Site icon Sikh Siyasat News

ਭੁੱਖ ਹੜਤਾਲ ਦੇ ਹੱਕ ਵਿਚ ਹਮਦਰਦੀ ਦੀ ਲਹਿਰ ਨੇ ਜ਼ੋਰ ਫੜਿਆ; 10 ਮਈ ਨੂੰ ਹਸਨਪੁਰ ਵਿਚ ਪੰਥਕ ਸੰਮੇਲਨ ਕਰਨ ਦਾ ਫੈਸਲਾ

ਚੰਡੀਗੜ੍ਹ (3 ਮਈ): ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦੇ ਸਬੰਧ ਵਿਚ ਬਾਦਲ ਸਰਕਾਰ ਵੱਲੋਂ ਵਿਖਾਈ ਜਾ ਰਹੀ ਬੇਰੁਖ਼ੀ, ਅਵੇਸਲਾਪਣ ਅਤੇ ਲਾਪ੍ਰਵਾਹੀ ਦੇ ਰਵੱਈਏ ਤੋਂ ਅੱਜ ਇੱਥੇ ਪੰਥਕ ਜਥੇਬੰਦੀਆਂ ਦੇ ਇਕੱਠ ਵਿਚ ਬਹੁਤ ਗੁੱਸਾ ਤੇ ਰੋਸ ਵੇਖਣ ਵਿਚ ਆਇਆ। ਝੀਲ ਦੇ ਪਿਛਲੇ ਪਾਸੇ ਗੁਰੁਦਆਰਾ ਗੁਰਸਾਗਰ ਵਿਖੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਾ ਇਕੱਠ ਵਿਚ ਵੱਖ- ਵੱਖ ਆਗੂਆਂ ਨੇ ਸੰਘਰਸ਼ ਨੂੰ ਤਿੱਖਾ ਕਰਨ ਅਤੇ ਇਸ ਨੂੰ ਵਿਆਪਕ ਰੂਪ ਦੇਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ।

ਵਰਣਨਯੋਗ ਗੱਲ ਇਹ ਸੀ ਕਿ ਇਸ ਇਕੱਤਰਤਾ ਵਿਚ ਨੌਜਵਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਦਲ ਖਾਲਸਾ ਦੇ ਇਕ ਨੌਜਵਾਨ ਸੁਖਵਿੰਦਰ ਸਿੰਘ ਨੇ ਪੰਜਾਬ ਬੰਦ ਕਰਨ ਦਾ ਸੁਝਾਅ ਦਿੱਤਾ, ਜਦ ਕਿ ਬੀਬੀ ਪ੍ਰੀਤਮ ਕੌਰ ਨੇ ਤਜਵੀਜ਼ ਪੇਸ਼ ਕੀਤੀ ਕਿ ਸੰਗਤਾਂ ਹਰ ਰੋਜ਼ ਵੱਡੀ ਗਿਣਤੀ ਵਿਚ ਪਿੰਡ ਹਸਨਪੁਰ ਵੱਲ ਮਾਰਚ ਕਰਨ, ਜਿੱਥੇ ਬਾਪੂ ਸੂਰਤ ਸਿੰਘ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਇਕ ਹੋਰ ਆਗੂ ਜਗਜੀਤ ਸਿੰਘ ਮੁਕੰਦਪੁਰੀ ਨੇ ਬੁੱਧੀਜੀਵੀਆਂ ਦੀ ਜ਼ਮੀਰ ਨੂੰ ਝੰਜੋੜਦਿਆਂ ਕਿਹਾ ਕਿ ੳਨ੍ਹਾਂ ਨੂੰ ਖਾਮੋਸ਼ ਨਹੀਂ ਰਹਿਣਾ ਚਾਹੀਦਾ ਅਤੇ ਇਸ ਮੁਿਹੰਮ ਵਿਚ ਤੁਰੰਤ ਸ਼ਾਮਲ ਹੋਣਾ ਚਾਹੀਦਾ ਹੈ। ਹਰਪਾਲ ਸਿੰਘ ਚੀਮਾ ਨੇ ਸੰਘਰਸ਼ ਨੂੰ ਤਿੱਖਾ ਕਰਨ ਲਈ ਕੁਝ ਅਹਿਮ ਤੇ ਠੋਸ ਨੁਕਤੇ ਪੇਸ਼ ਕੀਤੇ, ਪਰ ਨਾਲ ਹੀ ਸੰਗਤਾਂ ਨੂੰ ਚੌਕਸ ਕੀਤਾ ਕਿ ਸਰਕਾਰ ਸੰਘਰਸ਼ ਨੂੰ ਲੰਮਾ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ ਤਾਂ ਜੋ ਲੋਕ ਸਮਾਂ ਪਾ ਕੇ ਥੱਕ-ਟੁੱਟ ਜਾਣ ਅਤੇ ਸੰਘਰਸ਼ ਅਸਫ਼ਲ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਇਸ ਲਈ ਵੀ ਸਫ਼ਲ ਹੋਵੇਗਾ ਕਿਉਂਕਿ ਬਾਪੂ ਸੂਰਤ ਸਿੰਘ ਦ੍ਰਿੜ ਇਰਾਦੇ ਦੇ ਮਾਲਕ ਹਨ ਅਤੇ ਹਰ ਮੁਸ਼ਕਲ ਤੇ ਰੁਕਾਵਟ ਦੇ ਖਿਲਾਫ ਅਡੋਲ ਖੜ੍ਹੇ ਹਨ। ਇਸ ਲਈ ਇਸ ਲੰਮੀ ਲੜਾਈ ਵਿਚ ਸੰਘਰਸ਼ ਹੋਰ ਵਿਸ਼ਾਲ ਤੇ ਤਿੱਖਾ ਹੋਵੇਗਾ।

ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸ. ਗੁਰਦੀਪ ਸਿੰਘ ਦੇ ਸੁਝਅ ’ਤੇ ਇਕੱਤਰਤਾ ਖ਼ਤਮ ਹੋਣ ਪਿੱਛੋਂ ਸਾਰੀ ਸੰਗਤ ਨੇ ਝੀਲ ਦੇ ਇਕ ਪਾਸੇ ਕਤਾਰ ਵਿਚ ਖੜ੍ਹੋ ਹੋ ਕੇ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ।ਜਦੋਂ ਸੰਗਤ ਗੁਰੁਦਆਰਾ ਗੁਰਸਾਗਰ ਤੋਂ ਝੀਲ ਵੱਲ ਵਧ ਰਹੀ ਸੀ ਤਾਂ ਅੱਗੋਂ ਪੁਲਿਸ ਦੀ ਭਾਰੀ ਫੋਰਸ ਨੇ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਲਿਆ। ਲੇਕਿਨ ਜਦੋਂ ਸੰਘਰਸ਼ ਦੇ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਇਕ ਕਤਾਰ ਵਿਚ ਖੜ੍ਹੇ ਹੋ ਕੇ ਅਤੇ ਪੁਰ-ਅਮਨ ਰਹਿ ਕੇ ਰੋਸ ਪ੍ਰਗਟ ਕਰਨਗੇ ਤਾਂ ਇਸ ਯਕੀਨ ’ਤੇ ਪੁਲਿਸ ਇਕ ਪਾਸੇ ਹੋ ਗਈ ਤੇ ਕਰੀਬ 250 ਵਲੰਟੀਅਰਾਂ ਨੇ ਇਕ ਕਤਾਰ ਵਿਚ ਖੜ੍ਹੇ ਹੋ ਕੇ ਬਾਪੂ ਸੂਰਤ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਇਸ ਨਾਲ ਝੀਲ ’ਤੇ ਆਉਣ ਵਾਲੇ ਲੋਕਾਂ ਅਤੇ ਸੈਲਾਨੀਆਂ ਨੇ ਸੰਘਰਸ਼ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਟੀਵੀ ਚੈਨਲਾਂ ਨੇ ਤਸਵੀਰਾਂ ਖਿੱਚੀਆਂ।

