ਨਿਊਯਾਰਕ: ਮਨੁੱਖੀ ਅਧਿਕਾਰਾਂ ਲਈ ਸਰਗਰਮ ਅਤੇ ਖ਼ਾਲਿਸਤਾਨ ਹਮਾਇਤੀ ਜਥੇਬੰਦੀਆਂ ਵੱਲੋਂ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਭਾਰਤ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਕਿ ਉਹ ਖ਼ੁਦਮੁਖਤਿਆਰੀ ਦੇ ਲਈ ਰਾਏਸ਼ੁਮਾਰੀ ਦੀ ਹਮਾਇਤ ਕਰਨ।
ਸਿੱਖ ਜਥੇਬੰਦੀਆਂ ਦੇ ਇਕ ਵਫ਼ਦ ਨੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੂੰ ਇਕ ਰਿਪੋਰਟ ਸੌਂਪੀ, ਜਿਸ ਦਾ ਸਿਰਲੇਖ-‘ਏ ਕੇਸ ਫ਼ਾਰ ਪੰਜਾਬ ਰੈਫ਼ਰੈਂਡਮ 2020-ਸਿੱਖਸ ਰਾਈਟ ਟੂ ਸੈਲਫ਼-ਡੀਟਰਮੀਨੇਸ਼ਨ-ਵਾਏ ਐਂਡ ਹਾਓ?’ ਹੈ। ਸਿੱਖ ਹੱਕਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ (ਐਸ. ਐਫ. ਜੇ.) ਦੀ ਇਸ ਰਿਪੋਰਟ ‘ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਾਰੇਸ ਨੂੰ ਸੰਬੋਧਨ ਕਰਦਿਆਂ ਹੋਇਆ ਸੰਯੁਕਤ ਰਾਸ਼ਟਰ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਸਿੱਖਾਂ ਦੇ ਖ਼ੁਦਮੁਖਤਿਆਰੀ ਦੇ ਅਧਿਕਾਰ ਨੂੰ ਅਸਲ ਰੂਪ ਦੇਣ ਦੇ ਲਈ ਪੰਜਾਬ ‘ਚ ਰਾਏ ਸ਼ੁਮਾਰੀ ਕਰਵਾਉਣ ਦੀ ਸਿੱਖਾਂ ਦੀ ਮੰਗ ਦਾ ਸਮਰਥਨ ਕਰਨ। ਸਿੱਖ ਜਥੇਬੰਦੀਆਂ ਅਤੇ ਉੱਤਰੀ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਵੱਖਰੇ ਦੇਸ਼ ਖ਼ਾਲਿਸਤਾਨ ਦੇ ਲਈ ‘ਪੰਜਾਬ ਦੀ ਆਜ਼ਾਦੀ ਰਾਏ ਸ਼ੁਮਾਰੀ’ ਨੂੰ ਸਮਰਥਨ ਦੇਣ।