Site icon Sikh Siyasat News

ਉਪਜ ਦੀ ਕੀਮਤ ਤੈਅ ਕਰਨ ਅਤੇ ਸਿੱਧੇ ਕੌਮਾਂਤਰੀ ਵਪਾਰ ਦੀ ਅਜ਼ਾਦੀ ਸੂਬਿਆਂ ਨੂੰ ਮਿਲੇ: ਡਾ. ਸਤਿੰਦਰ ਸਰਤਾਜ

ਚੰਡੀਗੜ੍ਹ: ਦਿੱਲੀ ਸਾਮਰਾਜ ਦੀ ਬਿੱਪਰਵਾਦੀ ਹਕੂਮਤ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਸੰਘਰਸ਼ ਦੌਰਾਨ ਜਿੱਥੇ ਕਿਸਾਨ ਰੇਲਾਂ ਦੀਆਂ ਪਟੜੀਆਂ ਉੱਤੇ ਆਸਣ ਲਾਈ ਬੈਠੇ ਹਨ ਓਥੇ ਦੂਜੇ ਪਾਸੇ ਸਮਾਜ ਦੇ ਵੱਖ-ਵੱਖ ਹਿੱਸੇ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਰਹੇ ਹਨ।

ਇਸ ਦੌਰਾਨ ਇਹ ਵਿਚਾਰ ਵੀ ਉੱਭਰ ਰਿਹਾ ਹੈ ਕਿ ਸੰਘਰਸ਼ ਦਾ ਟੀਚਾ ਰਿਆਇਤਾਂ ਜਾਂ ਸਹੂਲਤਾਂ ਦੀ ਬਹਾਲੀ ਤੋਂ ਅਗਾਂਹ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਹੋਣਾ ਬਣੇ।

ਇਸ ਮੌਕੇ ਅਦਾਕਾਰ ਤੇ ਕਲਾਕਾਰ ਵੀ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ ਤੇ ਮਾਮਲੇ ਦੇ ਹੱਲ ਬਾਰੇ ਆਪਣਾ ਨਜ਼ਰੀਆ ਪੇਸ਼ ਕਰ ਰਹੇ ਹਨ।

ਗਾਇਕ ਅਤੇ ਅਦਾਕਾਰ ਡਾ. ਸਤਿੰਦਰ ਸਰਤਾਜ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਪਜ ਦੀ ਕੀਮਤ ਤੈਅ ਕਰਨ ਅਤੇ ਸਿੱਧੇ ਕੌਮਾਂਤਰੀ ਵਪਾਰ ਦੀ ਅਜ਼ਾਦੀ ਸੂਬਿਆਂ ਨੂੰ ਮਿਲਣਾ ਚਾਹੀਦਾ ਹੈ।

