Site icon Sikh Siyasat News

ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਿਖੇ ਪੰਜਾਬੀ ਦੀ ਪੜਾਈ ਬਾਰੇ ਹੋਈ ਕਾਨਫਰੰਸ

ਲੰਡਨ (17 ਦਸੰਬਰ, 2015): ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਿਖੇ ਪੰਜਾਬੀ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬੀ ਅਧਿਆਪਕਾਂ ਦੀ ਕਾਨਫਰੰਸ ਹੋਈ। ਪੰਜਾਬੀ ਅਤੇ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ਜਸਕਮਲ ਸਿੰਘ ਸਿੱਧੂ ਅਨੁਸਾਰ ਕਾਨਫਰੰਸ ਦਾ ਉਦੇਸ਼ ਪੰਜਾਬੀ ਦੀ ਪੜ੍ਹਾਈ ਨੂੰ ਹੋਰ ਬੋਲੀਆਂ ਦੇ ਬਰਾਬਰ ਦੇ ਪੱਧਰ ਤੱਕ ਲਿਆਉਣਾ ਹੈ।

ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦੇ ਬੁਲਾਰੇ

ਇਸ ਮੌਕੇ ਵੁਲਵਰਹੈਂਪਟਨ, ਬਰਮਿੰਘਮ, ਕਾਵੈਂਟਰੀ ਅਤੇ ਸਲੋਹ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਚੱਲ ਰਹੇ ਪੰਜਾਬੀ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਕਾਨਫਰੰਸ ਦਾ ਆਰੰਭ ਲੌਰਡ ਇੰਦਰਜੀਤ ਸਿੰਘ ਅਤੇ ਲੇਡੀ ਕਮਲਜੀਤ ਕੌਰ ਓ. ਬੀ. ਈ. ਨੇ ਕੀਤਾ। ਉਨ੍ਹਾਂ ਅਧਿਆਪਕਾਂ ਨੂੰ ਟਰੇਨਿੰਗ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਨਵੀਆਂ ਵਿਧੀਆਂ ਨਾਲ ਪੜ੍ਹਾਉਣ ਦੀ ਮਹੱਤਤਾ ਤੇ ਚਾਨਣਾ ਪਾਇਆ।

ਅਜੀਤ ਅਖਬਾਰ ਵਿੱਚ ਨਸ਼ਰ ਖਬਰ ਅਨੁਸਾਰ ਗੁਰੂ ਨਾਨਕ ਸਿੱਖ ਅਕੈਡਮੀ ਦੇ ਵਾਈਸ ਪ੍ਰਿੰਸੀਪਲ ਮਿਸਟਰ ਐਨਟੋਨੀਓ ਡੌਨਫਰੀਓ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਆਪਣੇ ਟੀਚਿੰਗ ਸਕੂਲ ਅਲਾਇੰਸ ਦੀ ਪੰਜਾਬੀ ਅਤੇ ਸਿੱਖ ਧਰਮ ਦੀ ਪੜ੍ਹਾਈ ਦਾ ਪੱਧਰ ਉੱਚਾ ਕਰਨ ਲਈ ਵਚਨਵੱਧਤਾ ਪ੍ਰਗਟਾਈ। ਇਸ ਮੌਕੇ ਪੰਜਾਬੀ ਸਿੱਖਣ ਵਿੱਚ ਰੁਚੀ ਨਾ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਨ ਲਈ ਟਰੇਨਿੰਗ ਦਿੱਤੀ।

ਗੁਰੂ ਨਾਨਕ ਪ੍ਰਕਾਸ਼ ਪੰਜਾਬੀ ਸਕੂਲ ਦੀ ਮੁੱਖ ਅਧਿਆਪਕਾ ਦਿਆਲ ਥਾਂਦੀ ਨੇ ਅਧਿਆਪਕਾਂ ਨੂੰ ਬੋਲਣਾ ਸਿਖਾਉਣ ਅਤੇ ਇਸ ਬਾਰੇ ਪੜ੍ਹਾਉਣ ਦੀ ਤਿਆਰੀ ਕਰਨ ਦੀ ਵਿਧੀ ਤੋਂ ਜਾਣੂ ਕਰਵਾਇਆ। ਅਕੈਡਮੀ ਦੇ ਅਸਿਸਟੈਂਟ ਪ੍ਰਿੰਸੀਪਲ ਨਰੇਸ਼ ਚਾਂਦਲਾ ਨੇ ਨਵੇਂ ਅਸੈਸਮੈਂਟ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।

ਗੁਰੂ ਨਾਨਕ ਸਿੱਖ ਅਕੈਡਮੀ ਵਲੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਰੀਸੋਰਿਸਿਜ਼ ਦਿੱਤੇ ਅਤੇ ਹੋਰ ਟਰੇਨਿੰਗ ਸੈਸ਼ਨ ਕਰਨ ਦਾ ਵਾਅਦਾ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version