ਦਿਲਚਸਪ ਗੱਲ ਇਹ ਹੈ ਕਿ ਬਾਪੂ ਸੂਰਤ ਸਿੰਘ ਦੇ ਦ੍ਰਿੜ ਅਤੇ ਅਡੋਲ ਇਰਾਦੇ ਨੂੰ ਵੇਖਦਿਆਂ ਨੌਜਵਾਨਾਂ ਦੇ ਅੰਦਰ ਸਹਿਜੇ-ਸਹਿਜੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਹੱਕ ਵਿਚ ਹਮਰਦਰਦੀ ਦੀ ਇਕ ਲਹਿਰ ਪੈਦਾ ਹੋ ਰਹੀ ਹੈ। ਖੁਫ਼ੀਆ ਏਜੰਸੀ ਦੇ ਇਕ ਸੂਤਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਉਂ ਜਾਪਦਾ ਹੈ ਕਿ ਇਹ ਸੰਘਰਸ਼ ਅਗਲੇ ਕੁਝ ਦਿਨਾਂ ਲਈ ਵਿਸ਼ਾਲ ਰੂਪ ਅਖ਼ਤਿਆਰ ਕਰ ਸਕਦਾ ਹੈ ਤੇ ਤੇਜ਼ ਵੀ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਸੰਘਰਸ਼ ਦਾ ਕੇਂਦਰ ਹਸਨਪੁਰ ਹੀ ਹੋ ਜਾਵੇ।ਉਧਰ ਰਾਜਨੀਤਕ ਸੂਤਰਾਂ ਅਨੁਸਾਰ ਸਰਕਾਰ ਸੰਘਰਸ਼ ਦੀਆਂ ਸਰਗਰਮੀਆਂ ’ਤੇ ਤਿੱਖੀ ਨਿਗਾਹ ਰੱਖ ਰਹੀ ਹੈ। ਬਾਦਲ ਸਰਕਾਰ ਮੋਗਾ ਬੱਸ ਕਾਂਡ ਵਿਚ ਹੋ ਰਹੀ ਬਦਨਾਮੀ ਤੋਂ ਬੇਹੱਦ ਪ੍ਰੇਸ਼ਾਨ ਹੈ ਅਤੇ ਲੋਕ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਪੰਜਾਬ ਵਿਚ ਧੀਆਂ-ਭੈਣਾਂ ਦੀ ਇੱਜ਼ਤ ਬਾਦਲ ਦੇ ਰਾਜ ਵਿਚ ਸੁਰੱਖਿਅਤ ਨਹੀਂ। ਵੱਡੇ ਬਾਦਲ ਇਸ ਗੱਲ ਤੋਂ ਬੜੇ ਪ੍ਰੇਸ਼ਾਨ ਹਨ ਕਿ ਜਿਸ ਤਰ੍ਹਾਂ ਬਾਦਲ ਸਰਕਾਰ ਵਿਰੁੱਧ ਲੋਕਾਂ ਦੀ ਨਫ਼ਰਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਉਨ੍ਹਾਂ ਨੂੰ ਡਰ ਹੈ ਕਿ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਵਜੋਂ ਤਾਜਪੋਸ਼ੀ ਦਾ ਸੰਭਾਵੀ ਪ੍ਰੋਗਰਾਮ ਧਰਿਆ-ਧਰਾਇਆ ਹੀ ਨਾ ਰਹਿ ਜਾਵੇ।ਦੂਜੇ ਪਾਸੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਮਨੁੱਖੀ ਅਧਿਕਾਰਾਂ ਦੇ ਘੇਰੇ ਵਿਚ ਆ ਗਈ ਹੈ ਅਤੇ ਸੂਤਰਾਂ ਮੁਤਾਬਕ ਇਹ ਕੌਮੀ ਪੱਧਰ ਦਾ ਰੂਪ ਅਖ਼ਤਿਆਰ ਕਰ ਸਕਦੀ ਹੈ।

ਸੂਤਰਾਂ ਮੁਤਾਬਕ ਜੇਕਰ ਅਗਲੇ ਕੁਝ ਦਿਨਾਂ ਵਿਚ ਬਾਪੂ ਸੂਰਤ ਸਿੰਘ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਅਤੇ ਇਸ ਹਾਲਤ ਵਿਚ ਜੇ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦੀ ਹੈ ਤਾਂ ਇਹ ਗੱਲ ਯਕੀਨਨ ਹੈ ਕਿ ਹਸਪਤਾਲ ਵਿਚ ਵੀ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ। ਇਕ ਸੂਤਰ ਮੁਤਾਬਕ ਬਾਪੂ ਦੀ ਭੁੱਖ ਹੜਤਾਲ ਮਨੀਪੁਰ ਦੀ ਇਕ ਬਹਾਦਰ ਔਰਤ ਇਰੋਮ ਸ਼ਰਮਿਲਾ ਵਾਂਗ ਲਮਕ ਸਕਦੀ ਹੈ, ਜੋ 12 ਸਾਲ ਤੋਂ ਉਹ ਆਪਣੀ ਮੰਗ ਦੇ ਹੱਕ ਵਿਚ ਭੁੱਖ ਹੜਤਾਲ ’ਤੇ ਬੈਠੀ ਹੋਈ ਹੈ। ਲੇਕਿਨ ਦੂਜੇ ਪਾਸੇ ਇਕ ਹੋਰ ਸੂਤਰ ਨੇ ਦੱਸਿਆ ਕਿ ਬਾਪੂ ਸੂਰਤ ਸਿੰਘ ਦੀ ਉਮਰ ਵਡੇਰੀ ਹੋਣ ਕਰਕੇ ਉਹ ਬਹੁਤਾ ਚਿਰ ਜੀਵਤ ਨਹੀਂ ਰਹਿ ਸਕਦੇ। ਇਸ ਲਈ ਬਾਦਲ ਸਰਕਾਰ ਕਸੂਤੀ ਫਸ ਗਈ ਹੈ ਕਿ ਬਾਪੂ ਸੂਰਤ ਸਿੰਘ ਨੂੰ ਗ੍ਰਿ਼ਫ਼ਤਾਰ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ।ਦੂਜੇ ਪਾਸੇ ਬਾਦਲ ਸਾਹਿਬ ਇਹ ਖ਼ਬਰ ਸੁਣ ਕੇ ਵੀ ਬੜੇ ਪ੍ਰੇਸ਼ਾਨ ਹਨ, ਜਿਸ ਵਿਚ ਪੁਲਿਸ ਦੇ ਇਕ ਚੋਟੀ ਦੇ ਅਧਿਕਾਰੀ ਵੱਲੋਂ ਸੰਤ ਜਰਨੈਲ ਸਿੰਘ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਉਨ੍ਹਾਂ ਦੀਆਂ ਤਸਵੀਰਾਂ ਪਾੜੀਆਂ ਗਈਆਂ। ਇਸ ਕਾਰਵਾਈ ਨਾਲ ਨੌਜਵਾਨਾਂ ਵਿਚ ਗੁੱਸਾ ਤੇ ਰੋਸ ਪੈਦਾ ਹੋ ਰਿਹਾ ਹੈ ਅਤੇ ਇਹ ਮਾਮਲਾ ਇੰਨਾ ਗੰਭੀਰ ਬਣ ਗਿਆ ਹੈ ਕਿ ਇਹ ਅਕਾਲ ਤਖ਼ਤ ਤੱਕ ਪਹੁੰਚ ਸਕਦਾ ਹੈ। ਕਿਉਂਕਿ ਸੰਤ ਜਰਨੈਲ ਸਿੰਘ ਨੂੰ ਸਮੁੱਚੇ ਖਾਲਸਾ ਪੰਥ ਨੇ 20ਵੀਂ ਸਦੀ ਦਾ ਮਹਾਨ ਸਿੱਖ ਕਰਾਰ ਦਿੱਤਾ ਹੋਇਆ ਹੈ ਅਤੇ ਅਕਾਲ ਤਖ਼ਤ ਨੇ ਉਨ੍ਹਾਂ ਨੂੰ ਸ਼ਹੀਦ ਦੀ ਪਦਵੀ ਨਾਲ ਸਨਮਾਨਤ ਕੀਤਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੀ ਤਸਵੀਰ ਵੀ ਅਜਾਇਬ ਘਰ ਵਿਚ ਲੱਗੀ ਹੋਈ ਹੈ। ਸੂਤਰਾਂ ਮੁਤਾਬਕ ਅਕਾਲ ਤਖਤ ਇਸ ਪੁਲਿਸ ਅਫ਼ਸਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਸਕਦਾ ਹੈ।

