Site icon Sikh Siyasat News

ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ-ਮੁਬਾਰਕਬਾਦ ਮੁਬਾਰਕਬਾਦ ਮੁਬਾਰਕਬਾਦ

ਚੰਡੀਗੜ੍ਹ: ੨੦ ਮਈ ਨੂੰ ਚੰਡੀਗੜ੍ਹ ਤੋਂ ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ। ਇਸ ਨਵੀਂ ਸ਼ੁਰੂਆਤ ਦੀ ਅਗਵਾਈ ਕਰਨ ਲਈ ਕੱਲ ਤੋਂ ਪਹਿਲਾਂ ਤੱਕ ਦੀਆਂ ਦੋਹਾਂ ਜੱਥੇਬੰਦੀਆਂ ਦੇ ਸਾਰੇ ਸੀਨੀਅਰ ਆਗੂਆਂ ਨੇ ਸ. ਹਰਪਾਲ ਸਿੰਘ ਚੀਮਾ ਦੀ ਸਰਬ-ਸਮੰਤ ਚੋਣ ਕੀਤੀ ਹੈ। ਸੱਭ ਤੋਂ ਪਹਿਲਾਂ ਤਾਂ ਇਸ ਇਕੱਠ ਵਿੱਚ ਹਾਜ਼ਰ ਸੱਭ ਸਾਥੀਆਂ ਨੂੰ ਮੁਬਾਰਕਬਾਦ, ਫਿਰ ਸ. ਹਰਪਾਲ ਸਿੰਘ ਚੀਮਾ ਨੂੰ ਮੁਬਾਰਕਬਾਦ। ਦਲ ਖਾਲਸਾ ਤੇ ਪੰਚ ਪ੍ਰਧਾਨੀ ਦੀ ਸਾਂਝ ਤੇ ਏਕਤਾ ਵਿੱਚੋਂ ਨਿਕਲੀ ਇਹ ਨਵੀਂ ਸ਼ੁਰੂਆਤ ਸਮੇਂ ਤੇ ਹਾਲਾਤ ਦੀ ਲੋੜ੍ਹ ਸੀ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦੀ ਲੋੜ੍ਹ ਸੀ।

ਭਾਈ ਗਜਿੰਦਰ ਸਿੰਘ, ਦਲ ਖਾਲਸਾ

ਦੋਹਾਂ ਜੱਥੇਬੰਦੀਆਂ ਵਿੱਚ ਏਕੇ ਦੇ ਕਾਰਜ ਨੂੰ ਨਿਰਵਿਘਨ ਤਰੀਕੇ ਨਾਲ ਸਿਰੇ ਚੜ੍ਹਾਉਣ ਲਈ ਸ. ਕੰਵਰਪਾਲ ਸਿੰਘ ਦੀ ਸੂਝ, ਸਮਝਦਾਰੀ ਤੇ ਠਰੰਮੇ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੀ ਹੈ। ਇਹ ਇੱਕ ਔਖਾ ਕੰਮ ਸੀ, ਜੋ ਉਨ੍ਹਾਂ ਨੇ ਖੁਸ਼ ਅਸਲੂਬੀ ਨਾਲ ਸਿਰੇ ਚੜਾਉਣ ਵਿੱਚ ਅਹਿਮ ਰੋਲ ਅਦਾ ਕੀਤਾ ।

ਭਾਈ ਦਲਜੀਤ ਸਿੰਘ ਬਿੱਟੂ, ਜੋ ਖਾਲਿਸਤਾਨੀ ਸੰਘਰਸ਼ ਦੇ ਇੱਕ ਸੀਨੀਅਰ ਆਗੂ ਹਨ, ਤੇ ਪੰਚ ਪ੍ਰਧਾਨੀ ਦੇ ਬਾਨੀ ਵੀ, ਉਹਨਾਂ ਦੇ ਸਿਰੜ੍ਹ ਤੇ ਤਿਆਗ ਦੀ ਸ਼ਲਾਘਾ ਕਰਨੀ ਅਤਿ ਜ਼ਰੂਰੀ ਹੈ । ਇਹ ਜੋ ਕੁੱਝ ਹੋਇਆ ਹੈ, ਭਾਈ ਦਲਜੀਤ ਸਿੰਘ ਬਿੱਟੂ ਦੇ ਚਾਹਣ ਤੇ ਹੋਇਆ ਹੈ, ਉਹਨਾਂ ਦੀ ਇੱਛਾ ਮੁਤਾਬਕ, ਤੇ ਅਗਵਾਈ ਵਿੱਚ ਹੀ ਹੋਇਆ ਹੈ ।

