Site icon Sikh Siyasat News

ਕੁਲਦੀਪ ਨਈਅਰ ਆਪਣੀ ਹਿੰਦੂ ਕੱਟੜਵਾਦੀ ਬੀਮਾਰ ਮਾਨਸਿਕਤਾ ਦਾ ਹੀ ਸਬੂਤ ਦੇ ਰਿਹਾ ਹੈ: ਮਾਨ

ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਲਦੀਪ ਨਈਅਰ ਵੱਲੋਂ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਹੈਵਾਨੀਅਤ ਦਾ ਨੰਗਾ ਨਾਚ ਨੱਚਣ ਵਾਲੇ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਸਿਰਸੇ ਵਾਲੇ ਸਾਧ ਨਾਲ ਆਪਣੇ ਲੇਖ ਵਿਚ ਤੁਲਨਾ ਕਰਨ ਦੀ ਸ਼ਰਾਰਤਪੂਰਨ ਕਾਰਵਾਈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਨਈਅਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਿੰਡਰਾਂਵਾਲਿਆਂ ਦੀ ਸ਼ਹੀਦੀ ਹੋਣ ਉਪਰੰਤ 33 ਸਾਲ ਬਾਅਦ ਵੀ ਸਿੱਖ ਆਪਣੇ ਮਨ ਵਿਚ ਸਤਿਕਾਰ ਸਹਿਤ ਸਮੋਈ ਬੈਠੀ ਹੈ, ਤਾਂ ਉਨ੍ਹਾਂ ਵਿਚ ਧਰਮੀ, ਸਮਾਜਿਕ, ਇਨਸਾਨੀ ਅਤੇ ਇਖ਼ਲਾਕੀ ਗੁਣਾਂ ਦੀ ਭਰਮਾਰ ਹੋਣ ਦੀ ਹੀ ਬਦੌਲਤ ਹੈ।

ਨਈਅਰ ਵੱਲੋਂ ਇਹ ਕਿਹਾ ਗਿਆ ਹੈ ਕਿ ਭਿੰਡਰਾਂਵਾਲਿਆਂ ਦੇ ਹਮਾਇਤੀਆਂ ਦੀ ਵੱਡੀ ਗਿਣਤੀ ਹੋਣ ਕਾਰਨ ਉਹ ਤਾਕਤਵਰ ਹੋ ਗਏ ਸਨ, ਇਹ ਗੈਰ-ਦਲੀਲ ਗੱਲ ਹੈ। ਸੰਤ ਭਿੰਡਰਾਂਵਾਲਿਆਂ ਵੱਲੋਂ ਧਰਮੀ ਤੇ ਇਨਸਾਨੀ ਸੋਚ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਅਤੇ ਆਖਰੀ ਸਵਾਸ ਤੱਕ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ, ਮਜ਼ਲੂਮਾਂ, ਲਤਾੜਿਆਂ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਬਦੌਲਤ ਹੀ ਉਨ੍ਹਾਂ ਦੀ ਅਗਵਾਈ ਮੰਨਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਤੇ ਇਹ ਧਰਮੀ ਤੇ ਇਨਸਾਨੀ ਗੁਣ ਹੀ ਕਿਸੇ ਸ਼ਖਸੀਅਤ ਦੀ ਅਸਲ ਤਾਕਤ ਹੁੰਦੇ ਹਨ। ਜਿਸ ਨੂੰ ਕੇਵਲ ਕੁਲਦੀਪ ਨਈਅਰ ਵਰਗੇ ਫਿਰਕੂ ਲੇਖਕਾਂ ਨੇ ਹੀ ਨਹੀਂ ਦੇਖਿਆ, ਬਲਕਿ ਸਮੁੱਚੀ ਦੁਨੀਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ। ਉਹ ਧਰਮੀ ਤੇ ਸਮਾਜਿਕ ਗੁਣਾਂ ਦੀ ਬਦੌਲਤ ਹੀ ਤਾਕਤਵਰ ਸਨ ਨਾ ਕਿ ਬੰਦਿਆਂ ਦੀ ਗਿਣਤੀ ਦੀ ਬਦੌਲਤ।

ਸਿਮਰਨਜੀਤ ਸਿੰਘ ਮਾਨ, ਕੁਲਦੀਪ ਨਈਅਰ (ਫਾਈਲ ਫੋਟੋ)

