Site icon Sikh Siyasat News

ਪੰਥ ਅਤੇ ਪੰਜਾਬ ਦੇ ਮਸਲਿਆਂ ਤੇ ਤਿੰਨ ਦਲਾਂ ਨੇ ਇਕੱਤਰਤਾ ਸੱਦੀ; ਹੋਰਨਾਂ ਧਿਰਾਂ ਨੂੰ ਸੱਦਾ ਭੇਜਿਆ

ਅੰਮ੍ਰਿਤਸਰ: ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਭੱਖਦੇ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਇਹਨਾਂ ਨਾਲ ਨਜਿਠੱਣ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ ਸੰਘਰਸ਼ੀਲ ਜਥੇਬੰਦੀਆਂ ਦੀ ਇੱਕ ਇੱਕਤਰਤਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 26 ਜੁਲਾਈ ਨੂੰ ਬੁਲਾਈ ਗਈ ਹੈ।

ਇਕੱਤਰਤਾ ਸੱਦਣ ਦਾ ਫੈਸਲਾ ਸਾਂਝੇ ਤੌਰ ਉਤੇ ਦਲ ਖਾਲਸਾ, ਸ਼੍ਰੋਮਣੀਅਕਾਲੀ ਦਲ ਅੰਮ੍ਰਿਤਸਰ ਮਾਨ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਕੀਤਾ ਗਿਆ ਹੈ। ਇਸ ਇਕੱਤਰਤਾ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਬਹੁ ਜਨ ਸਮਾਜ ਪਾਰਟੀ, ਬਹੁਜਨ ਮੁਕਤੀ ਮੋਰਚਾ, ਡਾ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਵਿਦਿਆਰਥੀ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ ।

ਇਸ ਤੋਂ ਇਲਾਵਾ ਸ. ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ, ਮਨਧੀਰ ਸਿੰਘ, ਨਾਰਾਇਣ ਸਿੰਘ, ਰਾਜਵਿੰਦਰ ਸਿੰਘ ਬੈਂਸ, ਹਰਸਿਮਰਨ ਸਿੰਘ ਆਨੰਦਪੁਰ ਸਾਹਿਬ, ਸਾਬਕਾ ਸ਼੍ਰੋਮਣੀ ਕਮੱਟੀ ਸਕੱਤਰ ਹਰਚਰਨ ਸਿੰਘ ਨੂੰ ਵੀ ਸੱਦਾ ਭੇਜਿਆ ਗਿਆ ਹੈ ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਮੀਟਿੰਗ ਦੌਰਾਨ ਮੈਬਰਾਂ ਨਾਲ ਗੱਲਬਾਤ ਕਰਦੇ ਹੋਏ

ਖਬਰਖਾਨੇ ਨੂੰ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਨੂੰ ਮਨਾਉਣ, ਸਤਲੁਜ-ਯੁਮਨਾ ਲਿੰਕ ਨਹਿਰ, ਬਰਗਾੜੀ ਬੇਅਦਬੀ ਕਾਂਡ, ਪੰਜਾਬ ਸਰਕਾਰ ਵਲੋਂ 4 ਉਮਰ ਕੈਦੀ ਪੁਲਿਸ ਕਰਮਚਾਰੀਆਂ ਨੂੰ ਮੁਆਫੀ ਦੇਣ ਅਤੇ ਸਿੱਖ ਨਜ਼ਰਬੰਦਾਂ ਦਾ ਲੰਮੇ ਸਮੇ ਤੋਂ ਲਮਕ ਰਿਹਾ ਰਿਹਾਈਆਂ ਦਾ ਮੁੱਦਾ ਵਿਚਾਰਿਆ ਜਾਵੇਗਾ ਅਤੇ ਇਹਨਾਂ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਤਿਆਰ ਕੀਤਾ ਜਾਵੇਗੀ।

ਉਹਨਾਂ ਕਿਹਾ ਕਿ ਬਰਗਾੜੀ ਕਾਂਡ ਵਿੱਚ ਸੀ ਬੀ ਆਈ ਵਲੋਂ ਮਾਮਲਾ ਬੰਦ ਕਰਨ ਲਈ ਕਹਿਣ ਉਤੇ ਬਾਦਲ ਅਤੇ ਕਾਂਗਰਸ ਹਲਕੇ ਦਰਜੇ ਦੀ ਰਾਜਨੀਤੀ ਕਰ ਰਹੇ ਹਨ ਅਤੇ ਦੋਵੇਂ ਹੀ ਇੱਕ-ਦੂਜੇ ਨੂੰ ਕੋਸਕੇ ਆਪਣੇ-ਆਪ ਨੂੰ ਦੁੱਧ ਧੋਤਾ ਸਿੱਧ ਕਰਨ ਵਿੱਚ ਲੱਗੇ ਹਨ। ਉਹਨਾਂ ਕਿਹਾ ਕਿ ਸਿੱਖਾਂ ਨੂੰ ਸੀ.ਬੀ.ਆਈ ਤੋਂ ਇਨਸਾਫ ਦੀ ਨਾਂ ਤਾਂ ਕਦੇ ਕੋਈ ਉਮੀਦ ਸੀ ਅਤੇ ਨਾ ਹੈ। ਉਹਨਾਂ ਕਿਹਾ ਕਿ ਨਕਲੀ ਗੁਰੂਡੰਮ ਵਲੋਂ ਜਦ ਵੀ ਗੁਰੂ ਸਾਹਿਬਾਨ ਦੀ ਬੇਹੁਰਮਤੀ ਕੀਤੀ ਗਈ ਹੈ, ਭਾਰਤੀ ਤੰਤਰ ਦੀ ਰਾਜ-ਪ੍ਰਣਾਲ਼ੀ ਅਤੇ ਨਿਆਪ੍ਰਣਾਲੀ ਵਲੋਂ ਇਨਸਾਫ ਨਹੀਂ ਕੀਤਾ ਗਿਆ, ਸਗੋਂ ਇਨ੍ਹਾਂ ਨੇ ਨਕਲੀ ਗੁਰੂਡੰਮ ਦੀ ਪ੍ਰਥਾ ਚਲਾਉਣ ਵਾਲਿਆਂ ਦਾ ਸਾਥ ਦਿੱਤਾ ਹੈ।

ਉਹਨਾਂ ਦਸਿਆ ਕਿ ਮੀਟਿੰਗ ਸੱਦਣ ਦਾ ਫੈਸਲਾ ਤਿੰਨੇ ਦਲਾਂ ਦੀ ਇੱਕ ਸਾਂਝੀ ਇਕੱਤਰਤਾ ਵਿੱਚ ਲਿਆ ਗਿਆ ਹੈ, ਜਿਸ ਵਿੱਚ ਪ੍ਰੋ ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਂਡਾ ਅਤੇ ਹੋਰਨਾਂ ਨੇ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version