Site icon Sikh Siyasat News

ਗੁਰੂ ਨਾਨਕ ਜੀ ਦੀ ਰਸੈਣ

ਮਾਈ ਵਿਰਾਈ ਅਤੇ ਬੀਬੀ ਹੰਸੋ ਦੇ ਸੰਵਾਦ ਦਾ ਇਹ ਪ੍ਰਸੰਗ ਭਾਈ ਵੀਰ ਸਿੰਘ ਜੀ ਦੀ ਕ੍ਰਿਤ ‘ਸ੍ਰੀ ਅਸ਼ਟ ਗੁਰ ਚਮਤਕਾਰ’ ਵਿੱਚੋਂ ਲਿਆ ਗਿਆ ਹੈ: ਸੰਪਾਦਕ। 

ਹੱਸੋ:- ਤੇ ਇਕ ਗਲ ਹੋਰ ਪੁੱਛ ਲਵਾਂ? 

ਵਿਰਾਈ:- ਪੁੱਛ। 

ਹੰਸੋ:- ਗੁਰੂ ਨਾਨਕ ਸੋਨਾ ਬਨਾ ਬਣਾ ਲੈਂਦੇ ਸਨ? 

ਵਿਰਾਈ:- ਇਹ ਕੀ ਗਲ ਹੋਈ? 

ਹੰਸੋ:- ਕਿਸਤਵਾੜ ਇਕ ਗਧੀਲਾ ਸੀ, ਆਖਦਾ ਸੀ, ਗੁਰੂ ਨਾਨਕ ਜਾਣਦੇ ਸਨ ਅਸੀਰ। ਮੈਂ ਪੁਛਿਆ ਇਹ ਕੀ ਹੁੰਦਾ ਏ? ਓਹਨਾਂ ਕਿਹਾ ਰਸੈਣ। 

ਵਿਰਾਈ:- ਓਹਨੇ ਅਕਸੀਰ ਕਿਹਾ ਹੋਣਾ। 

ਹੰਸੋ:- ਹਾਂਜੀ ਇਹੋ-ਭਲਾ ਉਹ ਅਕਸੀਰ ਜਾਣਦੇ ਸਨ? 

ਵਿਰਾਈ:- ਕਾਕੀ! ਉਹਨਾਂ ਦੀ ਨਿਗਾਹ ਹੀ ਅਕਸੀਰ ਸੀ। ਨੀਵਿਆਂ ਮਨਾਂ ਨੂੰ ਉਚੇ ਕਰਨ ਦੀ ਰਸੈਣ। 

ਹੰਸੋ:- ਇਹ ਰਸੈਣ ਹੋਈ? 

ਵਿਰਾਈ:- ਰਸੈਣ ਕਈ ਤਰ੍ਹਾਂ ਦੀ ਹੁੰਦੀ ਏ। 

ਹੱਸੋ:- ਸਮਝਾਓ ਨਾ? 

ਵਿਰਾਈ:- ਕਾਕੀ! ਨੀਵੀਆਂ ਧਾਤਾਂ ਨੂੰ ਉਚੀਆਂ ਬਣਾ ਦੇਣਾ, ਕਿਵੇਂ ਕਲੀ ਯਾ ਪਾਰੇ ਨੂੰ ਚਾਂਦੀ, ਯਾ ਤਾਂਬੇ ਲੋਹੇ ਨੂੰ ਸੋਨਾ ਬਣਾ ਲੈਣਾ। ਇਕ ਰਸੈਣ ਇਹ ਦੱਸਦੇ ਹਨ ਲੋਕੀਂ। ਇਕ ਰਸੈਣ ਬਨਾਉਣਾ ਹੈ ਮੈਲੇ ਦਿਲਾਂ ਨੂੰ ਧੋ ਕੱਢਣਾ। ਉਹਨਾਂ ਦੇ ਔਗੁਣ ਕੱਢਕੇ ਗੁਣ ਭਰ ਦੇਣੇ, ਸਭ ਤੋਂ ਵੱਧ ਉਹਨਾਂ ਦਿਲਾਂ ਵਿਚ ਨਿਰੰਕਾਰ ਦਾ ਪ੍ਰੇਮ ਭਰ ਦੇਣਾ ਤੇ ਪ੍ਰੇਮ ਭਰਕੇ ਪਰੇਮ ਵਿਚ ਨਿਰਾ ਮਗਨ ਹੀ ਨਾ ਕਰ ਦੇਣਾ ਪਰ ਪਰੇਮ ਵੰਡਣਾ ਬੀ ਸਿਖਾਲ ਦੇਣਾ, ਸਰਬਤ ਦੇ ਭਲੇ ਦੀ ਜਾਚ ਤੇ ਉੱਦਮ ਭਰ ਦੇਣਾ। ਪਾਪਾਂ ਨਾਲ ਨੀਵੇਂ ਮਨਾਂ ਨੂੰ ਸਾਂਈਂ ਪੀਤ ਵਾਲੇ ਉਚੇ ਮਨ, ਸਰਬੱਤ ਦੇ ਭਲੇ ਵਾਲੇ, ਬਣਾ ਦੇਣਾ। ਇਹ ਰਸੈਣ ਗੁਰੂ ਨਾਨਕ ਦੀ ਰਸੈਣ ਸੀ, ਉਂਝ ਉਹ ਸਰਬੱਗ ਸੇ, ਸਰਬੱਗ। 

ਹੰਸੋ:- ਸਰ… ਕੀ ਕਿਹਾ ਨੇ?

ਵਿਰਾਈ:- ਸਰਬੱਗ, ਪਈ ਉਹ ਸਭ ਕੁਛ ਜਾਣਦੇ ਸੀ। ਪੂਰੇ ਜੋ ਸੀ! ਪਰ ਉਹਨਾਂ ਦੀ ਰਸੈਣ ਸੀ ਸਰਬਤ ਦਾ ਭਲਾ ਕਰਨਾ ਸਿਖਾ ਦੇਣਾ, ਤੇ ਸਦਾ ਚਿੰਤਾ, ਫਿਕਰਾਂ, ਆਪਣੀਆਂ ਲੋੜਾਂ ਵਿਚ ਗਲਤਾਣ ਮਨ ਨੂੰ ਖੇੜੇ ਦੇ ਘਰ ਅਪੜਾ ਦੇਣਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version