ਸ. ਮਾਨ ਨੇ ਹਿੰਦੂਵਾਦੀ ਪੱਤਰਕਾਰ ਨਈਅਰ ਨੂੰ ਕਿਹਾ ਕਿ ਜਿਥੋ ਤੱਕ ਸਿਰਸੇ ਵਾਲੇ ਬਲਾਤਕਾਰੀ ਰਾਮ ਰਹੀਮ ਦੀ ਗੱਲ ਹੈ, ਉਸ ਵਿਚ ਕੋਈ ਵੀ ਧਾਰਮਿਕ, ਇਖ਼ਲਾਕੀ ਜਾਂ ਸਮਾਜਿਕ ਗੁਣ ਨਹੀਂ ਸੀ। ਜੇਕਰ ਉਸ ਵਿਚ ਇਖਲਾਕੀ, ਧਰਮੀ ਗੁਣ ਹੁੰਦੇ ਤਾਂ ਉਹ ਅਦਾਲਤ ਵਿਚ ਜੱਜ ਵੱਲੋਂ ਸਜ਼ਾ ਸੁਣਨ ਉਪਰੰਤ ਅੱਖਾਂ ਵਿਚ ਹੰਝੂ ਨਾ ਵਹਾਉਂਦਾ ਅਤੇ ਸਜ਼ਾ ਮੁਆਫ਼ੀ ਲਈ ਬਿਲਕੁਲ ਨਾ ਗਿੜਗੜਾਉਂਦਾ। ਜਦੋਂਕਿ ਸੰਤ ਭਿੰਡਰਾਂਵਾਲਿਆਂ ਨੇ ਸੱਚ ਅਤੇ ਸਿੱਖੀ ਅਸੂਲਾਂ ‘ਤੇ ਪਹਿਰਾ ਦਿੰਦੇ ਹੋਏ ਭਾਰਤੀ ਫੌਜਾਂ ਨਾਲ ਆਖਰੀ ਸਮੇਂ ਤਕ ਮੁਕਾਬਲਾ ਕੀਤਾ। ਨਈਅਰ ਵਰਗੇ ਲੇਖਕ ਸੰਤ ਭਿੰਡਰਾਂਵਾਲਿਆਂ ਦੀ ਕੁਰਬਾਨੀ ਨੂੰ ਆਪਣੀਆਂ ਗੁੰਮਰਾਹਕੁੰਨ ਲਿਖਤਾਂ ਰਾਹੀਂ ਨਾ ਤਾਂ ਨੁਕਸਾਨ ਕਰ ਸਕਦੇ ਹਨ, ਨਾ ਹੀ ਸੰਤਾਂ ਦੇ ਸਿੱਖ ਕੌਮ ਵਿਚ ਬਣੇ ਸਤਿਕਾਰ ਨੂੰ ਘੱਟ ਕਰ ਸਕਦੇ ਹਨ। ਦੂਸਰਾ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਦੀ ਬਦੌਲਤ ਹੀ ਅੱਜ ਸਿੱਖਾਂ ਦੇ ਘਰਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਜਾਈਆਂ ਹੋਈਆਂ ਹਨ ਅਤੇ ਸਿੱਖ ਨੌਜਵਾਨ ਆਪਣੇ ਮੋਟਰਸਾਈਕਲਾਂ ਅਤੇ ਗੱਡੀਆਂ ਉਤੇ ਸੰਤਾਂ ਦੀ ਤਸਵੀਰ ਲਾ ਕੇ ਫਖ਼ਰ ਮਹਿਸੂਸ ਕਰਦੇ ਹਨ। ਜਦੋਂਕਿ 25 ਅਗਸਤ ਤੋਂ ਬਾਅਦ ਬਲਾਤਕਾਰੀ ਸਾਧ ਦੇ ਗੁੰਮਰਾਹ ਕੀਤੇ ਪ੍ਰੇਮੀਆਂ ਨੇ ਹਜ਼ਾਰਾਂ ਦੀ ਤਾਦਾਦ ‘ਚ ਆਪਣੇ ਲਾਕਟ ਅਤੇ ਰਾਮ ਰਹੀਮ ਦੀਆਂ ਤਸਵੀਰਾਂ ਲਾਹ ਕੇ ਸੁੱਟ ਦਿੱਤੀਆਂ ਹਨ ਅਤੇ ਉਸਦਾ ਨਾਂ ਲੈਣ ਤੋਂ ਪਰਹੇਜ਼ ਕਰ ਰਹੇ ਹਨ।

ਇਕ ਬਲਾਤਕਾਰੀ ਸਰਕਾਰੀ ਸ਼ਹਿ ‘ਤੇ ਵਧਣ ਫੁੱਲਣ ਵਾਲੇ ਸਾਧ ਦੀ ਸੰਤ ਭਿੰਡਰਾਂਵਾਲਿਆਂ ਨਾਲ ਤੁਲਨਾ ਕੁਲਦੀਪ ਨਈਅਰ ਦੀ ਸਪੱਸ਼ਟ ਸਿੱਖ ਵਿਰੋਧੀ ਮਾਨਸਿਕਤਾ ਨੂੰ ਪ੍ਰਗਟ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version