Site icon Sikh Siyasat News

ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ … (ਬੀਬੀ ਸਤਵੰਤ ਕੌਰ, ਸਪੁੱਤਰੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ)

 

 

ਸੰਸਾਰ ਕੋਈ ਲਾਚੀਆਂ ਦਾ ਬਾਗ ਨਹੀਂ ਜਿਥੇ ਹਰ ਤਰਫੋਂ ਖੁਸ਼ਬੂ ਰੂਪੀ ਹਵਾ ਦੇ ਹੀ ਝੋਂਕੇ ਆਉਣ। ਉਤਰਾਅ ਚੜਾਅ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ ਤੇ ਜ਼ਿੰਦਗੀ ਨੂੰ ਸਹੀ ਅਰਥਾਂ ਵਿਚ ਜਿਉਣਾ ਵੀ ਇਕ ਅਦਾ ਹੈ। ਹਰ ਇਕ ਮਨੁੱਖ ਜ਼ਿੰਦਗੀ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਤੇ ਸੰਸਰ ਵਿਚ ਵਿਚਰਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਸ ਫਾਨੀ ਸੰਸਰ ਨੂੰ ਹੀ ਯਥਾਰਥ ਰੂਪ ਦੇਣ ਦੀ ਕੋਸ਼ਿਸ਼ ਕਰਦੇ ਹੋਏ, ਸਾਰੀ ਜ਼ਿੰਦਗੀ ਲੈਣ ਦੇਣ ਦੀਆਂ ਉਲਝਣਾਂ ਵਿਚ ਉਲਝ ਉਲਝ ਕੇ ਇਕ ਬਿਜਨਸਮੈਨ ਹੀ ਬਣੇ ਰਹਿੰਦੇ ਹਨ। ਜਦੋਂ ਕਿ ਕੁਝ ਕੁ ਇਸ ਸੰਸਾਰ ਨੂੰ ਮਹਿਜ ਇਕ ਸਰਾਂ ਮੰਨ ਕੇ ਆਪਣਾ ਪ੍ਰਲੋਕ ਸੁਧਾਰਨ ਲਈ ਨਿਰਲੇਪ ਜੀਵਨ ਨੂੰ ਤਰਜੀਹ ਦਿੰਦੇ ਹਨ ਅਤੇ ਗ੍ਰਹਿਸਤ ਜੀਵਨ ਤੋਂ ਦੂਰ ਰਹਿੰਦੇ ਹੋਏ ਜੀਵਨ ਦੀ ਇਕ ਅਟਲ ਸੱਚਾਈ ਨੂੰ ਅੱਖੋਂ ਪਰੋਖੇ ਕਰਦਿਆਂ ਫਰਜ਼ਾਂ ਤੋਂ ਮੁਕਤ ਹੋਏ ਰਹਿੰਦੇ ਹਨ। ਪਰੰਤੂ ਇਹਨਾਂ ਤੋਂ ਇਲਾਵਾ ਕੁਝ ਅਜਿਹੇ ਵਡਭਾਗੇ ਮਨੁੱਖ ਵੀ ਹੁੰਦੇ ਜੋ ਆਪਣਾ ਲੋਕ ਤਾਂ ਸਫਲ ਕਰਦੇ ਹੀ ਹਨ ਨਾਲ ਹੀ ਪ੍ਰਲੋਕ ਵੀ ਸੁਹੇਲਾ ਕਰ ਲੈਂਦੇ ਹਨ। ਅਜਿਹੇ ਮਨੁੱਖ ਸਹੀ ਅਰਥਾਂ ਵਿਚ ਇਨਸਾਨ ਹੁੰਦੇ ਹਨ। ਗੁਰਬਾਣੀ ਵਿਚ ਅਜਿਹੇ ਇਨਸਾਨਾਂ ਨੂੰ ਗੁਰਮੁਖ ਕਹਿ ਕੇ ਨਿਵਾਜਿਆ ਗਿਆ ਹੈ। ਪਰੰਤੂ ਅਜਿਹੇ ਇਨਸਾਨ ਦੁਨੀਆਂ ਵਿਚ ਵਿਰਲੇ ਹੁੰਦੇ ਹਨ।

