Site icon Sikh Siyasat News

ਬਰਗਾੜੀ ਮੋਰਚੇ ਨਾਲ ਜੁੜੇ ਆਗੂ ਹੁਣ ਆਪਸ ਵਿਚ ਮੋਰਚੇ ਤੇ ਡਟੇ; ਮਜਬੂਤ ਅਕਾਲੀ ਦਲ ਦੇਣ ਦਾ ਐਲਾਨ ਸਵਾਲੀਆ ਨਿਸ਼ਾਨ ਹੇਠ

ਚੰਡੀਗੜ੍ਹ: ਬਰਗਾੜੀ ਇਨਸਾਫ ਮੋਰਚੇ ਦੇ ਨਾਂ ਹੇਠ ਬੀਤੇ ਕੁਝ ਮਹੀਨਿਆਂ ਦੌਰਾਨ ਚੱਲੀ ਸਰਗਰਮੀ ਦੇ ਸੰਚਾਲਕ ਭਾਈ ਧਿਆਨ ਸਿੰਘ ਮੰਡ ਵਲੋਂ “ਮੋਰਚੇ” ਦਾ ਪੜਾਅ ਬਦਲਣ ਦਾ ਐਲਾਨ ਕਰਨ ਤੋਂ ਬਾਅਦ ਇਸ ਸਰਗਰਮੀ ਨਾਲ ਜੁੜੀਆਂ ਧਿਰਾਂ ਵਿਚ ਵਖਰੇਵੇਂ ਉੱਭਰ ਕੇ ਸਾਹਮਣੇ ਆ ਗਏ ਹਨ। ਜ਼ਿਕਰਯੋਗ ਹੈ ਕਿ 9 ਦਸੰਬਰ 2018 ਨੂੰ ਭਾਈ ਧਿਆਨ ਸਿੰਘ ਮੰਡ ਨੇ ਇਹ ਕਹਿੰਦਿਆਂ ਕਿ ਬਰਗਾੜੀ ਦਾਣਾ ਮੰਡੀ ਵਿਚਲਾ ਧਰਨਾ ਖਤਮ ਕਰ ਦਿੱਤਾ ਸੀ ਕਿ ਸਰਕਾਰ ਵਲੋਂ ਮੋਰਚੇ ਦੀਆਂ ਅਹਿਮ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਰਹਿੰਦੀਆਂ ਨੂੰ ਮੰਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਮੋਰਚੇ ਨਾਲ ਜੁੜੇ ਰਹੇ ਮੁੱਖ ਆਗੂਆਂ ਨੇ ਇਸ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ।

ਇਹਨਾਂ ਵਿਚੋਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਇਹ ਪੱਤਰਕਾਰ ਮਿਲਣੀ ਦੌਰਾਨ ਭਾਈ ਧਿਆਨ ਸਿੰਘ ਮੰਡ ਦੀ ਕਾਫੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ। ਲੰਘੀ 18 ਦਸੰਬਰ ਨੂੰ ਮੋਰਚੇ ਦੌਰਾਨ ਮੰਚ ਦਾ ਸੰਚਾਲਨ ਕਰਦੇ ਰਹੇ ਭਾਈ ਬਲਜੀਤ ਸਿੰਘ ਦਾਦੂਵਾਲ, ਅਤੇ ਸ਼੍ਰੋਮਣੀ ਅਕਾਲੀ ਦਲ (1920) ਦੇ ਆਗੂ ਬੂਟਾ ਸਿੰਘ ਰਣਸੀਂਹਕੇ ਨੇ ਭਾਈ ਧਿਆਨ ਸਿੰਘ ਮੰਡ ਵਲੋਂ ਮੋਰਚੇ ਨੂੰ “ਖਤਮ” ਕਰਨ ਦਾ ਵਿਰੋਧ ਕਰਦਿਆਂ ਇਸ “ਮੋਰਚੇ ਨੂੰ ਅੱਗੇ ਚਲਾਉਣ” ਲਈ 8 ਜਨਵਰੀ ਨੂੰ ਨਿਹਾਲ ਸਿੰਘ ਵਾਲਾ ਵਿਖੇ “ਪੰਥਕ ਕਨਵੈਨਸ਼ਨ” ਦੇ ਨਾਂ ਹੇਠ ਇਕੱਠ ਸੱਦਿਆ ਹੈ।

