Site icon Sikh Siyasat News

ਗੁਰਮੀਤ ਪਿੰਕੀ ਨੇ ਡੀਜੀਪੀ ਸੁਰੇਸ਼ ਅਰੋੜਾ ’ਤੇ ਬੱਬਰ ਅਮਰਜੀਤ ਸਿੰਘ ਦੇ ਮੁਕਾਬਲੇ ਬਾਰੇ ਗੰਭੀਰ ਦੋਸ਼ ਲਾਏ

ਚੰਡੀਗੜ੍ਹ: ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਅਤੇ ਚਰਚਿਤ ਪੁਲੀਸ ਕੈਟ ਰਹੇ ਗੁਰਮੀਤ ਸਿੰਘ ਪਿੰਕੀ ਨੇ ਅੱਜ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ’ਤੇ 80-90 ਦੇ ਦਹਾਕੇ ਦੌਰਾਨ ਹੋਏ ਇੱਕ ਮੁਕਾਬਲਾ ਬਾਰੇ ਗੰਭੀਰ ਦੋਸ਼ ਲਾਏ ਹਨ। ਪਿੰਕੀ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਜੇ ਉਸ ਨਾਲ ਕੋਈ ਮਾੜੀ ਘਟਨਾ ਵਾਪਰੀ ਤਾਂ ਇਸ ਲਈ ਅਰੋੜਾ ਸਮੇਤ ਡੀਜੀਪੀ (ਖੁਫ਼ੀਆ) ਅਨਿਲ ਕੁਮਾਰ ਸ਼ਰਮਾ ਜ਼ਿੰਮੇਵਾਰ ਹੋਣਗੇ।

ਪੰਜਾਬ ਪੁਲੀਸ ਦੇ ਬਰਖ਼ਾਸਤ ਇੰਸਪੈਕਟਰ ਗੁਰਮੀਤ ਪਿੰਕੀ ਹੋਰ ਬਰਖਾਸਤ ਪੁਲੀਸ ਮੁਲਾਜ਼ਮਾਂ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ

ਪਿੰਕੀ ਨੇ ਅੱਜ ਇੱਕ ਦਰਜਨ ਦੇ ਕਰੀਬ ਬਰਖ਼ਾਸਤ ਪੁਲੀਸ ਮੁਲਾਜ਼ਮਾਂ ਸਮੇਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਰੋੜਾ ਦੇ ਦੌਰ ਦੌਰਾਨ ਜਲੰਧਰ ਵਿੱਚ ਬੱਬਰ ਅਮਰਜੀਤ ਸਿੰਘ ਜਲੰਧਰੀ ਦੇ ਹੋਏ ਮੁਕਾਬਲੇ ਬਾਰੇ ਉਸ (ਅਮਰਜੀਤ ਸਿੰਘ) ਨੂੰ ਗ੍ਰਿਫ਼ਤਾਰ ਕਰਨ ਅਤੇ ਮੁਕਾਬਲਾ ਹੋਣ ਦਾ ਕੋਈ ਰਿਕਾਰਡ ਨਹੀਂ ਹੈ। ਇਸੇ ਤਰ੍ਹਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਇੱਕ ਆਗੂ ਦੇ ਪੁੱਤਰ ਰਮਿੰਦਰ ਸਿੰਘ ਟੈਨੀ ਨੂੰ ਮਾਰਨ ਦਾ ਵੀ ਪੁਲੀਸ ਕੋਲ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਪੁਲੀਸ ਵੱਲੋਂ ਇੱਕ ਸਿੱਖ ਧਰਮ ਸਿੰਘ ਨੂੰ ਮਾਰਨ ਦੇ ਇਵਜ਼ ਵਜੋਂ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਮਾਰੇ ਗਏ ਸਿੱਖ ਕੋਲੋਂ ਬਰਾਮਦ ਕੀਤੀ ਕਰੋੜਾਂ ਦੀ ਰਾਸ਼ੀ ਬਾਰੇ ਵੀ ਪੁਲੀਸ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾਏ। ਉਸਨੇ ਕਿਹਾ ਕਿ ਉਹ ਇੱਕ ਮਾਮਲੇ ਵਿੱਚ ਡੀਜੀਪੀ ਅਰੋੜਾ ਵਿਰੁੱਧ ਹਾਈਕੋਰਟ ਵੀ ਜਾ ਰਿਹਾ ਹੈ।