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥

ਇਨਸਾਨੀ ਗੁਣਾਂ ਨਾਲ ਭਰਪੂਰ ਮਨੁੱਖਾਂ ਵਿਚ ਮਹਾਨਤਾ ਦੇ ਗੁਣ ਛਿਪੇ ਹੁੰਦੇ ਹਨ। ਸੰਸਾਰਿਕ ਗਤੀਵਿਧੀਆਂ ਜਾਰੀ ਰੱਖਦੇ ਹੋਏ ਵੀ ਉਹ ਸੰਸਾਰ ਤੋਂ ਨਿਰਲੇਪ ਰਹਿ ਕੇ ‘ਅੰਜਨ ਮਾਹਿ ਨਿਰੰਜਨਿ ਰਹੀਐ’ ਦੇ ਮਹਾਂਵਾਕ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦੇ ਹਨ। ਉਹ ਨਿਵੇਕਲੀ ਸ਼ਖਸੀਅਤ ਦੇ ਮਾਲਕ ਹੁੰਦੇ ਹਨ ਅਤੇ ਆਪਣੀ ਮਿਸਾਲ ਆਪ ਹੁੰਦੇ ਹਨ। ਦੁਨਿਆਵੀ ਲਾਲਚ ਉਹਨਾਂ ਦੇ ਕਦਮਾਂ ਨੂੰ ਡਗਮਗਾਉਣ ਤੋਂ ਅਸਮਰਥ ਹੁੰਦੇ ਹਨ ਅਤੇ ਧਰਮ ਮਾਰਗ ਤੇ ਚਲਦਿਆਂ ਉਹ ਨਿਰੰਤਰ ਆਪਣੀ ਮੰਜ਼ਲ ਵੱਲ ਵੱਧਦੇ ਹੋਏ ਉਸ ਨੂੰ ਹਾਸਲ ਕਰ ਲੈਂਦੇ ਹਨ। ਉਹ ਜਿਧਰੋਂ ਦੀ ਵੀ ਲੰਘਦੇ ਹਨ, ਵਕਤ ਦੇ ਮਾਰੂਥਲ ਉਤੇ ਆਪਣੀਆਂ ਪੈੜਾਂ, ਯਾਦਾਂ ਰੂਪ ਵਿਚ ਛੱਡ ਜਾਂਦੇ ਹਨ। ਉਹਨਾਂ ਦੀਆਂ ਅਮਿੱਟ ਛਾਪਾਂ ਆਉਣ ਵਾਲੀਆਂ ਪੀੜੀਆਂ ਦਾ ਮਾਰਗ ਦਰਸ਼ਨ ਕਰਦੀਆਂ ਹੋਈਆਂ ਇਤਿਹਾਸਕ ਸ੍ਰੋਤ ਬਣ ਜਾਂਦੀਆਂ ਹਨ।

ਅਜਿਹੇ ਹੀ ਇਨਸਾਨਾਂ ਵਿਚੋਂ ਇਕ ਸਨ, ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁੱਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਸਪੁੱਤਰ ਅਤੇ ਬਾਬਾ ਝੰਡਾ ਸਿੰਘ ਦੇ ਪੋਤਰੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ। ਸਿੱਖ ਜਗਤ ਵਿਚ ਅੱਜ ਉਹਨਾਂ ਦਾ ਨਾਂ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਬ੍ਰਹਮ ਗਿਆਨੀ ਦੇ ਘਰ ਜਨਮ ਦੇ ਕੇ ਕੁਦਰਤ ਨੇ ਪਿਤਾ ਦੇ ਰੂਪ ਵਿਚ ਅਤਿਅੰਤ ਵਡਮੁੱਲਾ ਤੋਹਫਾ ਭਾਈ ਸਾਹਿਬ ਨੂੰ ਦਿੱਤਾ। ਉਹਨਾਂ ਦਾ ਜਨਮ ਹਾੜ (ਤਾਰੀਖ ਨਿਸ਼ਚਿਤ ਨਹੀਂ) 1954 ਵਿਚ ਮਾਤਾ ਨਿਰੰਜਨ ਕੌਰ ਦੀ ਕੁੱਖੋ ਆਪਣੇ ਨਾਨਕੇ ਪਿੰਡ ਭੈਣੀ ਜਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਪਰਿਵਾਰ ਵਿਚ ਜਨਮ ਲੈਣ ਕਾਰਨ ਭਾਈ ਸਾਹਿਬ ਨੂੰ ਗੁੜਤੀ ਹੀ ‘ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ਦੀ ਮਿਲੀ। ਬਚਪਨ ਤੋਂ ਹੀ ਭਾਈ ਸਾਹਿਬ ਦੇ ਚਿਹਰੇ ਤੇ ਇਕ ਕੁਦਰਤੀ ਖਿੱਚ ਤੇ ਨੂਰ ਸੀ। ਭਾਈ ਸਾਹਿਬ ਦੇ ਦਾਦਾ ਜੀ ਬਾਬਾ ਝੰਡਾ ਸਿੰਘ ਕੱਟੜ ਅਕਾਲੀ ਸਨ ਤੇ ਅਕਾਲੀ ਮੋਰਚਿਆਂ ਵਿਚ ਹਿੱਸਾ ਲੈਂਦੇ ਰਹਿੰਦੇ ਸਨ।

ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਛੋਟੀ ਉਮਰ ਵਿਚ ਹੀ ਉਹਨਾਂ ਦੀ ਮੰਗਣੀ ਬੀਬੀ ਹਰਮੀਤ ਕੌਰ ਜੀ ਸਪੁੱਤਰੀ ਸ. ਗੁਰਦੀਪ ਸਿੰਘ, ਪਿੰਡ ਧੀਰਾ-ਪੱਤਰਾ, ਫਿਰੋਜ਼ਪੁਰ ਨਾਲ ਕਰ ਦਿੱਤੀ। ਭਾਈ ਸਾਹਿਬ ਦਾ ਬਚਪਨ ਗਰੀਬੀ ਵਿਚ ਬੀਤਿਆ। ਸ਼ਾਇਦ ਜ਼ਿੰਦਗੀ ਦੀਆਂ ਇਹਨਾਂ ਅੱਟਲ ਸੱਚਾਈਆਂ ਅਤੇ ਕੌੜੇ ਅਨੁਭਵਾਂ ਨੇ ਹੀ ਉਹਨਾਂ ਵਿਚ ਅਥਾਹ ਗੁਣ ਪੈਦਾ ਕਰਨ ਵਿਚ ਸਹਾਇਤਾ ਕੀਤੀ। ਉਹਨਾਂ ਵਿਚ ਨਿਸ਼ਕਾਮਤਾ ਅਤੇ ਨਿਮਰਤਾ ਕੁੱਟ ਕੁੱਟ ਕੇ ਭਰੀ ਸੀ। ਖੇਮਕਰਨ ਦੇ ਹਾਈ ਸਕੂਲ ਵਿਚ ਦਸਵੀਂ ਕਰਨ ਉਪਰੰਤ ਭਾਈ ਸਾਹਿਬ ਉਚੇਰੀ ਸਿੱਖਿਆ ਲਈ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਆ ਗਏ। ਇਥੇ ਭਾਈ ਸਾਹਿਬ ਹੋਸਟਲ ਦੇ ਕਮਰੇ ਵਿਚ ਰਹਿਣ ਦੀ ਬਜਾਏ ਖਾਲਸਾ ਕਾਲਜ ਦੇ ਗੁਰਦੁਆਰਾ ਸਾਹਿਬ ਦੇ ਕਮਰਾ ਨੰ. 3 ਵਿਚ ਰਹੇ। ਕਾਲਜ ਵਿਚ ਹੀ ਉਹਨਾਂ ਆਪਣੀ ਨਿਵੇਕਲੀ ਪਹਿਚਾਣ ਕਾਇਮ ਕੀਤੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਉਹਨਾਂ ਦੇ ਜੀਵਨ ਅਤੇ ਉੱਚੀ-ਸੁੱਚੀ ਸੋਚ ਤੋਂ ਪ੍ਰਭਾਵਿਤ ਹੋਏ। ਕਾਲਜ ਦੌਰਾਨ ਭਾਈ ਸਾਹਿਬ ਨੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਗੁਰਮਤਿ ਦਾ ਰਸਤਾ ਦਿਖਾਇਆ ਅਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੇ ਪ੍ਰੋਫੈਸਰ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਨ।

