Site icon Sikh Siyasat News

ਜੁਬਾਨੀ ਜਮਾਂ-ਖਰਚ ਕਰਨ ਦੀ ਥਾਂ ਸਰਕਾਰ ਬਾਦਲ ਅਤੇ ਸੁਮੇਧ ਸੈਣੀ ਖਿਲਾਫ ਕਾਰਵਾਈ ਕਰੇ: ਦਲ ਖਾਲਸਾ

ਅਜਨਾਲਾ: ਦਲ ਖਾਲਸਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਉਹ ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਜੁਬਾਨੀ ਜਮਾਂ-ਖਰਚ ਕਰਨ ਦੀ ਥਾਂ ਠੋਸ ਕਦਮ ਚੁਕਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸੈਣੀ ਖਿਲਾਫ ਕਾਨੂੰਨੀ ਕਾਰਵਾਈ ਕਰੇ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ, ਜਥੇਬੰਦਕ ਸਕੱਤਰ ਰਣਬੀਰ ਸਿੰਘ, ਸੂਬੇਦਾਰ ਬਲਦੇਵ ਸਿੰਘ ਅਤੇ ਡਾ. ਅਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਦੀਆਂ ਗਲਤੀਆਂ ਅਤੇ ਨਲਾਇਕੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਹੁਰਮਤੀ ਦੇ ਦੋਸ਼ੀਆਂ ਅਤੇ ਪੁਲਿਸ ਹੱਥੋਂ ਮਾਰੇ ਗਏ ਦੋ ਸਿੰਘਾਂ ਲਈ ਜ਼ਿੰਮੇਵਾਰ ਦੋਸ਼ੀ ਅਫਸਰਾਂ ਨੂੰ ਬਚਾਈ ਰੱਖਿਆ ਹੈ। ਉਹਨਾਂ ਪੰਜਾਬ ਦੇ ਲੋਕਾਂ ਅੰਦਰ ਅਕਾਲੀਆਂ ਵਿਰੁੱਧ ਉਠੇ ਰੋਹ ਨੂੰ ਜਾਇਜ ਦੱਸਦਿਆਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਕੇਸ ਨਾ ਚਲਾਏ ਤਾਂ ਉਹ ਦਿਨ ਦੂਰ ਨਹੀ ਜਦ ਕਾਂਗਰਸ ਸਰਕਾਰ ਨੂੰ ਵੀ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਅਫਸੋਸ ਜਿਤਾਉਂਦਿਆਂ ਕਿਹਾ ਕਿ ਵੋਟ-ਬੈਂਕ ਰਾਜਨੀਤੀ ਨੇ ਧਰਮ ਅਤੇ ਧਾਰਮਿਕ ਸੰਸਥਾਵਾਂ ਦੀਆਂ ਪ੍ਰੰਪਰਾਵਾਂ ਅਤੇ ਮਰਯਾਦਾ ਦਾ ਘਾਣ ਕੀਤਾ ਹੈ।

ਅਹੁਦੇਦਾਰਾਂ ਨੂੰ ਸਿਰਪਾਓ ਦਿੰਦੇ ਹੋਏ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਅਤੇ ਹੋਰ

ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਅਤੇ ਆਪ ਦੇ ਵਿਧਾਨਕਾਰਾਂ ਵਲੋਂ ਬਾਦਲ ਅਤੇ ਸੈਣੀ ਖਿਲਾਫ ਬੋਲੇ ਦਲੇਰਾਨਾ ਸ਼ਬਦਾਂ ਨੂੰ ਪੰਜਾਬ ਦੇ ਲੋਕ ਅੰਜਾਮ ਤੱਕ ਪਹੁੰਚਾਉਣ ਲਈ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰਾਂ ਨੇ ਅਕਾਲੀਆਂ ਅੱਗੇ ਗੋਡੇ ਟੇਕ ਦਿੱਤੇ ਹਨ। ਉਹਨਾਂ ਕਿਹਾ ਕਿ ਪੰਥ ਦਾ ਭਰੋਸਾ ਗੁਆ ਚੁੱਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਭ੍ਰਿਸ਼ਟ ਕਿਰਦਾਰ ਕਾਰਨ ਸਮੁੱਚੀ ਕੌਮ ਨੂੰ ਨਮੋਸ਼ੀ ਝੱਲਣੀ ਪਈ ਹੈ, ਜਿਸ ਦਾ ਖੁਲਾਸਾ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਉਤੇ ਤਰਸ ਕਰਨਾ ਚਾਹੀਦਾ ਹੈ ਅਤੇ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਜਥੇਬੰਦੀ ਵਲੋਂ ਆਪਣਾ ਜਥੇਬੰਦਕ ਕੰਮ-ਕਾਜ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਸਰਗਰਮੀਆਂ ਵਿੱਚ ਤੇਜੀ ਲਿਆਉਣ ਲਈ ਅਜਨਾਲਾ ਇਕਾਈ ਦਾ ਪੁਨਰਗਠਨ ਕੀਤਾ ਗਿਆ ਜਿਸ ਤਹਿਤ ਸਤਨਾਮ ਸਿੰਘ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਧਾਰੀਵਾਲ ਨੂੰ ਜਨਰਲ ਸਕੱਤਰ, ਹਰਦੀਪ ਸਿੰਘ, ਬੂਟਾ ਸਿੰਘ, ਸੂਬੇਦਾਰ ਹਜ਼ਾਰਾ ਸਿੰਘ ਨੂੰ ਅਹੁਦੇਦਾਰ ਥਾਪਿਆ ਗਿਆ।

ਇਸ ਮੌਕੇ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਰਜਦਾਨ, ਸੁਖਵਿੰਦਰ ਸਿੰਘ ਫਤੇਵਾਲ, ਗਗਨਦੀਪ ਸਿੰਘ, ਗੁਰਮੇਜ ਸਿੰਘ, ਹਰਜਿੰਦਰ ਸਿੰਘ, ਅਜਾਇਬ ਸਿੰਘ, ਬੂਟਾ ਸਿੰਘ, ਹਰਿੰਦਰ ਸਿੰਘ, ਦਿਲਬੲਗ ਸਿੰਘ, ਤਰਲੋਚਨ ਸਿੰਘ, ਸਾਹਿਬ ਸਿੰਘ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version