ਜ਼ਿਕਰਯੋਗ ਹੈ ਕਿ 10 ਨਵੰਬਰ 2015 ਨੂੰ ਚੱਬਾ (ਨੇੜੇ ਤਰਨਤਾਰਨ) ਵਿਖੇ ਹੋਏ ਪੰਥਕ ਇਕੱਠ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਤੇ ਉਹਨਾਂ ਦੀ ਬੰਦੀ ਦੇ ਸਮੇਂ ਲਈ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਐਲਾਨਿਆ ਗਿਆ ਸੀ। ਇਸ ਇਕੱਠ ਦੌਰਾਨ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖਤ ਕੇਸਗੜ੍ਹ ਸਾਹਿਬ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖਤ ਦਮਦਮਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਐਲਾਨਿਆ ਗਿਆ ਸੀ।

ਬਰਗਾੜੀ ਵਿਖੇ ਸ਼ਹੀਦਾਂ ਦੀ ਯਾਦ ਵਿਚ ਰੱਖੇ ਗਏ ਸਮਾਗਮ ਮੌਕੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਅਤੇ ਹੋਰ ਆਗੂਆਂ ਦੀ ਤਸਵੀਰ।

ਹੁਣ ਜਦੋਂ ਕਾਰਜਕਾਰੀ ਜਥੇਦਾਰਾਂ ਵਲੋਂ ਹੀ ਇਕ ਦੂਜੇ ਵਿਰੁਧ ਇਲਜਾਮਤਰਾਸ਼ੀ ਕੀਤੀ ਜਾ ਰਹੀ ਹੈ ਤਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਤੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਭਾਈ ਹਵਾਰਾ ਦਾ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਹਿਦਾਇਤ ਕੀਤੀ ਹੈ ਕਿ ਬਰਗਾੜੀ ਮੋਰਚੇ ਸੰਬੰਧੀ ਆਪਸੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ ਅਤੇ ਹੁਣ ਅੱਗੇ ਤੋਂ ਆਪ ਹੁਦਰੀਆਂ ਨਾ ਕਰਕੇ ਕਿਸੇ ਵੀ ਸੰਘਰਸ਼ ਨੂੰ ਚਲਾਉਣ ਲਈ ਸਿੱਖ ਪਰੰਪਰਾ ਮੁਤਾਬਕ ਗੁਰਮਤਾ ਕਰਕੇ ਹੀ ਕੋਈ ਫੈਸਲਾ ਲਿਆ ਜਾਵੇ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਮੋਰਚਾ ਖਤਮ ਕਰਨ ਦੇ ਐਲਾਨ ਨੂੰ ਜਾਇਜ਼ ਠਹਿਰਾਇਆ ਹੈ ਤੇ ਕਿਹਾ ਹੈ ਕਿ ਮੋਰਚੇ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਭਾਈ ਬਲਜੀਤ ਸਿੰਘ ਦਾਦੂਵਾਲ ਉੱਤੇ ਮੰਦਭਾਵਨਾ ਤਹਿਤ ਅਰਾਜਕਤਾ ਫੈਲਾਉਣ ਦੇ ਦੋਸ਼ ਲਾਏ ਹਨ।

ਇਸ ਦੌਰਾਨ ਬਰਗਾੜੀ ਮੋਰਚੇ ਦਾ ਪੜਾਅ ਬਦਲਣ ਦੇ ਐਲਾਨ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਨੇ ਜੋ ਮਜਬੂਤ ਅਕਾਲੀ ਦਲ ਦੇਣ ਦੀ ਗੱਲ ਕਹੀ ਸੀ ਆਪਸੀ ਪਾਟੋਧਾੜ ਦੇ ਚੱਲਦਿਆਂ ਉਸ ਦਾਅਵੇ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version