Site icon Sikh Siyasat News

ਪੰਜਾਬ ਸਰਕਾਰ ਵੱਲੋਂ ‘ਦਿ ਪੰਜਾਬ ਨਿਊਜ਼ ਵੈੱਬ ਚੈਨਲ ਪਾਲਿਸੀ, 2021’ ਨੋਟੀਫਾਈ

ਚੰਡੀਗੜ: ਪੰਜਾਬ ਸਰਕਾਰ ਨੇ ਨਿਊਜ਼ ਵੈਬ ਚੈਨਲਾਂ ਨੂੰ ਸੂਚੀਬੱਧ ਕਰਨ ਲਈ ‘ਦਿ ਪੰਜਾਬ ਨਿਊਜ਼ ਵੈੱਬ ਚੈਨਲ ਪਾਲਿਸੀ, 2021’ ਨੋਟੀਫਾਈ ਕੀਤੀ ਹੈ।

ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਮੇਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਪ੍ਰਚਾਰ ਲਈ ਅਜੋਕੇ ਯੁੱਗ ਦੇ ਇਨਾਂ ਮੰਚਾਂ ਦੀ ਢੁੱਕਵੀਂ ਵਰਤੋਂ ਕੀਤੀ ਜਾਵੇ। ਬੁਲਾਰੇ ਨੇ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਯੂਟਿਊਬ ‘ਤੇ ਚੱਲ ਰਹੇ ਨਿਊਜ਼ ਚੈਨਲਾਂ ਨੂੰ ਇਸ ਨੀਤੀ ਤਹਿਤ ਕਵਰ ਕੀਤਾ ਜਾਵੇਗਾ।

ਬੁਲਾਰੇ ਨੇ ਕਿਹਾ ਕਿ ਨੀਤੀ ਦੀਆਂ ਹੋਰ ਸ਼ਰਤਾਂ ਤੇ ਨਿਯਮਾਂ ਤੋਂ ਇਲਾਵਾ ਪੰਜਾਬ ਅਧਾਰਤ ਨਿਊਜ਼ ਚੈਨਲ ਜਿਹਨਾਂ ਵਿੱਚ ਮੁੱਖ ਤੌਰ ‘ਤੇ 70 ਫੀਸਦੀ ਖ਼ਬਰਾਂ ਪੰਜਾਬ ਨਾਲ ਸਬੰਧਤ ਹੁੰਦੀਆਂ ਹਨ ਸੂਚਬੱਧ ਕਰਨ ਲਈ ਵਿਚਾਰੇ ਜਾਣਗੇ ।

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਨੀਤੀ ਤਹਿਤ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਸੂਚੀਬੱਧ ਕੀਤੇ ਜਾਣ ਵਾਲੇ ਚੈਨਲ ਸਿਰਫ ਰਾਜਨੀਤਕ ਇੰਟਰਵਿਊਆਂ ਜਾਂ ਖਬਰਾਂ, ਡੇਲੀ ਨਿਊਜ਼ ਬੁਲੇਟਿਨ, ਬਹਿਸ ਜਾਂ ਵਿਚਾਰ ਵਟਾਂਦਰੇ ਵਿਸ਼ੇਸ਼ ਕਰਕੇ ਸੰਪਾਦਕੀ ਇੰਟਰਵਿਊਆਂ ਅਤੇ ਪੰਜਾਬ ਸਬੰਧੀ ਖਬਰਾਂ ਦੌਰਾਨ ਹੀ ਸਰਕਾਰੀ ਇਸ਼ਤਿਹਾਰ ਪ੍ਰਦਰਸ਼ਿਤ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਕੋਲ ਅਖਬਾਰ, ਸੈਟੇਲਾਈਟ ਟੀ.ਵੀ ਚੈਨਲਾਂ, ਰੇਡੀਓ ਚੈਨਲਾਂ ਅਤੇ ਵੈਬਸਾਈਟਾਂ ਲਈ ਇਕ ਇਸ਼ਤਿਹਾਰ ਨੀਤੀਆਂ ਪਹਿਲਾਂ ਹੀ ਮੌਜੂਦ ਹਨ। ਇਹ ਨਵੀਂ ਨੀਤੀ ਮੌਜੂਦਾ ਰੁਝਾਨ ਅਤੇ ਫੇਸਬੁੱਕ ਅਤੇ ਯੂਟਿਊਬ ਚੈਨਲਾਂ ਦੀ ਵਿਆਪਕ ਉਪਲਬਧਤਾ ਦੇ ਮੱਦੇਨਜ਼ਰ ਲਿਆਂਦੀ ਗਈ ਹੈ। ਇਸ ਨਾਲ ਸੂਬਾ ਸਰਕਾਰ ਨੂੰ ਵਧੇਰੇ ਲੋਕਾਂ ਤੱਕ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਹੋਰ ਮਦਦ ਮਿਲੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version