Site icon Sikh Siyasat News

ਹਰਿਮੰਦਰ ਸਾਹਿਬ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਮੱਕੀ ਦੇ ਆਟੇ ਤੋਂ ਤਿਆਰ ਲਿਫ਼ਾਫੇ ਵਰਤੇ ਜਾਣਗੇ

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਵਾਤਾਵਰਣ ਪੱਖੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਇੱਥੇ ਹੁੰਦੀ ਪਲਾਸਟਿਕ ਦੇ ਲਿਫ਼ਾਫ਼ੇ ਦੀ ਵਰਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦੀ ਥਾਂ ਹੁਣ ਮੱਕੀ ਦੇ ਆਟੇ ਤੋਂ ਬਣੇ ਵਾਤਾਵਰਣ ਪੱਖੀ ਲਿਫ਼ਾਫ਼ੇ ਵਰਤੇ ਜਾਣ ਦੀ ਵੀਉਂਤ ਬਣਾਈ ਹੈ।

ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵੱਡੀ ਵਰਤੋਂ ਕੜਾਹ ਪ੍ਰਸ਼ਾਦਿ ਅਤੇ ਪਿੰਨੀ ਪ੍ਰਸ਼ਾਦਿ ਲਿਜਾਣ ਲਈ ਹੋ ਰਹੀ ਹੈ। ਲੰਗਰ ਘਰ ਵਿੱਚ ਆਉਂਦੀਆਂ ਰਸਦਾਂ ਆਦਿ ਵਾਸਤੇ ਵੀ ਇਹੀ ਪਲਾਸਟਿਕ ਦੇ ਲਿਫ਼ਾਫ਼ੇ ਵਰਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਮੁਕੰਮਲ ਤੌਰ ’ਤੇ ਬੰਦ ਕਰਕੇ ਹਰਿਮੰਦਰ ਸਾਹਿਬ ਤੋਂ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਜਾਵੇਗਾ ਕਿ ਸੰਗਤ ਖੁਦ ਵੀ ਵਾਤਾਵਰਣ ਪੱਖੀ ਚੀਜ਼ਾਂ ਦੀ ਵਰਤੋਂ ਕਰੇ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਕੜਾਹ ਪ੍ਰਸਾਦ ਲਿਜਾਣ ਲਈ ਲਿਫ਼ਾਫ਼ੇ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੁਲਾਜ਼ਮ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਬਦਲ ਲੱਭਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਹੀ ਈਕੋ ਅੰਮ੍ਰਿਤਸਰ ਅਤੇ ਦਲਬੀਰ ਫਾਊਂਡੇਸ਼ਨ ਜਥੇਬੰਦੀ ਦੇ ਆਗੂ ਗੁਨਬੀਰ ਸਿੰਘ ਵੱਲੋਂ ਇਸ ਦਾ ਬਦਲ ਸੁਝਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਬਦਲ ਵਜੋਂ ਵਰਤੇ ਜਾ ਰਹੇ ਮੱਕੀ ਦੇ ਆਟੇ ਨਾਲ ਤਿਆਰ ਕੀਤੇ ਲਿਫ਼ਾਫ਼ੇ ਦੇਣ ਲਈ ਆਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਵਾਤਾਵਰਣ ਪੱਖੀ ਲਿਫ਼ਾਫ਼ੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਾਣੀ ਦੇ ਸੰਪਰਕ ’ਚ ਆਉਂਦਿਆਂ ਹੀ ਘੁਲ ਜਾਂਦੇ ਹਨ ਅਤੇ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੇ। ਉਨ੍ਹਾਂ ਆਖਿਆ ਕਿ ਜਿਵੇਂ ਹੀ ਇਹ ਵਾਤਾਵਰਣ ਪੱਖੀ ਲਿਫ਼ਾਫ਼ੇ ਸ਼੍ਰੋਮਣੀ ਕਮੇਟੀ ਕੋਲ ਪੁੱਜਣਗੇ, ਸ਼੍ਰੋਮਣੀ ਕਮੇਟੀ ਇਨ੍ਹਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਬਦਲ ਵਜੋਂ ਵਰਤਣਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਵਾਤਾਵਰਣ ਪੱਖੀ ਅਤੇ ਪ੍ਰਦੂਸ਼ਣ ਮੁਕਤ ਖੇਤਰ ਬਣਾਉਣ ਲਈ ਵਚਨਬੱਧ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਘਰ ਵਿੱਚ ਵੀ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਸੰਭਵ ਯਤਨ ਜਾਰੀ ਹਨ।

ਦਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਆਖਿਆ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਰੱਦ ਕਰਕੇ ਵਾਤਾਵਰਣ ਪੱਖੀ ਲਿਫ਼ਾਫ਼ੇ ਵਰਤਣ ਲਈ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਹੋ ਚੁੱਕੀ ਹੈ। ਇਸੇ ਤਰ੍ਹਾਂ ਲੰਗਰ ਦੀ ਰਹਿੰਦ ਖੂੰਹਦ ਦੀ ਵਰਤੋਂ ਵਾਸਤੇ ਵੀ ਗਰੀਨ ਬੈਗ ਤਿਆਰ ਕੀਤੇ ਗਏ ਹਨ। ਇਨ੍ਹਾਂ ਵੱਡੇ ਲਿਫ਼ਾਫ਼ਿਆਂ ਨੂੰ ਲੰਗਰ ਦੀ ਸੁੱਕੀ ਤੇ ਗਿੱਲੀ ਰਹਿੰਦ ਖੂੰਹਦ ਵਾਸਤੇ ਵਰਤਿਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version