ਰਾਜਨੀਤਕ ਸੂਤਰਾਂ ਮੁਤਾਬਕ ਨੁਮਾਇੰਦਿਆਂ ’ਤੇ ਆਧਾਰਤ ਇਹ ਭਰਵਾਂ ਇਕੱਠ ਵੀ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਚੁੱਕਣ ਲਈ ਮਜਬੂਰ ਕਰ ਰਿਹਾ ਹੈ। ਹੋ ਸਕਦਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਸਰਕਾਰ ਇਸ ਦਿਸ਼ਾ ਵਿਚ ਕੇਂਦਰ ਸਰਕਾਰ ਤੱਕ ਪਹੁੰਚ ਕਰੇ। ਸੂਤਰਾਂ ਮੁਤਾਬਕ ਬਾਦਲ ਸਾਹਿਬ ਆਪਣੇ ਵੱਲੋਂ ਕੁਝ ਬੰਦੀਆਂ ਨੂੰ ਰਿਹਾਅ ਕਰਨ ਦਾ ਕਾਨੂੰਨੀ ਅਧਿਕਾਰ ਰੱਖਦੇ ਹਨ। ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸ. ਗੁਰਦੀਪ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਕਦਮ ਬਾਦਲ ਸਾਹਿਬ ਦੇ ਬਾਕਾਇਦਾ ਅਧਿਕਾਰ ਖੇਤਰ ਵਿਚ ਆਉਂਦਾ ਹੈ ਅਤੇ ਉਨ੍ਹਾਂ ਨੇ ਕੁਝ ਚਿਰ ਪਹਿਲਾਂ ਦੋ ਬੰਦੀਆਂ ਦੇ ਮਾਮਲੇ ਵਿਚ ਇਸ ਅਧਿਕਾਰ ਦੀ ਵਰਤੋਂ ਵੀ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਫਿਰ ਸਿੱਖ ਬੰਦੀਆਂ ਦੇ ਮਾਮਲੇ ਵਿਚ ਬਾਦਲ ਸਾਹਿਬ ਆਖਰ ਖਾਮੋਸ਼ ਕਿਉਂ ਹਨ?

ਅੱਜ ਦੀ ਇਕੱਤਰਤਾ ਵਿਚ ਜਿਹੜੀਆਂ ਜਥੇਬੰਦੀਆਂ ਸ਼ਾਮਲ ਹੋਈਆਂ, ਉਨ੍ਹਾਂ ਵਿਚ 13 ਮੈਂਬਰਾਂ ’ਤੇ ਆਧਾਰਤ ਸ. ਗੁਰਦੀਪ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਮੇਟੀ ਤੋਂ ਇਲਾਵਾ ਸ਼੍ਰ੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਨੁਮਾਇੰਦੇ ਸ. ਜਸਵੰਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਸ. ਗੁਰਦੀਪ ਸਿੰਘ, ਦਲ ਖਾਲਸਾ ਦੇ ਸ. ਮਨਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਉਪ ਪ੍ਰਧਾਨ ਸ. ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਮਨਧੀਰ ਸਿੰਘ, ਸ. ਕਮਿੱਕਰ ਸਿੰਘ, ਸ. ਅਮਰੀਕ ਸਿੰਘ ਈਸੜੂ, ਅਖੰਡ ਕੀਰਤਨੀ ਜਥੇ ਦੇ ਆਰ. ਪੀ. ਸਿੰਘ, ਦਮਦਮੀ ਟਕਸਾਲ ਦੇ ਅਮਰੀਕ ਸਿੰਘ ਅਜਨਾਲਾ, ਬਾਪੂ ਸੂਰਤ ਸਿੰਘ ਦੀ ਬੇਟੀ ਸਰਬਇੰਦਰ ਕੌਰ, ਸ. ਜਸਵਿੰਦਰ ਸਿੰਘ ਬਰਾੜ, ਬੀਬੀ ਪ੍ਰੀਤਮ ਕੌਰ ਅਤੇ ਕਈ ਹੋਰ ਆਗੂ ਸ਼ਾਮਲ ਸਨ। ਇਸ ਇਕੱਤਰਤਾ ਵਿਚ ਸੰਘਰਸ਼ ਨੂੰ ਪਰਚੰਡ ਕਰਨ ਲਈ 10 ਮਈ ਨੂੰ ਪਿੰਡ ਹਸਨਪੁਰ ਵਿਚ ਅਖੰਡ ਪਾਠ ਦੇ ਭੋਗ ਮੌਕੇ ਇਕ ਪੰਥਕ ਸੰਮੇਲਨ ਕੀਤਾ ਜਾਵੇਗਾ, ਜਿਸ ਵਿਚ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਪਰ ਅਜੇ ਤੱਕ ਸੰਘਰਸ਼ ਕਮੇਟੀ ਨੇ ਇਹ ਨਹੀਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਰੂਪ-ਰੇਖਾ ਕਿਹੋ ਜਿਹੀ ਹੋਵੇਗੀ। ਇਸ ਨੂੰ ਹਾਲ ਦੀ ਘੜੀ ਗੁਪਤ ਰੱਖਿਆ ਗਿਆ ਹੈ। ਇਸ ਇਕੱਤਰਤਾ ਵਿਚ ਪਿਛਲੇ ਦਿਨੀਂ ਬਾਪੂ ਸੂਰਤ ਸਿੰਘ ਦੇ ਪੁੱਤਰ ਰਵਿੰਦਰਪਾਲ ਸਿੰਘ ਗੋਗੀ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਅਤੇ ਕੁੱਟਮਾਰ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਸ ਘਟਨਾ ਵਿਚ ਦੋਸ਼ੀ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਅੱਜ ਦੀ ਇਕੱਤਰਤਾ ਵਿਚ ਮੋਗਾ ਬੱਸ ਕਾਂਡ ਵੀ ਆਗੂਆਂ ਦੇ ਭਾਸ਼ਣਾਂ ਦਾ ਕੇਂਦਰ ਬਣਿਆ ਰਿਹਾ ਜਿਸ ਵਿਚ ਇਕ ਨੌਜਵਾਨ ਬੱਚੀ ਅਰਸ਼ਦੀਪ ਕੌਰ ਦਮ ਤੋੜ ਗਈ, ਜਦ ਕਿ ਉਸ ਦੀ ਮਾਤਾ ਸਿ਼ੰਦਰ ਕੌਰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੈ। ਇਕ ਮਤਾ ਪਾਸ ਕੀਤਾ ਗਿਆ ਕਿ ਇਹ ਘਟਨਾ ਉਨ੍ਹਾਂ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦੀ ਸਿਖ਼ਰ ਹੈ, ਜਿਸ ਵਿਚ ਔਰਬਿਟ ਬੱਸ ਦੇ ਮੁਲਾਜ਼ਮ ਮਾਲਕਾਂ ਦੀ ਸ਼ਹਿ ’ਤੇ ਸਵਾਰੀਆਂ ਨਾਲ ਅਣਗਿਣਤ ਵਾਰ ਬਦਤਮੀਜ਼ੀ ਨਾਲ ਪੇਸ਼ ਆਉਂਦੇ ਰਹੇ ਹਨ। ਇਸ ਲਈ ਡਰਾਈਵਰ ਤੇ ਕੰਡਕਟਰ ਵਿਰੁੱਧ ਕਤਲ ਦੇ ਮੁਕੱਦਮੇ ਦਰਜ ਕਰਨ ਦੇ ਨਾਲ-ਨਾਲ ਔਰਬਿਟ ਬੱਸ ਦੇ ਮਾਲਕਾਂ ਦੇ ਵਿਰੁੱਧ ਵੀ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version