Site icon Sikh Siyasat News

ਦਿੱਲੀ ਵੱਲ ਵਧਣ ਦੇ ਐਲਾਨ ਤੋਂ ਬਾਅਦ ਸਭ ਦੀਆਂ ਨਿਗਾਹਾਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਟਿਕੀਆਂ

ਰਾਜਪੁਰਾ: ਕਿਸਾਨ ਆਗੂਆਂ ਵੱਲੋਂ 21 ਫਰਵਰੀ ਨੂੰ ਦਿੱਲੀ ਵੱਲ ਅੱਗੇ ਵਧਣ ਦੇ ਐਲਾਨ ਤੋਂ ਬਾਅਦ ਸਭ ਨਿਗਾਹਾਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਵੱਲ ਲੱਗੀਆਂ ਹੋਈਆਂ ਹਨ।

ਨੌਜਵਾਨਾਂ ਵੱਲੋਂ ਸਰਕਾਰ ਦੇ ਨਾਕੇ ਤੋੜ ਕੇ ਦਿੱਲੀ ਵੱਲ ਵਧਣ ਲਈ ਕਈ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਜੇਸੀਬੀ ਸਮੇਤ ਧਰਤੀ ਪੁੱਟਣ ਵਾਲੀਆਂ ਵਾਲੀਆਂ ਮਸ਼ੀਨਾਂ ਸ਼ੰਭੂ ਬੈਰੀਅਰ ਵਿਖੇ ਲਿਆਂਦੀਆਂ ਗਈਆਂ ਹਨ।

ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਮਿੱਟੀ ਦੀਆਂ ਬੋਰੀਆਂ ਘੱਗਰ ਦਰਿਆ ਵਿਚ ਆਰਜੀ ਰਸਤਾ ਬਣਾਉਣ ਲਈ ਸ਼ੰਭੂ ਵਿਖੇ ਇਕੱਠੀਆਂ ਕਰ ਲਈਆਂ ਹਨ।

ਕਿਸਾਨ ਆਗੂਆਂ ਨੇ ਨੌਜਵਾਨਾਂ ਨੂੰ ਜ਼ਾਬਤੇ ਵਿਚ ਰਹਿਣ ਦਾ ਹੋਕਾ ਦਿੱਤਾ ਹੈ। ਕਿਸਾਨ ਆਗੂਆਂ ਦਾ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਉਹਨਾ ਨੂੰ ਦਿੱਲੀ ਜਾਣ ਲਈ ਰਸਤਾ ਦੇਵੇ ਕਿਉਂਕਿ ਉਹ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਕੇ ਆਪਣੀਆਂ ਮੰਗਾਂ ਅਤੇ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।

ਇਸੇ ਦਰਮਿਆਨ ਹਰਿਆਣੇ ਦੇ ਪੁਲਿਸ ਮੁਖੀ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਚਿੱਠੀ ਲਿਖ ਕੇ ਵੱਡੀਆਂ ਮਸ਼ੀਨਾਂ ਸ਼ੰਭੂ ਜਾਂ ਖਨੌਰੀ ਵਿਖੇ ਪਹੁੰਚਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਜੋ ਮਸ਼ੀਨਾਂ ਬਾਰਡਰਾਂ ਉੱਤੇ ਆਈਆਂ ਹਨ ਉਹ ਜ਼ਬਤ ਕੀਤੀਆਂ ਜਾਣ।

ਪੰਜਾਬ ਦੇ ਪੁਲਿਸ ਮੁਖੀ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਵੱਡੀਆਂ ਮਸ਼ੀਨਾਂ ਜਾਂ ਮਿੱਟੀ ਦੇ ਟਿੱਪਰਾਂ ਨੂੰ ਸ਼ੰਭੂ ਜਾਂ ਖਨੌਰੀ ਵਿਖੇ ਪਹੁੰਚਣ ਤੋਂ ਰੋਕਣ ਲਈ ਪਹਿਲਾਂ ਜਾਰੀ ਕੀਤੇ ਹੁਕਮ ਨਵਿਆਉਂਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਕਤ ਮਸ਼ੀਨਾਂ ਵਗੈਰਾਂ ਬਾਰਡਰਾਂ ਉੱਤੇ ਨਾ ਪਹੁੰਚਣ ਦਿੱਤੀਆਂ ਜਾਣ।

ਅੱਜ 11 ਵਜੇ ਕਿਸਾਨ ਆਗੂਆਂ ਵੱਲੋਂ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਅਗਲੀ ਅਮਲਦਾਰੀ ਤੇ ਰਣਨੀਤੀ ਦਾ ਐਲਾਨ ਕੀਤੇ ਜਾਣ ਦੇ ਆਸਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version