ਕਾਲਜ ਵਿਚ ਹਰ ਇਕ ਨਾਲ ਉਹਨਾਂ ਦਾ ਰਵੱਈਆ ਬਹੁਤ ਹੀ ਨਿਮਰਤਾ ਵਾਲਾ ਅਤੇ ਦੋਸਤਾਨਾ ਹੁੰਦਾ ਸੀ। ਕਾਲਜ ਦੇ ਸਾਰੇ ਹੀ ਧਾਰਮਿਕ ਅਤੇ ਵਿਿਦਅਕ ਪ੍ਰੋਗਰਾਮਾਂ ਵਿਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਕਾਲਜ ਸਮੇਂ ਹੀ ਆਪ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਦੇ ਮੈਂਬਰ ਰਹੇ।
ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਜਦੋਂ ਵੀ ਕੋਈ ਸੁਨੇਹਾ ਜਾਂ ਚਿੱਠੀ-ਪੱਤਰ ਆਦਿ ਭਾਈ ਸਾਹਿਬ ਨੂੰ ਭੇਜਣਾ ਹੁੰਦਾ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਹੀ ਮਹਿਤੇ ਤੋਂ ਖਾਲਸਾ ਕਾਲਜ ਜਾਂਦੇ ਸਨ। ਸੰਤਾਂ ਦੇ ਪੱਤਰਾਂ ਵਿਚ ਭਾਈ ਸਾਹਿਬ ਨੂੰ ਗੁਰਸਿੱਖੀ ਜੀਵਨ, ਰਹਿਤ ਮਰਯਾਦਾ, ਪੜਾਈ ਵਿਚ ਲਗਨ, ਵਿਹਲੇ ਅਤੇ ਨਾਸਤਿਕ ਵਿਿਦਆਰਥੀਆਂ ਤੋਂ ਦੂਰ ਰਹਿਣ ਬਾਰੇ ਲਿਿਖਆ ਹੁੰਦਾ ਸੀ।

ਭਾਈ ਸਾਹਿਬ ਜਿਥੇ ਧਾਰਮਿਕ ਕੰਮਾਂ ਵਿਚ ਦਿਲਚਸਪੀ ਲੈਂਦੇ ਰਹੇ, ਉਥੇ ਨਾਲ ਹੀ ਉਹਨਾਂ ਨੇ ਵਿਿਦਅਕ ਖੇਤਰ ਵਿਚ ਵੀ ਮੱਲਾਂ ਮਾਰੀਆਂ। ਉਹਨਾਂ ਨੇ 1973-74 ਵਿਚ ਗਿਆਨੀ ਦਿੱਤ ਸਿੰਘ ਮੈਡਲ, ਡਾ. ਮੂਲ ਸਿੰਘ, ਮਹਿੰਦਰ ਸਿੰਘ ਮੈਡਲ ਅਤੇ 1976-77 ਵਿਚ ਐਮ.ਏ. ਪੰਜਾਬੀ ਵਿਚ ਫਸਟ ਰਹਿ ਕੇ ਸ. ਈਸ਼ਰ ਸਿੰਘ ਮੈਡਲ ਪ੍ਰਾਪਤ ਕੀਤਾ।

