Site icon Sikh Siyasat News

ਭਾਰਤ-ਪਾਕਿ ਹਵਾਈ ਝੜਪ ਤੋਂ ਬਾਅਦ ਗੁਰੂ ਰਾਮਦਾਸ ਹਵਾਈ ਅੱਡਾ ਬੰਦ ਹੋ ਕੇ ਮੁੜ ਖੁੱਲਿਆ

ਅੰਮ੍ਰਿਤਸਰ (27 ਫਰਵਰੀ, 2019): ਅੱਜ ਦਿਨ ਦੀ ਚੜਾਅ ਨਾਲ ਹੀ ਪਾਕਿਸਤਾਨੀ ਲੜਾਕੂ ਜਹਾਜਾਂ ਦੇ ਹਮਲੇ ਅਤੇ ਇਸ ਦੀ ਜਵਾਬੀ ਕਾਰਵਾਈ ਕਰਨ ਗਏ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੂੰ ਪਾਕਿਸਤਾਨ ਵਲੋਂ ਸੁੱਟ ਕੇ ਹਵਾਈ ਫੌਜੀ ਨੂੰ ਫੜ੍ਹ ਲੈਣ ਦੀਆਂ ਖਬਰਾਂ ਬਾਅਦ ਸਰਹੱਦੀ ਜਿਲ੍ਹੇ ਅੰਮ੍ਰਿਤਸਰ ਵਿਚ ਵੀ ਚਰਚਾ ਦਾ ਵਿਸ਼ਾ ਰਹੀਆਂ। ਹਵਾਈ ਝੜਪ ਦੀਆਂ ਖਬਰਾਂ ਤੋਂ ਬਾਅਦ ਨਾਲ ਹੀ ਇਹ ਖਬਰ ਸੁਨਣ ਨੂੰ ਮਿਲੀ ਕਿ ਭਾਰਤ ਸਰਕਾਰ ਵਲੋਂ ਜਿਹੜੇ ਹਵਾਈ ਅੱਡਿਆਂ ਨੂੰ ਆਮ ਲੋਕਾਂ ਤੇ ਹਵਾਈ ਉਡਾਣਾ ਲਈ ਬੰਦ ਕਰ ਦਿੱਤਾ ਗਿਆ ਹੈ ਉਸ ਵਿੱਚ ਅੰਮ੍ਰਿਤਸਰ ਸਾਹਿਬ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਸ਼ਾਮਿਲ ਹੈ।

ਰਾਜਾਸਾਂਸੀ ਹਵਾਈ ਅੱਡੇ ਦਾ ਦ੍ਰਿਸ਼

ਪੰਜਾਬ ਪੁਲਿਸ ਅਤੇ ਹਵਾਈ ਅੱਡੇ ਦੀ ਰਾਖੀ ਲਈ ਤਾਇਨਾਤ ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫੋਰਸ ਨੇ ਹਵਾਈ ਅੱਡੇ ਨੂੰ ਜਾਂਦੇ ਰਾਹ ਤੇ ਰੋਕਾਂ ਲਾ ਦਿੱਤੀਆਂ ਤੇ ਰਾਹ ਬੰਦ ਕਰ ਦਿੱਤਾ।

ਹਵਾਈ ਅੱਡਾ ਬੰਦ ਕੀਤੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਦੂਰ ਦੂਰੇਡੇ ਜਾਣ ਵਾਲੇ ਮੁਸਾਫਿਰ ਰੇਲਾਂ, ਬੱਸਾਂ ਤੇ ਨਿਜੀ ਟੈਕਸੀਆਂ ਵੱਲ ਦੋੜੇ।

ਉਧਰ ਮੁਸਾਫਿਰਾਂ ਦੀ ਖਜਲ ਖੁਆਰੀ ਦਾ ਪਤਾ ਲਗਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਸ਼੍ਰੋ.ਗੁ.ਪ੍ਰ.ਕ. ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਕਿ ਲੋੜਵੰਦ ਮੁਸਾਫਿਰਾਂ ਲਈ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਏ।

ਇਹ ਤਸਦੀਕ ਕਰਦਿਆਂ ਸ਼੍ਰੋ.ਗੁ.ਪ੍ਰ.ਕ. ਮੁਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਅਜੇ ਤੀਕ ਕੋਈ ਅਜੇਹੀ ਲੋੜ ਦੀ ਖਬਰ ਤਾਂ ਨਹੀ ਹੈ ਲੇਕਿਨ ਕਮੇਟੀ ਨੇ ਰਿਹਾਇਸ਼ ਲਈ ਮਾਤਾ ਗੰਗਾ ਨਿਵਾਸ ਅਜੇਹੇ ਮੁਸਾਫਿਰਾਂ ਲਈ ਰਾਖਵਾਂ ਕਰ ਲਿਆ ਹੈ।

ਪਰ ਬਾਅਦ ਦੁਪਿਹਰ ਤਿੰਨ ਵਜੇ ਦੇ ਕਰੀਬ ਜਿਉਂ ਹੀ ਹਵਾਈ ਅੱਡੇ ਮੁੜ ਖੁੱਲ ਜਾਣ ਦੀ ਖਬਰ ਆਈ ਤਾਂ ਹਰ ਪਾਸੇ ਆਮ ਵਰਗੀ ਹਾਲਤ ਬਣ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version