ਇਹ ਪੂਰਾ ਬਿਆਨ ਹੇਠਾਂ ਪੜ੍ਹਿਆ ਜਾ ਸਕਦਾ ਹੈ:-

ਸਤਿ ਸ਼੍ਰੀ ਅਕਾਲ! ਅਸੀਂ ਕਿਸਾਨੀ ਜੱਦੋ-ਜਹਿਦ ਦੀ ਇਸ ਲਹਿਰ ਵਿੱਚ ਆਪਣਿਆਂ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਾਂ। ਖੇਤੀਬਾੜੀ ਸਾਡਾ ਸਿਰਫ਼ ਕਿੱਤਾ ਹੀ ਨਹੀਂ ਬਲਕਿ ਸਦੀਆਂ ਤੋਂ ਸਾਡੀ ਵਿਰਾਸਤੀ ਸਾਂਝ ਦਾ ਸਭ ਤੋਂ ਅਹਿਮ ਪਹਿਲੂ ਹੈ, ਇਸਦੇ ਸਦਕ਼ਾ ਹੀ ਸਾਡਾ ਸੱਭਿਆਚਾਰ ਅਤੇ ਤਹਿਜ਼ੀਬੀ ਅਮੀਰੀ ਸਿਰਜੀ ਗਈ ਹੈ । ਹਾਲ ਹੀ ਵਿੱਚ ਮੁਲਕ਼ ਦੀ ਕਿਸਾਨੀ ਦੇ ਮੁਤੱਲਕ ਜੋ ਬਿੱਲ ਲਿਆਂਦੇ ਗਏ ਹਨ ਉਹ ਜ਼ਮੀਨੀ ਵਿਰਸੇ ਦੇ ਹੱਕ ਵਿੱਚ ਨਹੀਂ। ਹੁਣ ਜਦਕਿ ਦੁਨੀਆ ਵਪਾਰਿਕ ਤੌਰ ‘ਤੇ ਇੱਕ ਯੁਨਿਟ ਹੈ ਤੇ ਜੇਕਰ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਦੇ ਮੌਕੇ ਦਿੱਤੇ ਜਾਂਦੇ ਹਨ ਤਾਂ ਕਿਸਾਨ ਨੂੰ ਆਪਣੇ ਮੁਲਕ਼ ਤੋਂ ਬਾਹਰ ਵੀ ਆਪਣੀ ਫ਼ਸਲ ਨੂੰ ਸਿੱਧਾ ਵੇਚਣ ਦਾ ਹੱਕ਼ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਹਾਲਤ ਵਿੱਚ ਕਿਸਾਨ ਨੂੰ ਸਬਸਿਡੀ (Process of Price Stabilization) ਮਿਲਣੀ ਚਾਹੀਦੀ ਹੈ। ਇਸ ਬਿੱਲ ਵਿੱਚ ਕਿਸਾਨੀ ਮਸਲਿਆਂ ਨੂੰ ਅਦਾਲਤੀ ਇਨਸਾਫ਼ ਤੋਂ ਵਾਂਝਾ ਰੱਖਣ ਦੀ ਦਫ਼ਾ ਨੂੰ ਬਿਲਕੁਲ ਵੀ ਸਵਿਕਾਰ ਨਹੀਂ ਕੀਤਾ ਜਾ ਸਕਦਾ। ਜ਼ਮੀਨੀ ਹਕ਼ੀਕ਼ਤਾਂ ਅਤੇ ਹਾਲਾਤਾਂ ਮੁਤਾਬਿਕ MSP ਸੂਬੇ ਵੱਲੋਂ ਮੁਕੱਰਰ ਹੋਣੀ ਚਾਹੀਦੀ ਹੈ ਅਤੇ ਇਹ C-2 (Comprehensive Costs) ਦੇ ਤਹਿਤ ਲਾਗੂ ਹੋਵੇ ਜਿਸ ਵਿੱਚ ਕਿ ਪਰਿਵਾਰਿਕ ਮੈਂਬਰਾਂ ਦੀ ਮਿਹਨਤ ਦਾ ਇਵਜ਼ਾਨਾ ਵੀ ਸ਼ਾਮਿਲ ਹੁੰਦਾ ਹੈ ਪਰ ਜੇਕਰ ਇਹ ਤਰਮੀਮ/ਸੋਧ ਮੁਮਕ਼ਿਨ ਨਹੀਂ ਤਾਂ ਤਮਾਮ ਕਿਸਾਨਾਂ ਵੱਲੋਂ ਮੁਖ਼ਾਲਫ਼ਤ ਦੀ ਆਵਾਜ਼ ਨੂੰ ਸੁਣਦਿਆਂ ਇਹ ਬਿੱਲ ਰੱਦ ਹੋਣੇ ਚਾਹੀਦੇ ਹਨ।

                                                                 – ਡਾ. ਸਤਿੰਦਰ ਸਰਤਾਜ।

 

ਇਸ ਤੰਦ ਨੂੰ ਛੂਹ ਕੇ ਇਸ ਬਿਆਨ ਨਾਲ ਜਾਰੀ ਕੀਤੇ ਗਈ ਵੀਡੀਓ ਵੇਖੋ:-

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version