ਇਹ ਕੁਦਰਤੀ ਖਿੱਚ ਹੀ ਸੀ ਜੋ ਉਹਨਾਂ ਦੇ ਸੰਪਰਕ ਵਿਚ ਆਉਣ ਵਾਲੇ ਹਰ ਵਿਅਕਤੀ ਦਾ ਧਿਆਨ ਆਪਣੇ ਉਪਰ ਕੇਂਦਰਿਤ ਕਰ ਲੈਂਦੀ ਸੀ। ਐਮ.ਏ. ਕਰਨ ਉਪਰੰਤ ਭਾਈ ਸਾਹਿਬ ਨੇ ਪੀ.ਐਚ.ਡੀ. ਦਾ ਅਧਿਐਨ ਆਰੰਭ ਕਰ ਦਿੱਤਾ। ਉਪਰੰਤ 1976 ਵਿਚ ਭਾਈ ਸਾਹਿਬ ਦੇ ਅਨੰਦ ਕਾਰਜ ਦੀ ਤਿਆਰੀ ਹੋਣ ਲੱਗੀ। 15 ਨਵੰਬਰ ਦਾ ਦਿਨ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਨਿਸ਼ਚਿਤ ਕਰ ਦਿੱਤਾ। ਭਾਈ ਸਾਹਿਬ ਦਾ ਵਿਆਹ ਬੜੇ ਹੀ ਨਿਰਾਲੇ ਢੰਗ ਨਾਲ ਹੋਇਆ। ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਭਾਈ ਸਾਹਿਬ ਨੂੰ ਆਨੰਦ ਕਾਰਜ ਦੇ ਮੌਕੇ ਤੇ ਅਕਾਲੀ ਬਾਣਾ ਪਾਉਣ ਦੀ ਤਾਕੀਦ ਕੀਤੀ ਤੇ ਬੀਬੀ ਹਰਮੀਤ ਕੌਰ ਨੂੰ ਵੀ ਸੁਨੇਹਾ ਭੇਜਿਆ ਕਿ ਉਹ ਇਸ ਮੌਕੇ ਤੇ ਖੁਦ ਕੀਰਤਨ ਕਰਨ। ਇਥੇ ਇਹ ਵਰਣਨਯੋਗ ਹੈ ਕਿ ਜਿਥੇ ਭਾਈ ਸਾਹਿਬ ਨੇ ਉੱਚ ਵਿਿਦਆ ਹਾਸਲ ਕੀਤੀ ਸੀ, ਉਥੇ ਬੀਬੀ ਹਰਮੀਤ ਕੌਰ ਜੀ ਨੇ ਕੇਵਲ ਮਿਡਲ ਹੀ ਪਾਸ ਕੀਤੀ, ਪਰੰਤੂ ਉਹਨਾਂ ਨੇ ਸੰਤ ਕਰਤਾਰ ਸਿੰਘ ਜੀ ਦੀ ਆਗਿਆ ਅਨੁਸਾਰ ਗੁਰਮਤਿ ਅਤੇ ਕੀਰਤਨ ਦੀ ਦਾਤ ਪ੍ਰਾਪਤ ਕੀਤੀ। ਸੰਤਾਂ ਵੱਲੋਂ ਇਹ ਹੁਕਮ ਹੋਇਆ ਕਿ ਕੇਵਲ ਅੰਮ੍ਰਿਤਧਾਰੀ ਵਿਅਕਤੀ ਹੀ ਬਰਾਤ ਵਿਚ ਸ਼ਾਮਲ ਹੋ ਸਕਦੇ ਤੇ ਸਭ ਉਤੋਂ ਦੀ ਕ੍ਰਿਪਾਨਾਂ ਪਾ ਕੇ ਹੀ ਬਰਾਤ ਵਿਚ ਸ਼ਾਮਲ ਹੋਣ। ਅਨੰਦ ਕਾਰਜ ਤੋਂ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਇਹ ਅਨਾਉਂਸ ਕਰ ਦਿੱਤਾ ਕਿ ਕੋਈ ਵੀ 1 ਰੁ: ਤੋਂ ਵੱਧ ਸ਼ਗਨ ਨਹੀਂ ਦੇਵੇਗਾ। ਇਸ ਤਰ੍ਹਾਂ ਭਾਈ ਸਾਹਿਬ ਦਾ ਵਿਆਹ ਪੂਰਨ ਗੁਰਮਰਿਯਾਦਾ ਅਤੇ ਸਾਦਗੀ ਨਾਲ ਹੋਇਆ। ਕਿੰਨੇ ਭਾਗਾਂ ਵਾਲਾ ਵਿਆਹ ਸੀ ਜਿਸ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਨਿਸ਼ਚਿਤ ਕੀਤਾ ਅਤੇ ਬਾਅਦ ਵਿਚ ਦਮਦਮੀ ਟਕਸਾਲ ਦੀਆਂ ਤਿੰਨ ਪ੍ਰਮੁੱਖ ਸਖਸੀਅਤਾਂ ਸੰਤ ਕਰਤਾਰ ਸਿੰਘ ਜੀ ਖਾਲਸਾ, ਸੰਤ ਜਰਨੈਲ ਸਿੰਘ ਜੀ ਖਾਲਸਾ ਅਤੇ ਬਾਬਾ ਠਾਕੁਰ ਸਿੰਘ ਜੀ ਜੱਥੇ ਸਮੇਤ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਖਾਸ ਤੌਰ ਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬਾਬਾ ਦਯਾ ਸਿੰਘ ਜੀ ਬਿਧੀ ਚੰਦੀਏ (ਸੁਰ ਸਿੰਘ) ਤੋਂ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਉਚੇਚੇ ਤੌਰ ਤੇ ਆਪਣਾ ਆਸ਼ੀਰਵਾਦ ਦੇਣ ਲਈ ਪਹੁੰਚੀਆਂ ਸਨ। ਕੁਦਰਤੀ ਬਦਲਾਉ ਨਾਂ ਹੋਣ ਤਾਂ ਇਹ ਜ਼ਿੰਦਗੀ ਬੜੀ ਨੀਰਸ ਬੇਜਾਨ ਤੇ ਬੇਰੰਗੀ ਹੋ ਜਾਵੇ। ਪਰੰਤੂ ਕਈ ਵਾਰ ਮਨੁੱਖੀ ਜੀਵਨ ਵਿਚ ਕੁਝ ਅਜਿਹੇ ਕੁਦਰਤੀ ਬਦਲਾਉ ਆਉਂਦੇ ਹਨ ਜਿਹੜੇ ਕਿ ਇਨਸਾਨ ਨੂੰ ਧੁਰ ਅੰਦਰ ਤੀਕ ਝੰਜੋੜ ਕੇ ਰੱਖ ਦਿੰਦੇ ਹਨ ਅਤੇ ਇਹਨਾਂ ਦਾ ਮਨੁੱਖ ਤੇ ਬੜਾ ਡੂੰਘਾ ਅਸਰ ਪੈਣਾ ਸੁਭਾਵਿਕ ਹੈ। 15 ਅਗਸਤ 1977 ਵਿਚ ਸੰਤ ਕਰਤਾਰ ਸਿੰਘ ਜੀ ਖਾਲਸਾ ਆਪਣੀਆਂ ਸੰਸਾਰਿਕ ਤੰਦਾਂ ਨੂੰ ਤੋੜ ਕੇ ਸੱਚਖੰਡ ਵਿਚ ਜਾ ਬਿਰਾਜੇ। ਉਹਨਾਂ ਦੇ ਅਚਾਨਕ ਵਿਛੋੜੇ ਨੇ ਭਾਈ ਸਾਹਿਬ ਦੇ ਜੀਵਨ ਵਿਚ ਇਕ ਜ਼ਬਰਦਸਤ ਮੋੜ ਲਿਆਂਦਾ। ਭਾਈ ਸਾਹਿਬ ਕਾਲਜ ਛੱਡ ਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜਥੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਰਹਿਣ ਲੱਗੇ। 2 ਜੁਲਾਈ 1978 ਈ. ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਫੈਡਰੇਸ਼ਨ ਦੇ ਸਲਾਨਾ ਸਮਾਗਮ ਦੇ ਮੌਕੇ ਭਾਈ ਸਾਹਿਬ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਯਾਦ ਰਹੇ ਜਿਸ ਵਕਤ ਭਾਈ ਸਾਹਿਬ ਨੇ ਫੈਡਰੇਸ਼ਨ ਦੀ ਵਾਗਡੋਰ ਸੰਭਾਲੀ ਉਸ ਸਮੇਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਨਾਸਤਿਕਤਾ ਆਪਣੇ ਸਿਖਰ ਤੇ ਸੀ। ਫੈਡਰੇਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਭਾਈ ਸਾਹਿਬ ਦੇ ਅੱਗੇ ਇਹ ਇਕ ਵੱਡੀ ਚੁਣੌਤੀ ਸੀ ਜਿਸ ਦਾ ਸਫਲਤਾਪੂਰਵਕ ਸਾਹਮਣਾ ਕਰਦਿਆਂ ਭਾਈ ਸਾਹਿਬ ਨੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਖਾਲਸਾ ਦੇ ਸਹਿਯੋਗ ਅਤੇ ਫੈਡਰੇਸ਼ਨ ਦੇ ਵਰਕਰਾਂ ਨਾਲ ਮਿਲ ਕੇ ਭਾਰਤ ਦੇ ਕੋਨੇ-ਕੋਨੇ ਖਾਸ ਕਰ ਪੰਜਾਬ ਵਿਚ ਸਿੱਖੀ ਦਾ ਪ੍ਰਚਾਰ ਪ੍ਰਚੰਡ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ। ਉਹਨਾਂ ਨੇ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਫੈਡਰੇਸ਼ਨ ਦੇ ਯੂਨਿਟ ਬਣਾਏ। ਸਿੱਖ ਵਿਿਦਆਰਥੀਆਂ ਨੂੰ ਜਥੇਬੰਦ ਕੀਤਾ ਅਤੇ ਕੇਵਲ ਪੰਜਾਬ ਹੀ ਨਹੀਂ ਬਲਕਿ ਸਾਰੇ ਭਾਰਤ ਵਿਚ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਗੁਰਮਤਿ ਟ੍ਰੇਨਿੰਗ ਕੈਂਪ ਲਗਾਏ। ਖਾਸ ਕਰਕੇ ਪੰਜਾਬ, ਦਿੱਲੀ, ਜੰਮੂ ਕਸ਼ਮੀਰ ਅਤੇ ਮੁੰਬਈ ਵਿਚ ਫੈਡਰੇਸ਼ਨ ਨੂੰ ਉਤਸ਼ਾਹਤ ਕੀਤਾ।

