Site icon Sikh Siyasat News

ਖੋਲ੍ਹੇ ਬਿਨਾ ਕਿਤਾਬ ਪੜ੍ਹਨ ਵਾਲੀ ਤਕਨੀਕ ਵਿਚ ਵਿਗਿਆਨੀਆਂ ਨੂੰ ਪਹਿਲੀ ਕਾਮਯਾਬੀ ਮਿਲੀ

ਚੰਡੀਗੜ੍ਹ: ਕੀ ਤੁਸੀਂ ਕਿਸੇ ਕਿਤਾਬ ਨੁੰ ਖੋਲ੍ਹੇ ਬਿਨਾ ਪੜ੍ਹ ਸਕਦੇ ਹੋ? ਹਾਲ ਦੀ ਘੜੀ ਸ਼ਾਇਦ ਹਰ ਕੋਈ ਕਹੇਗਾ ਕਿ ‘ਨਹੀਂ, ਅਜਿਹਾ ਕਿਵੇਂ ਹੋ ਸਕਦਾ ਹੈ’? ਪਰ ਨੇੜ ਭਵਿੱਖ ਵਿਚ ਇਹ ਗੱਲ ਅਲੋਕਾਰੀ ਨਹੀਂ ਲੱਗੇਗੀ ਕਿਉਂਕਿ ਵਿਗਿਆਨੀਆਂ ਨੂੰ ਇਕ ਅਜਿਹੀ ਤਕਨੀਕ ਬਣਾਉਣ ਵਿਚ ਪਹਿਲੀ ਕਾਮਯਾਬੀ ਮਿਲ ਚੁੱਕੀ ਹੈ ਜਿਸ ਰਾਹੀਂ ਕਿਤਾਬ ਬਿਨਾਂ ਖੋਲ੍ਹੇ ਹੀ ਉਸ ਵਿਚ ਲਿਖੇ ਅੱਖਰ ਪੜ੍ਹੇ ਜਾ ਸਕਣਗੇ।

ਅਮਰੀਕਾ ਵਿਚਲੇ ਮੈਸੇਚਿਉਸੇਟਸ ਤਕਨਾਲਜੀ ਅਦਾਰੇ ਨੇ ਅਜਿਹੇ ਜੁਗਾੜ ਦਾ ਪਹਿਲਾ ਕਾਮਯਾਬ ਤਜ਼ਰਬਾ ਕਰਦਿਆਂ ਇਕ ਕਾਗਜ਼ਾਂ ਦੀ ਤਹਿ ਨੂੰ ਬਿਨਾ ਖੋਲ੍ਹੇ ਪਹਿਲੇ 9 ਪੰਨਿਆਂ ਉੱਤੇ ਲਿਖੇ ਅੱਖਰ ਸਹੀ ਸਹੀ-ਸਹੀ ਪੜ੍ਹ ਲਏ ਹਨ।

ਨਿਊਯਾਰਕ ਦੇ ਮੈਟਰੋਪੋਲਿਟਨ ਮਿਊਜ਼ੀਅਮ ਨੇ ਇਸ ਖੋਜ ਵਿਚ ਖਾਸ ਰੁਚੀ ਵਿਖਾਈ ਹੈ ਕਿਉਂਕਿ ਉਨ੍ਹਾਂ ਕੋਲ ਕੁਝ ਅਜਿਹੀਆਂ ਪੁਰਾਤਨ ਤੇ ਦੁਰਲਭ ਕਿਤਾਬਾਂ/ਦਸਤਾਵੇਜ਼ ਹਨ ਜੋ ਖੋਲ੍ਹਣ ਨਾਲ ਨੁਕਸਾਨੇ ਜਾ ਸਕਦੀ ਹਨ ਤੇ ਉਹ ਅਜਿਹਾ ਢੰਗ ਲੱਭਣਾ ਚਾਹੁੰਦੇ ਹਨ ਕਿ ਕਿ ਇਨ੍ਹਾਂ ਕਿਤਾਬਾਂ/ਦਸਤਾਵੇਜ਼ਾਂ ਨੂੰ ਬਿਨਾ ਛੂਹੇ ਹੀ ਪੜ੍ਹਿਆ ਜਾ ਸਕੇ।

ਨਵੇਂ ਬਣਾਏ ਜਾ ਰਹੇ ਪ੍ਰਬੰਧ ਵਿਚ ਅਜਿਹੀਆਂ ਤਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਕਾਗਜ਼ ਅਤੇ ਸਿਆਹੀ ਵਿਚਲੇ ਫਰਕ ਨੂੰ ਪਛਾਣਿਆ ਜਾ ਸਕਦਾ ਹੈ ਤੇ ਇਹ ਤਕਨੀਕ ਇਸੇ ਫਰਕ ਤੋਂ ਹੀ ਕਾਗਜ਼ ਉੱਤੇ ਲਿਖੇ ਅੱਖਰਾਂ ਨੂੰ ਪੜ੍ਹਨ ਦੇ ਸਮਰੱਥ ਹੋ ਜਾਂਦੀ ਹੈ। ਵਿਗਿਆਨੀਆਂ ਅਨੁਸਾਰ ਇਨ੍ਹਾਂ ਬਿਜਲ-ਚੁੰਬਕੀ ਸੂਖਮ ਤਰੰਗਾਂ ਵਿਚ ਪਹਿਲਾਂ ਤੋਂ ਵਰਤੀਆਂ ਜਾ ਰਹੀਆਂ ਤਰਗਾਂ ਜਿਵੇਂ ਕਿ ਐਕਸ-ਰੇਅ ਅਤੇ ਧੁਨੀ-ਤਰੰਗਾਂ (ਅਲਟਰਾ-ਸਾਉਂਡ) ਤੋਂ ਕਿਤੇ ਵੱਧ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਹੈ।

ਇਸ ਤਕਨੀਕ ਦੇ ਕੀਤੇ ਗਏ ਤਜ਼ਰਬੇ ਬਾਰੇ ਜਾਣਕਾਰੀ ਦਿੰਦਿਆਂ ਵਿਗਿਆਨੀਆਂ ਨੇ ਦੱਸਿਆ ਕਿ ਤਜ਼ਰਬੇ ਦੌਰਾਨ ਕੈਮਰੇ ਨੇ ਕਾਗਜ਼ਾਂ ਦੀ ਤਹਿ ਵਿਚੋਂ 20 ਪੰਨਿਆਂ ਦੀ ਪਛਾਣ ਕਰ ਲਈ ਸੀ ਪਰ ਲਿਖਤ ਦੇ ਵੇਰਵੇ ਦੀ ਹਾਸਲ ਕਰਨ ਲਈ ਲੋੜੀਂਦੀ ਡੁੰਗਾਈ ਸਿਰਫ 9 ਪੰਨਿਆ ਤੱਕ ਹੀ ਜਾ ਸਕੀ। ਹੁਣ ਇਸ ਪ੍ਰਬੰਧ ਨੂੰ ਹੋਰ ਵਧੇਰੇ ਤਾਕਤਵਰ ਬਣਾਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਕਿ ਭਵਿੱਖ ਵਿਚ ਬਿਨਾ ਖੋਲ੍ਹੇ ਹੀ ਕਿਤਾਬਾਂ ਪੜ੍ਹੀਆਂ ਜਾ ਸਕਣ।

ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version