Site icon Sikh Siyasat News

ਮੈਨੂੰ ਜੇਲ੍ਹ ਵਿਚ ਹੀ ਮਾਰਨ ਦੀਆਂ ਸਾਜਿਸ਼ਾਂ ਰਚ ਰਿਹਾ ਹੈ ਜੇਲ੍ਹ ਪ੍ਰਸ਼ਾਸਨ: ਭਾਈ ਜਗਤਾਰ ਸਿੰਘ ਤਾਰਾ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਤਾਅ-ਉਮਰ ਕੈਦ ਸਜ਼ਾ ਤਹਿਤ ਬੁੜੈਲ ਜੇਲ੍ਹ ਚੰਡੀਗੜ੍ਹ ‘ਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਨੇ ਜੇਲ੍ਹ ਦੇ ਸੁਪਰਡੈਂਟ ਐਸ. ਕੇ. ਜੈਨ ਸਣੇ ਜੇਲ੍ਹ ਦੇ 6 ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਜੇਲ੍ਹ ਅੰਦਰ ਹੀ ਮਾਰੇ ਜਾਣ ਦੀ ਸਾਜ਼ਿਸ ਘੜੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਹ ਗੱਲ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ‘ਚ ਵੀਡੀਓ ਕਾਨਫ਼ਰੰਸ ਰਾਂਹੀ ਸਾਲ 2014 ‘ਚ ਦਰਜ ਇਕ ਮਾਮਲੇ ਦੀ ਪੇਸ਼ੀ ਭੁਗਤਣ ਮੌਕੇ ਆਪਣੇ ਵਕੀਲ ਹਰਪਾਲ ਸਿੰਘ ਖਾਰਾ ਨਾਲ ਗੱਲਬਾਤ ਕਰਦਿਆਂ ਕਹੀ।

ਭਾਈ ਜਗਤਾਰ ਸਿੰਘ ਤਾਰਾ

ਭਾਈ ਤਾਰਾ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਵੀਡੀਓ ਕਾਨਫ਼ਰੰਸ ਦੌਰਾਨ ਜਦ ਇਸ ਸਬੰਧੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਬੁੜੈਲ ਜੇਲ੍ਹ ਪ੍ਰਸ਼ਾਸਨ ਨੇ ਵੀਡੀਓ ਕਾਨਫ਼ਰੰਸ ਦੀ ਆਵਾਜ਼ ਬੰਦ ਕਰ ਦਿੱਤੀ, ਜਿਸ ਨੂੰ ਬਾਅਦ ‘ਚ ਜੱਜ ਕੰਵਲਜੀਤ ਸਿੰਘ ਬਾਜਵਾ ਨੂੰ ਬੇਨਤੀ ਕਰਕੇ ਮੁੜ ਸ਼ੁਰੂ ਕਰਵਾਇਆ ਗਿਆ। ਭਾਈ ਤਾਰਾ ਨੇ ਸਪਸ਼ਟ ਤੌਰ ‘ਤੇ ਨਾਂਅ ਲੈਂਦਿਆਂ ਜੇਲ੍ਹ ਸੁਪਰਡੈਂਟ ਐਸ. ਕੇ. ਜੈਨ, ਸਹਾਇਕ ਸੁਪਰਡੈਂਟ ਪ੍ਰਮੋਦ ਖੱਤਰੀ, ਜੈ ਕਿਸ਼ਨ ਹੈਡ ਵਾਰਡਨ, ਧਰਮਪਾਲ ਹੈਡ ਵਾਰਡਨ, ਦੀਪ ਕੁਮਾਰ ਵਾਰਡਨ ਅਤੇ ਡਾ: ਨੀਨਾ ਚੌਧਰੀ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ।

ਉਨ੍ਹਾਂ ਆਖਿਆ ਕਿ ਜੇਕਰ ਜੇਲ੍ਹ ਅੰਦਰ ਉਨ੍ਹਾਂ ਦੀ ਮੌਤ ਹੁੰਦੀ ਤਾਂ ਉਸ ਲਈ ਉਕਤ 6 ਅਧਿਕਾਰੀ ਜ਼ਿੰਮੇਵਾਰ ਹੋਣਗੇ। ਇਸ ਸਾਰੀ ਗੱਲਬਾਤ ਦੇ ਆਧਾਰ ‘ਤੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਇਸ ਸਬੰਧੀ ਅਦਾਲਤ ਵਿਚ ਇਕ ਅਰਜ਼ੀ ਦੇ ਕੇ ਆਪਣੇ ਮੁਅੱਕਲ ਦੀ ਜਾਨ ਦੀ ਰੱਖਿਆ ਕਰਨ ਦੀ ਮੰਗ ਕੀਤੀ, ਜਿਸ ਪਿੱਛੋਂ ਅਦਾਲਤ ਨੇ ਇਸ ਮਾਮਲੇ ਸਬੰਧੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ 11 ਮਈ 2018 ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version