Site icon Sikh Siyasat News

ਭਾਈ ਰਾਜੋਆਣਾ ਦੀ ਫਾਂਸੀ ਖਿਲਾਫ ਸ਼੍ਰੋਮਣੀ ਕਮੇਟੀ ਵਫਦ ਵਲੋਂ ਰਾਜਨਾਥ ਨਾਲ ਮੁਲਾਕਾਤ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸਿੱਖ ਮੈਂਬਰਾਂ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਭਾਰਤ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਰਾਜਨਾਥ ਸਿੰਘ ਨਾਲ ਉਚੇਚੀ ਮੁਲਾਕਾਤ ਕਰਕੇ ਪਟਿਆਲਾ ਦੀ ਕੇਂਦਰੀ ਜ਼ੇਲ੍ਹ ’ਚ ਕੈਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਸਬੰਧੀ ਮੁਲਾਕਾਤ ਕੀਤੀ ਤੇ ਕਿਹਾ ਕਿ ਇਸ ਬਾਰੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਭਾਰਤੀ ਰਾਸ਼ਟਰਪਤੀ ਕੋਲ ਪਾਈ ਗਈ ਮੁੜਵਿਚਾਰ ਦੀ ਅਰਜੀ ‘ਤੇ ਛੇਤੀ ਫੈਸਲਾ ਲਿਆ ਜਾਵੇ।

ਰਾਜਨਾਥ ਸਿੰਘ ਨੂੰ ਮਿਲੇ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਂਸਦ ਸ. ਬਲਵਿੰਦਰ ਸਿੰਘ ਭੂੰਦੜ, ਸਾਬਕਾ ਸਾਂਸਦ ਮੈਂਬਰ ਸ. ਤਰਲੋਚਨ ਸਿੰਘ ਅਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਸਨ।

ਸ਼੍ਰੋ.ਗੁ.ਪ੍ਰ.ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਮੁਲਾਕਾਤ ਸੁਖਾਵੇਂ ਮਾਹੌਲ ਵਿਚ ਹੋਈ ਹੈ ਤੇ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਪੂਰੀ ਸੁਹਿਰਦਤਾ ਨਾਲ ਰਾਸ਼ਟਰਪਤੀ ਕੋਲ ਭਾਈ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਨੂੰ ਚੁੱਕਣਗੇ ਅਤੇ ਆਪਣੇ ਵਲੋਂ ਹਰ ਸੰਭਵ ਮਦਦ ਕਰਨਗੇ।

ਸ਼੍ਰੋਮਣੀ ਕਮੇਟੀ ਬੁਲਾਰੇ ਮੁਤਾਬਿਕ ਭਾਰਤ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਇੱਕ ਪੱਤਰ ਰਾਹੀਂ ਦੱਸਿਆ ਗਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ 25 ਮਾਰਚ 2012 ਨੂੰ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਕੋਲ ਅਰਜੀ ਦਾਖਲ ਕੀਤੀ ਸੀ। ਇਹ ਅਰਜੀ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਦਾਖਲ ਕੀਤੀ ਗਈ ਸੀ। ਇਸ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਵੀ ਇਕ ਉੱਚ ਪੱਧਰੀ ਵਫ਼ਦ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਰਾਜਨਾਥ ਸਿੰਘ ਨੂੰ ਯਾਦ ਦਿਵਾਇਆ ਕਿ ਸ੍ਰੀ ਅੰਮ੍ਰਿਤਸਰ ਵਿਖੇ ਵੀ ਉਨ੍ਹਾਂ ਨਾਲ ਮੁਲਾਕਾਤ ਸਮੇਂ ਭਾਈ ਰਾਜੋਆਣਾ ਦੀ ਸਜ਼ਾ ਦਾ ਮਾਮਲਾ ਹੱਲ ਕਰਨ ਸਬੰਧੀ ਮੰਗ ਰੱਖੀ ਗਈ ਸੀ।

ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਪਿਛਲੇ 22 ਸਾਲਾਂ ਤੋਂ ਭਾਰਤੀ ਜ਼ੇਲ੍ਹ ’ਚ ਨਜ਼ਰਬੰਦ ਹਨ ਅਤੇ ਇਹ ਸਿੱਖ ਜਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੋਣ ਕਰਕੇ ਛੇਤੀ ਹੱਲ ਦੀ ਮੰਗ ਕਰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version