇਸ ਤੋਂ ਬਾਅਦ ਗੋਰੇ ਦਾ ਮੈਸੇਜ ਆਇਆ ਕਿ ਹੁਣ ਤੁਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਠੀਕ ਹੈ। ਕੁਝ ਹੀ ਦੇਰ ‘ਚ ਪੁਲਿਸ ਦੀ ਇਕ ਟੀਮ ਟੈਕਸੀ ਤੱਕ ਪਹੁੰਚ ਗਈ ਤਾਂ ਉਨ੍ਹਾਂ ਦੇਖਿਆ ਕਿ ਗੋਰੇ ਨੇ ਗਗਨਦੀਪ ਸਿੰਘ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਕਤਲ ਕਰਨ ਦੇ ਬਾਵਜੂਦ ਗੋਰਾ ਟੈਕਸੀ ‘ਚ ਹੀ ਬੈਠਾ ਰਿਹਾ, ਜਿਸ ਨੂੰ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version