Site icon Sikh Siyasat News

ਬਾਦਲਾਂ ਨੂੰ ਫਰੀਦਕੋਟ ਰੈਲੀ ਦੀ ਇਜਾਜ਼ਤ ਮਿਲੀ, ਕੋਰਟ ਨੇ ਆਵਾਜਾਈ ਦੇ ਰਾਹ ਬਦਲੇ; ਸਿੱਖ ਧਿਰਾਂ ਵਲੋਂ ਵਿਰੋਧ ਦਾ ਐਲਾਨ

ਚੰਡੀਗੜ੍ਹ/ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੈਰਸਿਧਾਂਤਕ ਮੁਆਫੀ ਦਵਾਉਣ ਵਿਚ ਹੱਥ ਸਾਹਮਣੇ ਆਉਣ ਤੋਂ ਬਾਅਦ ਆਪਣੀ ਸ਼ਾਖ ਬਚਾਉਣ ਦਾ ਯਤਨ ਕਰ ਰਹੇ ਬਾਦਲ ਦਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਫਰੀਦਕੋਟ ਵਿਖੇ ਰੈਲੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬਰਗਾੜੀ ਵਿਖੇ ਸਿੱਖ ਸੰਗਤਾਂ ਦੇ ਮੋਰਚੇ ਦੇ ਚਲਦਿਆਂ ਪ੍ਰਸ਼ਾਸਨ ਵਲੋਂ ਪਹਿਲਾਂ ਇਸ ਰੈਲੀ ‘ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਰੋਕ ਦੇ ਵਿਰੁੱਧ ਬਾਦਲ ਦਲ ਨੇ ਹਾਈ ਕੋਰਟ ਪਹੁੰਚ ਕੀਤੀ ਸੀ।

ਬੀਤੇ ਕਲ੍ਹ ਸਾਰਾ ਦਿਨ ਬਾਦਲ ਦਲ ਤੇ ਸਰਕਾਰ ਦਰਮਿਆਨ ਕਾਨੂੰਨੀ ਲੜਾਈ ਚੱਲਦੀ ਰਹੀ। ਹਾਈ ਕੋਰਟ ਨੇ ਦੇਰ ਰਾਤ ਦੂਜੀ ਵਾਰ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਰੈਲੀ ਦੀ ਇਜਾਜ਼ਤ ਦੇਣ ਵਾਲੇ ਆਪਣੇ ਪਹਿਲੇ ਫ਼ੈਸਲੇ ਨੂੰ ਤਾਂ ਬਰਕਰਾਰ ਰੱਖਿਆ ਪਰ ਰੈਲੀ ਵਿੱਚ ਜਾਣ ਵਾਲੇ ਲੋਕਾਂ ਲਈ ਰੂਟ ਬਦਲ ਦਿੱਤੇ ਹਨ ਤਾਂ ਕਿ ਉਨ੍ਹਾਂ ਦਾ ਟਕਰਾਅ ਦੇ ਖਦਸ਼ੇ ਵਾਲੇ ਸਥਾਨ ਬਰਗਾੜੀ ਤੋਂ ਲੰਘਣਾ ਰੋਕਿਆ ਜਾ ਸਕੇ।

ਇਨ੍ਹਾਂ ਹੁਕਮਾਂ ਤਹਿਤ ਬਾਜਾਖਾਨਾ ਤੋਂ ਕੋਟਕਪੂਰਾ ਬਰਾਸਤਾ ਬਰਗਾੜੀ ਅਤੇ ਪੁਰਾਣਾ ਕੋਟਕਪੂਰਾ ਤੋਂ ਫਰੀਦਕੋਟ ਰੂਟ ਬੰਦ ਰਹਿਣਗੇ। ਦੂਜੇ ਪਾਸੇ ਬਾਜਾਖਾਨਾ ਤੋਂ ਬਰਾਸਤਾ ਜੈਤੋ ਅਤੇ ਕੋਟਕਪੂਰਾ ਤੋਂ ਫ਼ਰੀਦਕੋਟ ਨਵੇਂ ਹਾਈਵੇਅ ਵਾਲੇ ਰੂਟਾਂ ਦੀ ਇਜਾਜ਼ਤ ਦਿੱਤੀ ਗਈ ਹੈ।

ਸਿੱਖ ਜਥੇਬੰਦੀਆਂ ਵਲੋਂ ਬਾਦਲ ਦਲ ਦੀ ਰੈਲੀ ਦੇ ਵਿਰੋਧ ਦਾ ਐਲਾਨ
ਭਾਵੇਂ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਦਲ ਦਲ ਨੂੰ ਫਰੀਦਕੋਟ ਰੈਲੀ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਸਿੱਖ ਜਥੇਬੰਦੀਆਂ ਵਿਰੋਧ ਦੇ ਫੈਂਸਲੇ ‘ਤੇ ਡਟੀਆਂ ਹੋਈਆਂ ਹਨ। ਬੀਤੇ ਕਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਦਾ ਸ਼ਾਂਤਮਈ ਤਰੀਕੇ ਨਾਲ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version