Site icon Sikh Siyasat News

ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੁਲਿਸ ਕਸੂਰਵਾਰ ਜਿਸਨੇ ਬਿਨਾਂ ਕਾਰਣ ਬੇਦੋਸ਼ੇ ਲੋਕਾਂ ‘ਤੇ ਗੋਲੀ ਚਲਾਈ -ਜਸਟਿਸ ਕਾਟਜੂ

ਸਾਬਕਾ ਜੱਜ ਮਾਰਕੰਡੇ ਕਾਟਜੂ

ਬਠਿੰਡਾ (1 ਫ਼ਰਵਰੀ,2016): ਕੋਟਕਪੂਰਾ ਨੇੜਲੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪਿੰਡ ਬਹਿਬਲ ਕਲਾਂ ਵਿੱਚ ਸ਼ਾਂਤਮਈ ਰੋਸ ਧਰਨਾ ਦੇ ਸਿੱਖ ਸੰਗਤ ਉੱਤੇ ਪੰਜਾਬ ਪੁਲਿਸ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ, ਪ੍ਰੈਸ ਕੌਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਰਿਟਾ: ਜਸਟਿਸ ਮਾਰਕੰਡੇ ਕਾਟਜੂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਟੀਮ ਪੀੜਤਾਂ ਅਤੇ ਚਸ਼ਮਦੀਦ ਗਾਵਾਹਾਂ ਦੀ ਗਵਾਹੀਆਂ ਦਰਜ਼ ਕਰ ਲਈਆਂ ਹਨ।

ਪੁਲਿਸ ਗੋਲੀ ਵਿੱਚ ਸ਼ਹੀਦ ਹੋਏ ਸਿੰਘ

ਇਸ ਗੈਰ ਸਰਕਾਰੀ ਕਮਿਸ਼ਨ ਦੀ ਟੀਮ ਜਿਸ ਵਿਚ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਪ੍ਰਤੀਨਿਧ, ਸਾਬਕਾ ਡੀ. ਜੀ. ਪੀ. ਜੇਲ੍ਹਾਂ ਸਸ਼ੀਕਾਂਤ, ਸਿੱਖ ਫਾਰ ਹਿਊਮਨ ਰਾਇਟਸ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ, ਐਡਵੋਕਟ ਜਤਿੰਦਰ ਰਾਏ ਖੱਟੜ, ਐਡਵੋਕਟ ਹਰਪਾਲ ਸਿੰਘ ਖਾਰਾ, ਸੁਰਜੀਤ ਸਿੰਘ ਸੋਹੀ ਸਮੇਤ ਸੀਨੀਅਰ ਵਕੀਲ ਸ਼ਾਮਿਲ ਸਨ ਨੇ ਬਹਿਬਲ ਕਲਾਂ ਵਿਖੇ ਵਾਪਰੇ ਪੁਲਿਸ ਗੋਲੀ ਕਾਂਡ ਦੀ ਸੱਚਾਈ ਦਾ ਪਤਾ ਲਾਉਣ ਲਈ ਮੌਕੇ ਦੇ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਅੱਜ ਵਾਪਸ ਪਰਤਣ ‘ਤੇ ਬਠਿੰਡਾ ਵਿਖ਼ੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰਿਟਾ: ਜਸਟਿਸ ਮਾਰਕੰਡੇ ਕਾਟਜੂ ਨੇ ਦੱਸਿਆ ਕਿ ਇਹ ਗੋਲੀ ਕਾਂਡ ਪੂਰੀ ਤਰ੍ਹਾ ਟਾਲਿਆ ਜਾ ਸਕਦਾ ਸੀ।