ਪਿੰਕੀ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਦੇ ਸਿਖਰਲੇ ਅਧਿਕਾਰੀ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਦੇ ਰਾਹ ਪੈਣ ਲਈ ਮਜਬੂਰ ਕਰ ਰਹੇ ਹਨ। ਉਸਨੇ ਦੋਸ਼ ਲਾਇਆ ਕਿ ਪੰਜਾਬ ਦੇ ਖੁਫੀਆ ਵਿੰਗ ਦੇ ਇੱਕ ਅਧਿਕਾਰੀ ਨੇ ਅੱਜ ਫੋਨ ਕਰਕੇ ਧਮਕੀ ਦਿੱਤੀ ਹੈ ਕਿ ਉਹ ਪ੍ਰੈਸ ਕਾਨਫਰੰਸ ਦੌਰਾਨ ਪੁਲੀਸ ਵੱਲੋਂ ਬੰਦੇ ਮਾਰਨ ਦੇ ਭੇਤ ਖੋਲ੍ਹਣ ਦੀ ਗਲਤੀ ਨਾ ਕਰੇ। ਪਿੰਕੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਹੋਏ ਫਰਜ਼ੀ ਪੁਲੀਸ ਮੁਕਾਬਲਿਆਂ ਦੀ ਨਿਆਂਇਕ ਜਾਂ ਕੇਂਦਰੀ ਜਾਂਚ ਬਿਊਰੋ ਕੋਲੋਂ ਪੜਤਾਲ ਕਰਵਾਉਣ ਲਈ ਵੀ ਹਾਈ ਕੋਰਟ ਜਾ ਰਿਹਾ ਹੈ।

ਪਿੰਕੀ ਨਾਲ ਪ੍ਰੈਸ ਕਾਨਫਰੰਸ ਵਿੱਚ ਆਏ ਕਈ ਬਰਖ਼ਾਸਤ ਪੁਲੀਸ ਮੁਲਾਜ਼ਮਾਂ ਗੁਰਚਰਨ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਬਲਕਾਰ ਸਿੰਘ, ਕ੍ਰਿਸ਼ਨ ਲਾਲ, ਹਰਮੇਸ਼ ਸਿੰਘ, ਅਮਰਜੀਤ ਸਿੰਘ ਆਦਿ ਨੇ ਕਿਹਾ ਕਿ ਅਦਾਲਤਾਂ ਨੇ ਉਨ੍ਹਾਂ ਨੂੰ ਪੁਲੀਸ ਮੁਕਾਬਲਿਆਂ ਸਮੇਤ ਹੋਰ ਮਾਮਲਿਆਂ ’ਚ ਸਜ਼ਾ ਮਿਲਣ ’ਤੇ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਹੈ। ਦੂਸਰੇ ਪਾਸੇ ਅਦਾਲਤਾਂ ਵੱਲੋਂ ਸਜ਼ਾਯਾਫਤਾ 54 ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨੌਕਰੀਆਂ ’ਤੇ ਬਹਾਲ ਰੱਖਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲੀਸ ਦੇ ਉਚ ਅਧਿਕਾਰੀ ਇਸ ਮਾਮਲੇ ਵਿੱਚ ਦੂਹਰੇ ਮਾਪਦੰਡ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚੋਂ ਇਨਸਾਫ ਹਾਸਲ ਕਰਨ ਲਈ ਉਹ ਹਾਈ ਕੋਰਟ ਦਾ ਕੁੰਡਾ ਖੜਕਾਉਣਗੇ।

ਮੌਜੂਦਾ ਡੀਜੀਪੀ ਅਰੋੜਾ ਦੇ ਸਮੇਂ ਦੌਰਾਨ ਪਿੰਕੀ ਨੂੰ ਬਰਖ਼ਾਸਤ ਕਰਨ ਜਾਂ ਬਹਾਲ ਕਰਨ ਦੇ ਮਾਮਲੇ ਉਪਰ ਕਦੇ ਕੋਈ ਫ਼ੈਸਲਾ ਨਹੀਂ ਹੋਇਆ। ਪਿੰਕੀ ਨਾਲ ਸਬੰਧਤ ਅਜਿਹੇ ਸਾਰੇ ਫ਼ੈਸਲੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਸਮੇਂ ਹੀ ਹੋਏ ਹਨ। ਦੱਸਣਯੋਗ ਹੈ ਕਿ ਪਿੰਕੀ ਨੇ ਇਸ ਤੋਂ ਪਹਿਲਾਂ ਸਾਬਕਾ ਡੀਜੀਪੀ ਸੁਮੇਧ ਸੈਣੀ ’ਤੇ ਉਸ ਨੂੰ ਬਹਾਲ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ਵੀ ਲਾਏ ਸਨ ਪਰ ਬਾਅਦ ਵਿੱਚ ਉਸ ਨੇ ਕੂਹਣੀ ਮੋੜ ਲੈ ਕੇ ਸੈਣੀ ਨੂੰ ਪਾਕ-ਸਾਫ ਦੱਸਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version