Site icon Sikh Siyasat News

‘ਦਾ ਟ੍ਰਿਬਿਊਨ’ ਦੇ ਸੇਵਾਮੁਕਤ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਂ ਦਾ ਮੋਹਾਲੀ ਸਥਿਤ ਘਰ ‘ਚ ਕਤਲ

ਚੰਡੀਗੜ੍ਹ: ਮੋਹਾਲੀ ਦੇ ਫ਼ੇਜ਼-3ਬੀ2 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ (65) ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ (90) ਦਾ ਸ਼ਨੀਵਾਰ ਘਰ ਵਿੱਚ ਕਤਲ ਹੋ ਗਿਆ। ਘਰ ਵਿੱਚੋਂ ਐਲਈਡੀ ਅਤੇ ਕੁੱਝ ਹੋਰ ਸਾਮਾਨ ਗਾਇਬ ਹੈ। ਖ਼ਬਰਾਂ ਮੁਤਾਬਕ ਸਾਰਾ ਸਾਮਾਨ ਖਿੰਡਿਆ ਪਿਆ ਸੀ ਅਤੇ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਖ਼ੂਨ ਲੱਗਿਆ ਹੋਇਆ ਸੀ। ਉਨ੍ਹਾਂ ਦੇ ਘਰ ਬਾਹਰੋਂ ਫੋਰਡ ਆਈਕਨ ਕਾਰ ਵੀ ਗਾਇਬ ਹੈ। ਕੇ.ਜੇ. ਸਿੰਘ ‘ਦਿ ਟ੍ਰਿਬਿਊਨ’ ਵਿੱਚੋਂ ਖ਼ਬਰ ਸੰਪਾਦਕ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਫ਼ੇਜ਼-3ਬੀ2 ਦੀ ਕੋਠੀ ਨੰਬਰ 1796 ਵਿੱਚ ਆਪਣੀ ਮਾਂ ਗੁਰਚਰਨ ਕੌਰ ਨਾਲ ਰਹਿ ਰਹੇ ਸਨ। ਉਨ੍ਹਾਂ ਪੱਤਰਕਾਰੀ ਦਾ ਸਫ਼ਰ ਇੰਡੀਅਨ ਐਕਸਪ੍ਰੈੱਸ ਤੋਂ ਸ਼ੁਰੂ ਕੀਤਾ ਸੀ। ਇਸ ਦੋਹਰੇ ਕਤਲ ਸਬੰਧੀ ਫਿਲਹਾਲ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਅਣਪਛਾਤੇ ਬੰਦਿਆਂ ਖ਼ਿਲਾਫ਼ ਕਤਲ ਅਤੇ ਲੁੱਟ ਖੋਹ ਦਾ ਕੇਸ ਦਰਜ ਕੀਤਾ ਹੈ।

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਦੇ ਘਰ ਦੀ ਜਾਂਚ ਕਰਦੀ ਹੋਈ ਪੁਲਿਸ ਅਤੇ ਫੌਰੈਂਸਿਕ ਟੀਮ (ਇਨਸੈਟ ‘ਚ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਂ ਦੀ ਤਸਵੀਰ)

ਜਾਣਕਾਰੀ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ’ਤੇ ਅੰਦਰ ਵੜਦੇ ਹੀ ਫ਼ਰਸ਼ ’ਤੇ ਕਾਫ਼ੀ ਖ਼ੂਨ ਡੁੱਲਿਆ ਹੋਇਆ ਸੀ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਮਲਾਵਰ ਨੇ ਮਕਾਨ ਵਿੱਚ ਦਾਖ਼ਲ ਹੋਣ ਸਾਰ ਕੇ.ਜੇ. ਸਿੰਘ ’ਤੇ ਚਾਕੂ ਜਾਂ ਕਿਸੇ ਹੋਰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੋਵੇਗਾ। ਬਾਅਦ ਵਿੱਚ ਹੱਥੋਪਾਈ ਹੋ ਕੇ ਹਮਲਾਵਰ ਪੱਤਰਕਾਰ ਨੂੰ ਉਨ੍ਹਾਂ ਦੇ ਬੈਡਰੂਮ ਤੱਕ ਲੈ ਗਏ। ਜਿੱਥੇ ਉਨ੍ਹਾਂ ਦਾ ਗਲਾ ਵੱਢ ਦਿੱਤਾ। ਉਨ੍ਹਾਂ ਦੀ ਬਜ਼ੁਰਗ ਮਾਂ ਦੇ ਸਰੀਰ ’ਤੇ ਬਾਹਰੀ ਜ਼ਖ਼ਮ ਦਾ ਕੋਈ ਨਿਸ਼ਾਨ ਨਹੀਂ ਸੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਗਲ ਘੁੱਟ ਕੇ ਮਾਰਿਆ ਹੋਵੇਗਾ।

ਇਸ ਘਟਨਾ ਦੀ ਜਾਣਕਾਰੀ ਸ਼ਨੀਵਾਰ ਦੁਪਹਿਰ ਵੇਲੇ ਕਰੀਬ 12 ਵਜੇ ਉਦੋਂ ਮਿਲੀ, ਜਦੋਂ ਕੇ.ਜੇ. ਸਿੰਘ ਦੀ ਭੈਣ (ਜੋ ਫ਼ੇਜ਼-3ਬੀ2 ਵਿੱਚ ਨੇੜੇ ਹੀ ਰਹਿੰਦੀ ਹੈ) ਆਪਣੇ ਭਰਾ ਅਤੇ ਮਾਂ ਨੂੰ ਮਿਲਣ ਆਈ ਸੀ। ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ, ਇਸ ਦੌਰਾਨ ਐਸਐਸਪੀ ਕੁਲਦੀਪ ਸਿੰਘ ਚਹਿਲ ਅਤੇ ਐਸਪੀ (ਸਿਟੀ) ਜਗਜੀਤ ਸਿੰਘ ਜੱਲ੍ਹਾ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੱਤਰਕਾਰ ਦੀ ਭੈਣ ਤੇ ਗੁਆਂਢੀਆਂ ਨਾਲ ਗੱਲਬਾਤ ਕਰ ਕੇ ਵਾਰਦਾਤ ਬਾਰੇ ਜਾਣਕਾਰੀ ਹਾਸਲ ਕੀਤੀ।

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਦੇ ਪਰਿਵਾਰਕ ਮੈਂਬਰ

ਮੀਡੀਆ ਰਿਪੋਰਟਾਂ ਮੁਤਾਬਕ ਪੱਤਰਕਾਰ ਕੇ.ਜੇ. ਸਿੰਘ ਹਮੇਸ਼ਾ ਆਪਣੇ ਘਰ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਰੱਖਦੇ ਸਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੇ.ਜੇ. ਸਿੰਘ ਨੇ ਸ਼ਾਇਦ ਕੋਈ ਜਾਣਕਾਰ ਹੋਣ ਕਾਰਨ ਦਰਵਾਜ਼ਾ ਖੋਲ੍ਹਿਆ ਸੀ। ਉਨ੍ਹਾਂ ਦੇ ਗਲੇ ਵਿੱਚ ਸੋਨੇ ਦੀ ਚੇਨ ਅਤੇ ਮਾਂ ਦਾ ਸਾਰਾ ਸੋਨਾ ਜਿਉਂ ਦਾ ਤਿਉਂ ਸੀ। ਉਨ੍ਹਾਂ ਦਾ ਲੈਪਟਾਪ ਅਤੇ ਮਹਿੰਗਾ ਕੈਮਰਾ ਵੀ ਕਮਰੇ ਵਿੱਚ ਹੀ ਪਿਆ ਸੀ। ਘਰੇਲੂ ਨੌਕਰਾਣੀ ਰੇਖਾ ਨੇ ਦੱਸਿਆ ਕਿ ਉਹ ਸਵੇਰੇ ਕੰਮ ਕਰਨ ਆਈ ਸੀ ਅਤੇ ਮੁੱਖ ਗੇਟ ’ਤੇ ਲੱਗੀ ਘੰਟੀ ਮਾਰੀ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਕਾਰਨ ਉਹ ਵਾਪਸ ਚਲੀ ਗਈ। ਸੀਸੀਟੀਵੀ ਕੈਮਰੇ ਨਾ ਲੱਗੇ ਹੋਣ ਕਾਰਨ ਪੁਲਿਸ ਨੂੰ ਕੋਈ ਅਹਿਮ ਸੁਰਾਗ ਨਹੀਂ ਮਿਲਿਆ। ਹਾਲਾਂਕਿ ਇਕ ਗੁਆਂਢੀ ਦੇ ਘਰ ਅਤੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪਰ ਉਹ ਚੱਲ ਨਹੀਂ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version