ਸ. ਹਰਚਰਨਜੀਤ ਸਿੰਘ ਧਾਮੀ, ਜੋ ਪਿੱਛਲੇ ਲੰਮੇ ਸਮੇਂ ਤੋਂ ਦਲ ਖਾਲਸਾ ਦੀ ਪ੍ਰਧਾਨਗੀ ਬਹੁਤ ਸੁਚੱਜੇ ਤਰੀਕੇ ਨਾਲ ਨਿਭਾ ਰਹੇ ਸਨ, ਤੇ ਹਰਮਨ ਪਿਆਰੇ ਹਨ, ਉਹਨਾਂ ਦੇ ਤਿਆਗ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ ।

ਸੱਚੀ ਗੱਲ ਤਾਂ ਇਹ ਹੈ ਕਿ ਅੱਜ ਦੇ ਸਮੇਂ ਜਦੋਂ ਸਿੱਖ ਸਿਆਸਤ ਵਿੱਚ ਹਰ ਪਾਸੇ ਲੜ੍ਹਾਈ ਝਗੜ੍ਹੇ, ਸਾੜ੍ਹਾ ਤੇ ਪਾੜ੍ਹਾ ਚੱਲ ਰਿਹਾ ਹੈ, ਦੋਹਾਂ ਜੱਥੇਬੰਦੀਆਂ ਦੇ ਸੱਭ ਆਗੂ, ਜਿਨ੍ਹਾਂ ਨੇ ਇਸ ਏਕਤਾ ਦੇ ਅਮਲ ਨੂੰ ਅੱਗੇ ਤੋਰਨ ਵਿੱਚ ਆਪੋ ਆਪਣਾ ਹਿੱਸਾ ਪਾਇਆ ਹੈ, ਸ਼ਲਾਘਾ ਦੇ ਪਾਤਰ ਹਨ ।

ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਸਾਰਿਆਂ ਨੇ ਰੱਲ ਕੇ ਜੋ ਮਾਣ ਦਾਸ ਨੂੰ ਦਿੱਤਾ ਹੈ, ਉਸ ਲਈ ਧੰਨਵਾਦ ਲਫਜ਼ ਬਹੁਤ ਛੋਟਾ ਹੈ। ਦਾਸ ਦੀ ਜਲਾਵਤਨੀ ਕੁੱਝ ਇਸ ਤਰ੍ਹਾਂ ਦੀ ਹੈ ਕਿ ਉਮੀਦ ਨਹੀਂ ਕਦੀ ਆਪ ਸੱਭ ਦੇ ਦਰਸ਼ਨ ਇਸ ਜ਼ਿੰਦਗੀ ਵਿੱਚ ਹੋ ਸਕਣਗੇ, ਪਰ ਸਮੇਂ ਦੀ ਟੈਕਨਾਲੋਜੀ ਨੇ ਜੋ ਸਹੂਲੱਤ ਦਿੱਤੀ ਹੋਈ ਹੈ, ਉਸ ਰਾਹੀਂ ਆਪ ਦੇ ਦਰਸ਼ਨ ਰੋਜ਼ ਹੀ ਕਰਦਾ ਰਹਿੰਦਾ ਹਾਂ। ਸਵੇਰੇ ਉਠ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਦ ਆਪ ਵੀਰਾਂ ਦੇ, ਆਪ ਦੇ ਕੰਮਾਂ ਵਿੱਚੋਂ, ਆਪ ਦੇ ਲਫਜ਼ਾਂ ਵਿੱਚੋਂ ਦਰਸ਼ਨ ਕਰ ਲਈ ਦੇ ਹਨ। ਆਪ ਦੀਆਂ ਕਾਮਯਾਬੀਆਂ ਖੁਸ਼ੀ ਦਿੰਦੀਆਂ ਹਨ, ਜੀਣ ਦਾ ਨਵਾਂ ਜਜ਼ਬਾ ਦਿੰਦੀਆਂ ਹਨ, ਅਤੇ ਉਮੀਦ ਕਰਦਾ ਹਾਂ, ਇਹ ਖੁਸ਼ੀਆਂ ਹੋਰ ਵੀ ਕਈ ਗੁਣਾ ਜਰਬਾਂ ਦੇ ਕੇ ਤੁਸੀਂ ਦਿੰਦੇ ਰਹੋਗੇ। ਦਾਸ ਤਾਂ ਆਪ ਲਈ ਸਿਰਫ ਅਰਦਾਸ ਹੀ ਕਰ ਸਕਦਾ ਹੈ, ਜੋ ਨਿੱਤ ਕਰਦਾ ਹੈ। ਆਪ ਦੇ ਨਾਲ ਨਾਲ ਕੌਮੀ ਆਜ਼ਾਦੀ ਲਈ ਸੰਘਰਸ਼-ਸ਼ੀਲ ਹਰ ਜੱਥੇਬੰਦੀ ਤੇ ਵਿਅਕਤੀ ਲਈ ਅਰਦਾਸ ਕਰਦਾ ਹੈ।

