Site icon Sikh Siyasat News

ਸ਼ੱਕੀ ਹਾਲਾਤ ‘ਚ ਪੰਜਾਬ ਪੁਲਿਸ ਦੇ ਸਿਪਾਹੀ ਦੀ ਮੌਤ; ਵਿਧਾਇਕ ਇਆਲੀ ਦੇ ਘਰ ਦੇ ਬਾਹਰ ਚੱਲੀ ਗੋਲੀ

ਲੁਧਿਆਣਾ: ਹਲਕਾ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਹੰਬੜਾ ਰੋਡ ਸਥਿਤ ਘਰ ਦੇ ਬਾਹਰ ਸੋਮਵਾਰ ਨੂੰ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਕਾਰਨ ਪੰਜਾਬ ਪੁਲਿਸ ਦੇ ਸਿਪਾਹੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਕਾਰਨ ਉਸ ਦੀ ਮੌਤ ਹੋਈ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਪਿੰਡ ਘੱਗਾ ਵਾਸੀ ਨਿਰਦੇਸ਼ ਸਿੰਘ ਵਜੋਂ ਹੋਈ।

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਭਰਾ ਹਰਬੀਰ ਸਿੰਘ ਘਰ ਦੇ ਬਾਹਰ ਬਣਿਆ ਸੁਰੱਖਿਆ ਬੂਥ ਦਿਖਾਉਂਦਾ ਹੋਇਆ

ਏਸੀਪੀ ਗਿੱਲ ਗੁਰਜੀਤ ਸਿੰਘ ਨੇ ਦੱਸਿਆ ਕਿ ਨਿਰਦੇਸ਼ ਸਿੰਘ ਅਤੇ ਸਿਪਾਹੀ ਸੁਰਜੀਤ ਸਿੰਘ ਪੀਸੀਆਰ ਮੋਟਰਸਾਈਕਲ ਨੰਬਰ 59 ’ਤੇ ਤਾਇਨਾਤ ਸਨ ਅਤੇ ਉਹ ਵਿਧਾਇਕ ਇਆਲੀ ਦੇ ਘਰ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਹ ਇਆਲੀ ਦੀ ਕੋਠੀ ਬਾਹਰ ਬਣੇ ਗਾਰਡ ਰੂਮ ਵਿੱਚ ਬੈਠ ਗਏ ਅਤੇ ਦੋਵੇਂ ਆਪਣੇ ਪਿਸਤੌਲ ਸਾਫ਼ ਕਰਨ ਲੱਗੇ।

ਇਸ ਦੌਰਾਨ ਸਿਪਾਹੀ ਸੁਰਜੀਤ ਦੇ ਪਿਸਤੌਲ ਤੋਂ ਨਿਕਲੀ ਗੋਲੀ ਨਿਰਦੇਸ਼ ਸਿੰਘ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਜਾ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਵਿਧਾਇਕ ਦੇ ਘਰੋਂ ਲੋਕ ਬਾਹਰ ਆਏ। ਇਆਲੀ ਦੇ ਭਰਾ ਹਰਬੀਰ ਸਿੰਘ ਨੇ ਆਪਣੀ ਗੱਡੀ ਵਿੱਚ ਨਿਰਦੇਸ਼ ਸਿੰਘ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਏਸੀਪੀ ਨੇ ਕਿਹਾ ਕਿ ਨਿਰਦੇਸ਼ ਸਿੰਘ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਹਾਲੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰ ਦੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਉਸ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਏਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version