Site icon Sikh Siyasat News

ਇੰਡੀਆ ਦੀ ਆਰਥਿਕ ਚੁਣੌਤੀ ਅਤਿ-ਗੰਭੀਰ; ਕੁੱਲ ਘਰੇਲੂ ਉਤਪਾਦਨ 24% ਡਿੱਗਿਆ

ਚੰਡੀਗੜ੍ਹ: ਇੰਡੀਆ ਦਾ ਅਰਥਚਾਰਾ ਇਸ ਵੇਲੇ ਭਾਰੀ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਇਸ ਗੱਲ ਦੀ ਤਸਦੀਕ ਬੀਤੇ ਦਿਨ ਜਾਰੀ ਹੋਏ ਸਰਕਾਰੀ ਅੰਕੜਿਆਂ ਵਿੱਚ ਹੋਈ ਹੈ।

ਘਰੇਲੂ ਉਤਪਾਦਨ ਦੀ ਗਿਰਾਵਟ ਨੇ ਮਾਹਿਰਾਂ ਨੂੰ ਵੀ ਹੈਰਾਨ ਕੀਤਾ:

ਇੰਡੀਆ ਸਰਕਾਰ ਦੀ ਅੰਕੜਿਆਂ ਨਾਲ ਸੰਬੰਧਤ ਵਜ਼ਾਰਤ ਵੱਲੋਂ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਬਾਰੇ ਜਦੋਂ ਸੋਮਵਾਰ ਨੂੰ ਵਿੱਤੀ ਅੰਕੜੇ ਜਾਰੀ ਕੀਤੇ ਗਏ ਤਾਂ ਬਹੁਤੇ ਮਾਹਿਰਾਂ ਨੂੰ ਆਸ ਸੀ ਕਿ ਇੰਡੀਆ ਦੇ ਕੁੱਲ ਘਰੇਲੂ ਉਤਪਾਦਨ ਵਿੱਚ 20 ਫੀਸਦੀ ਤੋਂ ਘੱਟ ਹੀ ਗਿਰਾਵਟ ਦਰਜ ਹੋਈ ਹੋਵੇਗੀ। ਪਰ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਤਿਮਾਹੀ ਦੌਰਾਨ ਕੁੱਲ ਘਰੇਲੂ ਉਤਪਾਦਨ ਵਿੱਚ -24% ਦੀ ਗਿਰਾਵਟ ਆਈ ਹੈ।

ਇਸ ਗਿਰਾਵਟ ਅੰਕ ਦਾ ਕੀ ਭਾਵ ਬਣਦਾ ਹੈ:

ਇਸ ਦਾ ਮਤਲਬ ਇਹ ਬਣਦਾ ਹੈ ਕਿ ਇੰਡੀਆ ਵਿੱਚ ਅਪਰੈਲ, ਮਈ ਅਤੇ ਜੂਨ ਦੇ ਮਹੀਨੇ ਦੌਰਾਨ ਪੈਦਾ ਕੀਤੀਆਂ ਗਈਆਂ ਕੁੱਲ ਵਸਤੂਆਂ ਅਤੇ ਸੇਵਾਵਾਂ ਬੀਤੇ ਸਾਲ ਦੇ ਇਨ੍ਹਾਂ ਹੀ ਤਿੰਨ ਮਹੀਨਿਆਂ ਨਾਲੋਂ 24 ਫੀਸਦੀ ਘੱਟ ਹਨ।

ਅਸਲ ਗਿਰਾਵਟ ਅੰਕ ਹੋਰ ਵੀ ਮਾਰੂ ਹੋ ਸਕਦਾ ਹੈ:

ਅਰਥਚਾਰੇ ਦੇ ਪੱਖੋਂ ਇਸ ਤੋਂ ਵੀ ਵੱਧ ਮਾੜੀ ਗੱਲ ਇਹ ਹੈ ਕਿ ਤਾਲਾਬੰਦੀ ਅਤੇ ਕਰੋਨਾ ਰੋਕਾਂ ਦੇ ਚੱਲਦਿਆਂ ਜੋ ਅੰਕੜੇ ਇਕੱਠੇ ਕੀਤੇ ਗਏ ਹਨ ਉਨ੍ਹਾਂ ਦਾ ਮਿਆਰ ਬਹੁਤਾ ਭਰੋਸੇਯੋਗ ਨਹੀਂ ਹੈ ਅਤੇ ਅੰਕੜਾ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਆਉਂਦੇ ਸਮੇਂ ਦੌਰਾਨ ਪੁਖਤਾ ਅੰਕੜੇ ਇਕੱਤਰ ਕਰਕੇ ਪਹਿਲੀ ਤਿਮਾਹੀ ਦੇ ਵਿੱਤੀ ਘਾਟੇ ਨੂੰ ਮੁੜ ਸੋਧਿਆ ਜਾਵੇਗਾ ਤਾਂ ਮੌਜੂਦਾ ਘਾਟੇ ਦਾ 24% ਅੰਕ ਹੋਰ ਵੀ ਵਧ ਸਕਦਾ ਹੈ।

ਸਾਰੇ ਖੇਤਰਾਂ ਵਿੱਚ ਹੀ ਗਿਰਾਵਟ ਦਰਜ ਹੋਈ:

ਇੰਡੀਆ ਦੇ ਅਰਥਚਾਰੇ ਨਾਲ ਸਬੰਧਤ ਸਾਰੇ ਖੇਤਰ ਵਿੱਚ ਹੀ ਗਿਰਾਵਟ ਦਰਜ ਕੀਤੀ ਗਈ ਹੈ। ਸੀਮਿੰਟ ਦੇ ਉਤਪਾਦਨ, ਲੋਹੇ ਦੀ ਲਾਗਤ ਅਤੇ ਇੱਥੋਂ ਤੱਕ ਕਿ ਟੈਲੀਫੋਨ ਵਰਤਣ ਵਾਲੇ ਸਬਸਕ੍ਰਾਈਬਰਾਂ ਦੀ ਗਿਣਤੀ ਵਿੱਚ ਵੀ ਇਸ ਤਿਮਾਹੀ ਦੌਰਾਨ ਭਾਰੀ ਗਿਰਾਵਟ ਆਈ ਹੈ।

ਆਰਥਿਕ ਚੁਣੌਤੀ ਗੰਭੀਰ ਹੈ:

ਅਜਿਹੇ ਹਾਲਾਤ ਵਿੱਚ ਇੰਡੀਆ ਵਾਸਤੇ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਜਦਕਿ ਦੂਜੇ ਬੰਨੇ ਚੀਨ ਨਾਲ ਲਗਦੀ ਸਰਹੱਦ ਉੱਪਰ ਤਣਾਅ ਦਾ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇੰਡੀਆ ਨੂੰ ਉੱਥੇ ਆਪਣੇ ਫੌਜੀ ਅਤੇ ਆਰਥਿਕ ਸਰਮਾਏ ਖਰਚ ਕਰਨੇ ਪੈ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version