ਅਖੀਰ ਤੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਕਿਸੇ ਵੀ ਢੰਗ ਤਰੀਕੇ ਨਾਲ ਯੋਗਦਾਨ ਪਾ ਰਹੇ ਸੱਭ ਸੱਜਣਾਂ ਤੇ ਜੱਥੇਬੰਦੀਆਂ ਨੂੰ ਏਕਤਾ ਦੇ ਇਸ ਅਮਲ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹਾਂ। ਕਿੰਨਾ ਚੰਗਾ ਹੋਵੇ ਕਿ ਪੁਰਾਤਨ ਸਮਿਆਂ ਦੇ ਦਲ ਖਾਲਸਾ ਵਾਂਗ ਅੱਜ ਫਿਰ ਕੌਮੀ ਸੰਘਰਸ਼ ਦੀ ਹਰ ਮਿਸਲ, ਹਰ ਜੱਥੇਬੰਦੀ ਏਕਤਾ ਦੀ ਤੁਰੀ ਇਸ ਲੜ੍ਹੀ ਵਿੱਚ ਪਰੋਈ ਜਾਵੇ। ਦਲ ਖਾਲਸਾ ਗਜਿੰਦਰ ਸਿੰਘ ਦੀ ਪਹਿਚਾਣ ਹੈ, ਜਗੀਰ ਨਹੀਂ, ਇੱਤਹਾਸ ਦੇ ਪੰਨਿਆਂ ਚੋਂ ਕੀਤੀ ਹੋਈ ਚੋਣ ਹੈ, ਜੋ ਸਦਾ ਸਦਾ ਲਈ ਸੱਭ ਦਾ ਸਾਂਝਾ ਹੈ। ਇਹ ਇੱਕ ਸਾਂਝੀ ਸੋਚ ਹੈ, ਸਾਂਝੀ ਵਿਰਾਸਤ ਹੈ, ਤੇ ਸਾਂਝੀ ਸਟੇਜ ਹੈ, ਜਿਸ ਉਤੇ ਹਰ ਸ਼ਾਮਿਲ ਹੋਣ ਵਾਲੇ, ਤੇ ਕਿਸੇ ਵੇਲੇ ਵੀ ਸ਼ਾਮਿਲ ਹੋਣ ਵਾਲੇ, ਸੱਭ ਦਾ ਬਰਾਬਰ ਦਾ ਹੱਕ ਹੈ।

ਗਜਿੰਦਰ ਸਿੰਘ, ਇਸ ਦਾ ਬੀਤਿਆ ਕੱਲ ਹੈ, ਤੇ ਹਰਪਾਲ ਸਿੰਘ ਚੀਮਾ ਇਸ ਦਾ ਅੱਜ ਹੈ ।

ਆਪ ਅਰਦਾਸ ਕਰਿਓ, ਤੇ ਵਾਹਿਗੁਰੂ ਮੇਹਰ ਕਰੇ ਦਾਸ ਦੀ ਇਸ ਕੌਮੀ ਸੰਘਰਸ਼ ਨਾਲ ਕੇਸਾਂ ਸਵਾਸਾਂ ਸੰਗ ਤੋੜ੍ਹ ਨਿਭ ਜਾਵੇ ।

ਗਜਿੰਦਰ ਸਿੰਘ, ਦਲ ਖਾਲਸਾ ।

21.5.2016

(ਅੱਜ ਦੇ ਇਸ ‘ਗਜਿੰਦਰ ਸਿੰਘ’ ਵਿੱਚ, ੧੯੭੮ ਦੀ ਪਹਿਲੀ ਟੀਮ ਦੇ ਅੱਜ ਤੱਕ ਜੱਥੇਬੰਦੀ ਨਾਲ ਤੁਰੇ ਆਉਂਦੇ ਸੱਭ ਆਗੂ, ਸ. ਸਤਿਨਾਮ ਸਿੰਘ ਪਾਉਂਟਾ ਸਾਹਿਬ, ਸ. ਮਨਮੋਹਣ ਸਿੰਘ ਯੂਕੇ, ਸ. ਤੇਜਿੰਦਰ ਪਾਲ ਸਿੰਘ, ਤੇ ਹੋਰ ਸੱਭ ਵੀ ਸ਼ਾਮਿਲ ਹਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version