Site icon Sikh Siyasat News

ਮੁਹਾਲੀ ਦੇ ਸਿੱਖ ਨੌਜਵਾਨ ਦਾ ਅਮਰੀਕਾ ਦੇ ਕੈਲੀਫੋਰਨੀਆ ‘ਚ ਮੈਕਸੀਕਨਾਂ ਵਲੋਂ ਕਤਲ

ਕੈਲੀਫੋਰਨੀਆ: ਸਾਊਥ ਸੈਕਰਾਮੈਂਟੋ ਦੀ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਰਾਤ 10.30 ਵਜੇ ਮੈਕਸੀਕੋ ਨਾਲ ਸੰਬੰਧਿਤ 2 ਬੰਦਿਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ ‘ਤੇ ਸਫ਼ਾਈ ਕਰ ਰਿਹਾ ਸੀ ਤੇ ਜਦੋਂ ਉਹ ਅੰਦਰ ਜਾਣ ਲੱਗਾ ਤਾਂ ਬਾਹਰ ਪਾਰਕਿੰਗ ਵਿਚ ਬੈਠੇ ਦੋ ਮੈਕਸੀਕੋ ਨਿਵਾਸੀਆਂ ਨੇ ਉਸ ਦੇ ਸੱਤ ਗੋਲੀਆਂ ਮਾਰੀਆਂ, ਜਿਨ੍ਹਾਂ ‘ਚੋਂ ਤਿੰਨ ਗੋਲੀਆਂ ਸਿਮਰਨਜੀਤ ਸਿੰਘ ਦੇ ਸਰੀਰ ਦੇ ਉਪਰਲੇ ਹਿੱਸੇ ‘ਚ ਲੱਗੀਆਂ ਤੇ ਉਹ ਮੌਕੇ ‘ਤੇ ਹੀ ਦਮ ਤੋੜ ਗਿਆ।

ਸਿਮਰਨਜੀਤ ਸਿੰਘ ਭੰਗੂ (ਫਾਈਲ ਫੋਟੋ)

ਵੇਰਵੇ ਅਨੁਸਾਰ ਸੈਕਰਾਮੈਂਟੋ ਕਾਉਂਟੀ ਸੈਰਫ ਇਨਵੈਸਟੀਮੇਟ ਡਿਪਾਰਟਮੈਂਟ ਅਨੁਸਾਰ ਇਸੇ ਗੈਸ ਸਟੇਸ਼ਨ ‘ਤੇ ਹੀ ਕੰਮ ਕਰ ਰਹੇ ਪਾਕਿਸਤਾਨੀ ਮੂਲ ਦੇ ਮੁਲਾਜ਼ਮ ਨਾਲ ਪਹਿਲਾਂ ਇਹ ਮਕਸੀਕਨ ਹੱਥੋਪਾਈ ਵੀ ਹੋਏ ਸਨ। ਉਸ ਤੋਂ ਬਾਅਦ ਉਹ ਅੰਦਰ ਜਾ ਕੇ 911 ‘ਤੇ ਫੋਨ ਕਰਨ ਚਲੇ ਗਏ। ਐਨੇ ਨੂੰ ਸਿਮਰਨਜੀਤ ਪਾਰਕਿੰਗ ਸਾਫ਼ ਕਰਕੇ ਅੰਦਰ ਜਾ ਰਿਹਾ ਸੀ ਤੇ ਬਿਨਾਂ ਵਜਾ ਮੈਕਸੀਕਨਾਂ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ।

ਕਤਲ ਦੇ ਦੋਸ਼ ‘ਚ ਪੁਲਿਸ ਵਲੋਂ ਗ੍ਰਿਫਤਾਰ ਮੈਕਸੀਕਨ

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਮੁਲਾਜ਼ਮ ਇਨ੍ਹਾਂ ਮੈਕਸੀਕਨਾਂ ਨੂੰ ਪਾਰਕਿੰਗ ਹਾਲ ਵਿਚ ਸ਼ਰਾਬ ਪੀਣ ਤੋਂ ਰੋਕਣ ਗਿਆ ਸੀ ਜਿਸ ਕਰਕੇ ਉਸ ਨਾਲ ਹੱਥੋਪਾਈ ਹੋ ਗਏ ਤੇ ਬਾਅਦ ਵਿਚ ਸਿਮਰਨਜੀਤ ਸਿੰਘ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਕੀ ਗੱਲ ਹੋਈ ਹੈ। ਸਿਮਰਨਜੀਤ ਸਿੰਘ ਪੰਜਾਬ ਦੇ ਮੁਹਾਲੀ ਦਾ ਰਹਿਣ ਵਾਲਾ ਸੀ ਤੇ ਤਿੰਨਾਂ ਭੈਣਾਂ ਦਾ ਇਕ ਭਰਾ ਸੀ ਤੇ ਵਿਦਿਆਰਥੀ ਵੀਜ਼ੇ ‘ਤੇ ਸਿਰਫ਼ ਡੇਢ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ ਤੇ ਆਪਣੀ ਭੈਣ ਤੇ ਜੀਜੇ ਕੋਲ ਰਹਿੰਦਾ ਸੀ। ਸ਼ੁਕੱਰਵਾਰ (28 ਜੁਲਾਈ) ਸ਼ੈਰਫ਼ ਡਿਪਾਰਟਮੈਂਟ ਨੇ ਮੌਕੇ ‘ਤੋਂ ਭੱਜੇ ਮੈਕਸੀਕਨ ਜਿਸ ਦਾ ਨਾਂਅ ਅਲੈਗਜ਼ੈਂਡਰ ਲੋਪੇਜ਼ ਦੱਸਿਆ ਗਿਆ ਹੈ, ਨੂੰ ਫੜ ਲਿਆ ਹੈ। ਇਸ ਤੋਂ ਇਲਾਵਾ ਪੁਲਿਸ ਮੁਤਾਬਕ ਦੋ ਹੋਰ ਬੰਦਿਆਂ ਦੀ ਭਾਲ ਜਾਰੀ ਹੈ ਜੋ ਇਸ ਕਤਲ ਵਿਚ ਲੋੜੀਂਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version