Site icon Sikh Siyasat News

ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ – ਸ਼੍ਰੋ. ਗੁ. ਪ੍ਰ. ਕਮੇਟੀ

ਅੰਮ੍ਰਿਤਸਰ –  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ‘ਮਾਤਮੀ ਬਿਗਲ’ ਵਜਾਉਣ ਦੇ ਕੀਤੇ ਫੈਸਲੇ ਨੂੰ ਗੁਰਮਤਿ ਮਰਯਾਦਾ ਦੇ ਵਿਰੁੱਧ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ, ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਹਿਬਜ਼ਾਦਿਆਂ ਨੇ ਹੱਕ, ਸੱਚ ਅਤੇ ਧਰਮ ਦੀ ਖ਼ਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਫੈਸਲਾ ਲੈ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਲਾਸਾਨੀ ਅਤੇ ਵਿਲੱਖਣ ਪੈੜ ਪਾਈ। ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ, ਪਰ ਉਨ੍ਹਾਂ ਦੀ ਸਿੱਖੀ ਪ੍ਰਤੀ ਦ੍ਰਿੜ੍ਹਤਾ ਪ੍ਰੋੜ੍ਹ ਉਮਰ ਤੋਂ ਘੱਟ ਨਹੀਂ ਸੀ।
ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਭਾਵਨਾ ਨੂੰ ਦਰਕਿਨਾਰ ਨਾ ਕਰੇ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਪੈੜਾਂ ’ਤੇ ਚੱਲਦਿਆਂ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਖ਼ੁਦ ਜੈਕਾਰੇ ਗਜਾ ਕੇ ਕੌਮ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਲਾਲਚ ਅਤੇ ਡਰਾਵੇ ਦੀ ਪ੍ਰਵਾਹ ਨਾ ਕਰਦਿਆਂ ਮੁਗਲ ਹਾਕਮ ਨੂੰ ਵੱਡੀ ਚੁਣੌਤੀ ਦਿੱਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਸ਼ਹੀਦ ਕੌਮ ਲਈ ਪ੍ਰੇਰਣਾ ਸਰੋਤ ਹਨ, ਜਿਨ੍ਹਾਂ ਨੂੰ ਕੌਮ ਰੋਜ਼ਾਨਾ ਅਰਦਾਸ ਵਿਚ ਯਾਦ ਕਰਕੇ ਸ਼ਕਤੀ ਅਤੇ ਅਗਵਾਈ ਪ੍ਰਾਪਤ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version