ਉਨ੍ਹਾਂ ਕਿਹਾ ਕਿ ਮੁੱਢਲੇ ਤੱਥਾਂ ਅਤੇ ਮੌਕੇ ਦੇ ਗਵਾਹਾਂ ਤੋਂ ਪ੍ਰਾਪਤ ਰਿਪੋਰਟਾਂ ਦੇ ਅਧਾਰ ਤੇ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਇਸ ਗੋਲੀ ਕਾਂਡ ਵਿਚ ਪੁਲਿਸ ਕਸੂਰਵਾਰ ਸੀ ਜਿੰਨ੍ਹਾਂ ਨੇ ਬਿਨ੍ਹਾਂ ਕਿਸੇ ਠੋਸ ਕਾਰਨ ਬੇਦੋਸ਼ੇ ਲੋਕਾਂ ‘ਤੇ ਗੋਲੀ ਚਲਾ ਦਿੱਤੀ।

ਜਸਟਿਸ ਕਾਟਜੂ ਨੇ ਕਿਹਾ ਕਿ ਇਸ ਗੈਰ ਸਰਕਾਰੀ ਕਮਿਸ਼ਨ ਨੇ ਮੌਕੇ ਦੇ ਹਾਲਤਾਂ ਅਤੇ ਗਵਾਹਾਂ ਤੋਂ ਮੌਕੇ ਦੇ ਹਾਲਤ ਅਨੁਸਾਰ ਬਿਆਨ ਕਲਮਬੱਧ ਕੀਤੇ ਹਨ ਜਿਸ ਸਬੰਧੀ ਰਿਪੋਰਟ ਤਿਆਰ ਕਰਕੇ ਦੋ ਹਫਤਿਆਂ ਵਿਚ ਜਨਤਕ ਕੀਤੀ ਜਾਵੇਗੀ।

ਉਨ੍ਹਾਂ ਨੇ ਸਰਕਾਰ ਅਤੇ ਪੁਲਿਸ ਨੂੰ ਵੀ ਨੋਟਿਸ ਭੇਜੇ ਹਨ ਤਾਂ ਜੋ ਉਹ ਵੀ ਇਸ ਮਾਮਲੇ ਵਿਚ ਆਪਣਾ ਪੱਖ਼ ਰੱਖ਼ ਸਕਣ। ਇਸ ਮੌਕੇ ਸਿੱਖ਼ ਫ਼ਾਰ ਹਿਊਮਨ ਰਾਈਟਸ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਦੋ ਦਿਨਾ ਦੌਰੇ ਨੂੰ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਕੀਤਾ ਠੋਸ ਉਪਰਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਪੀੜਤਾਂ ਨਾਲ ਹਰ ਸਮੇਂ ਖੜਨਗੇ। ਇਸ ਮੌਕੇ ਨਵਦੀਪ ਸਿੰਘ ਜੀਦਾ, ਐਡਵੋਕੇਟ ਕੰਵਲਜੀਤ ਸਿੰਘ ਕੁੱਟੀ ਆਦਿ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਲੰਘੀ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰ ਰਹੇ ਸਿੱਖ ਕਾਰਕੁਨਾਂ ‘ਤੇ ਕੋਟਕਪੂਰਾ ਦੇ ਮੇਨ ਚੌਂਕ ਅਤੇ ਬਹਿਬਲ ਕਲਾਂ ਵਿਖੇ ਪੰਜਾਬ ਪੁਲੀਸ ਵੱਲੋਂ ਲਾਠੀਚਾਰਜ ਅਤੇ ਗੋਲੀਬਾਰੀ ਦੀ ਘਟਨਾਵਾਂ ਵਾਪਰੀਆਂ ਜਿਸ ਦੌਰਾਨ ਬਹਿਬਲ ਕਲਾਂ ਤੇ ਨਿਆਮੀਆਂ ਵਾਲਾ ਦੇ ਵਸਨੀਕ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋਏ ਸਨ, ਜਿਸ ਦਾ ਵਿਰੋਧ ਪੂਰੇ ਪੰਜਾਬ ਵਿਚ ਫੈਲ ਗਿਆ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version