ਫੈਡਰੇਸ਼ਨ ਦੇ ਕੈਂਪਾਂ ਵਿਚ ਵਿਿਦਆਰਥੀਆਂ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਉਣ, ਅੰਮ੍ਰਿਤਧਾਰੀ ਹੋਣ, ਸੰਤ-ਸਿਪਾਹੀ ਦੇ ਸਿਧਾਂਤ ਉੱਪਰ ਚੱਲਣ ਅਤੇ ਸਿੰਘ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਉਤਸ਼ਾਹਿਤ ਕੀਤਾ ਸੀ। ਇਸ ਤਰ੍ਹਾਂ ਭਾਈ ਸਾਹਿਬ ਜਿਥੇ ਸਿੱਖ ਵਿਿਦਆਰਥੀਆਂ ਦੀ ਸੁਚੱਜੀ ਅਤੇ ਦੂਰਅੰਦੇਸ਼ੀ ਨਾਲ ਅਗਵਾਈ ਕਰ ਰਹੇ ਸਨ, ਉਥੇ ਨਾਲ ਹੀ ਉਹ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਸਹਿਯੋਗ ਦੇ ਰਹੇ ਸਨ। ਦੋਵਾਂ ਸ਼ਖਸੀਅਤਾਂ ਦਾ ਅਤਿਅੰਤ ਆਪਸੀ ਪਿਆਰ ਸੀ। ਭਾਈ ਸਾਹਿਬ ਦਾ ਦੂਜੇ ਫੈਡਰੇਸ਼ਨ ਮੈਂਬਰ ਸਾਹਿਬਾਨ ਨਾਲ ਵੀ ਬਹੁਤ ਸਨੇਹ ਸੀ।

ਨੋਟ: ਇਹ ਲਿਖਤ ਮੂਲ ਰੂਪ ਵਿਚ “ਸਿੱਖ ਸ਼ਹਾਦਤ” ਦੇ ਜੂਨ 2001 ਅੰਕ ਵਿਚ ਛਪੀ ਸੀ।

-0-

ਜਖਮ ਨੂੰ ਸੂਰਜ ਬਣਨ ਦਿਓ … ਇਸ ਲੇਖ ਲੜੀ ਤਹਿਤ ਛਪੇ ਹੋਰ ਲੇਖ ਪੜ੍ਹੋ …

ਉਪਰੋਕਤ ਲਿਖਤ ਪਹਿਲਾਂ 8 ਜੂਨ 2016 ਨੂੰ ਛਾਪੀ ਗਈ ਸੀ

***

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version