ਕਿਹਾ ਕਿ ਭਾਰਤ ਦੀ ਕੌਮੀ ਪ੍ਰੇਡ ਵਿਚੋਂ ਦਸਤਾਰ ਨੂੰ ਇਸ ਕਰਕੇ ਅਲੋਪ ਕਰ ਦਿੱਤਾ ਤਾਂ ਕਿ ਫਰਾਂਸੀਸੀ ਰਾਸ਼ਟਰਪਤੀ ਦਸਤਾਰ ਸਬੰਧੀ ਕੋਈ ਭਾਵਨਾਵਾਂ ਆਪਣੇ ਮਨ ਵਿੱਚ ਨਾ ਲੈ ਕੇ ਜਾਣ
ਅੰਮ੍ਰਿਤਸਰ (28 ਜਨਵਰੀ, 2016 ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਨੂੰ ਭਾਰਤੀ ਗਣਤੰਤਰਤਾ ਦਿਵਸ ਦੀ ਪਰੇਡ ਸਮੇਂ ਫਰਾਂਸ ਦੇ ਰਾਸ਼ਟਰਪਤੀ ਸਾਹਮਣੇ ਦਸਤਾਰਧਾਰੀ ਸਿੱਖ ਫੌਜੀਆਂ ਦੀ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਰੋਸ ਪੱਤਰ ਲਿਖਾਂਗੇ।
a
ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰਤਾ ਦਿਵਸ ਸਮੇਂ ਹੋਣ ਵਾਲੀ ਪਰੇਡ ਵਿੱਚ ਸਿੱਖ ਰੈਜੀਮੈਂਟ ਨੂੰ ਸ਼ਾਮਿਲ ਨਹੀਂ ਕੀਤਾ ਗਿਆ।ਜਦੋਂ ਕਿ 2015 ਦੇ ਗਣਤੰਤਰਤਾ ਦਿਵਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਬਰਾਕ ਓਬਾਮਾ ਦੇ ਪਰੇਡ ਵਿੱਚ ਸ਼ਾਮਿਲ ਹੋਣ ਸਮੇਂ ਬਰੀਗੇਡ ਆਫ਼ ਗਾਰਡ ਰੈਜੀਮੈਂਟ ਦੇ ਨਾਲ ਸਿੱਖ ਰੈਜੀਮੈਂਟ ਨੂੰ ਸਾਂਝੇ ਤੌਰ ‘ਤੇ ‘ਬੈਸਟ ਮਾਰਚਿੰਗ ਕੋਂਟੀਜੈਂਟਸ ਐਵਾਰਡ’ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਸਿੱਖ ਰੈਜੀਮੈਂਟ ਕੇਸਰੀ ਦਸਤਾਰਾਂ ਨਾਲ ਪ੍ਰੇਡ ਦੀ ਸ਼ਾਨ ਬਣਦੀ ਰਹੀ ਹੈ।ਇਥੇ ਹੀ ਬੱਸ ਨਹੀਂ ਪ੍ਰੇਡ ਵਿੱਚ ਸ਼ਾਮਿਲ ਫੌਜ ਦੇ ਤਿੰਨ ਅੰਗਾਂ (ਜਲ ਸੈਨਾ, ਥਲ ਸੈਨਾ ਤੇ ਵਾਯੂ ਸੈਨਾ) ਦੀਆਂ ਵੱਖ-ਵੱਖ ਟੁਕੜੀਆਂ ਦੀ ਅਗਵਾਈ ਵੀ ਕਿਸੇ ਸਿੱਖ ਅਫਸਰ ਨੂੰ ਨਹੀਂ ਸੌਂਪੀ ਗਈ।ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਵਿੱਚ ਸਿੱਖ ਅਫ਼ਸਰਾਂ ਦੀ ਗਿਣਤੀ 30 ਫੀਸਦੀ ਤੋਂ ਵਧੇਰੇ ਹੈ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖਾਂ ਵੱਲੋਂ ਆਜ਼ਾਦੀ ਦੀ ਲੜਾਈ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਦਾ ਇਤਿਹਾਸ ਲਾਸਾਨੀ ਹੈ। ਅੰਗਰੇਜ਼ ਸਰਕਾਰ ਦੇ ਖੁਫੀਆ ਰੀਕਾਰਡ ਅਨੁਸਾਰ ਹੀ 1907 ਤੋਂ 1917 ਤੱਕ ਭਾਰਤ ਵਿੱਚ ਫਾਂਸੀ ਤੇ ਚਾੜ੍ਹੇ ਗਏ ਕੁੱਲ 47 ਸ਼ਹੀਦਾਂ ਵਿਚੋਂ 34 ਸਿੱਖ ਸਨ। ਉਮਰ ਕੈਦ ਵਾਲੇ 30 ਘੁਲਾਟੀਆਂ ਵਿਚੋਂ 27 ਸਿੱਖ ਸਨ। ਕਾਲੇਪਾਣੀ ਕੁੱਲ 29 ਸੂਰਮਿਆਂ ਨੂੰ ਭੇਜਿਆ ਗਿਆ, ਉਨ੍ਹਾਂ ਵਿਚੋਂ 26 ਸਿੱਖ ਸਨ। ਸਖਤ ਸਜ਼ਾਵਾਂ ਕੁੱਲ 47 ਨੂੰ ਹੋਈਆਂ ਉਨ੍ਹਾਂ ਵਿਚੋਂ ਵੀ 38 ਸਿੱਖ ਸਨ। ਇਸੇ ਤਰ੍ਹਾਂ ਦੇਸ਼ ਦੇ ਆਜ਼ਾਦ ਹੋਣ ਤਕ ਅੰਗ੍ਰੇਜ਼ ਹਕੂਮਤ ਵਿਰੁੱਧ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫਾਂਸੀ ਦੇ ਰੱਸੇ ਚੁੰਮੇ, ਜਿਨ੍ਹਾਂ ਵਿਚੋਂ 93 ਸਿੱਖ ਸਨ।
ਉਨ੍ਹਾਂ ਹੋਰ ਦੱਸਿਆ ਕਿ ਉਮਰ ਕੈਦ ਕੱਟਣ ਵਾਲੇ 2646 ਘੁਲਾਟੀਆਂ ਵਿਚੋਂ 2147 ਸਿੱਖ ਸਨ। ਜੱਲ੍ਹਿਆਂ ਵਾਲੇ ਬਾਗ ਦੇ ਸਾਕੇ ਦੇ 1300 ਸ਼ਹੀਦਾਂ ਵਿਚੋਂ 799 ਸਿੱਖ ਸਨ। ਬਜਬਜਘਾਟ ਦੇ ਸਾਕੇ ਵਿਚ ਸ਼ਹੀਦ ਹੋਣ ਵਾਲੇ 113 ਵਿਚੋਂ 67 ਸਿੱਖ, ਕੂਕਾ ਲਹਿਰ ਦੌਰਾਨ 91 ਦੇ 91 ਸਿੱਖ ਸਨ ਅਤੇ ਅਕਾਲੀ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ 500 ਸਿੱਖ ਹੀ ਸਨ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਮੌਲਾਨਾ ਆਜ਼ਾਦ ਨੇ ਵੀ ਕੀਤੀ ਸੀ। ਇਹ ਆਂਕੜੇ ਵੀ ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਦੀਆਂ ਕੁੱਲ ਕੁਰਬਾਨੀਆਂ ਦਾ ਮਹਿਜ਼ ਇੱਕ ਹਿੱਸਾ ਹੀ ਹਨ ਕਿਉਂਕਿ ਇਨ੍ਹਾਂ ਵਿਚ ਉਹ ਕੁਰਬਾਨੀਆਂ ਸ਼ਾਮਲ ਨਹੀਂ ਜੋ ਸਿੰਘਾਂ ਨੇ ਆਜ਼ਾਦ ਹਿੰਦ ਫੌਜ, ਇੰਡੀਅਨ ਨੇਵੀ ਦੇ ਵਿਦਰੋਹ ਅਤੇ 1946 ਵਿਚ ਦਿੱਲੀ ਪੁਲੀਸ ਦੀ ਹੜਤਾਲ ਵੇਲੇ ਦਿੱਤੀਆਂ।
ਉਨ੍ਹਾਂ ਕਿਹਾ ਕਿ ਫਰਾਂਸ ਦੇ ਸਕੂਲਾਂ ਵਿੱਚ ਦਸਤਾਰ ਦੇ ਮੁੱਦੇ ਨੂੰ ਲੈ ਕੇ ਸਿੱਖ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਫ਼ਰਾਂਸੀਸੀ ਰਾਸ਼ਟਰਪਤੀ ਫ਼ਰਾਂਸੋਵਾ ਓਲਾਂਦ ਦੀ 26 ਜਨਵਰੀ ਦੀ ਪ੍ਰੇਡ ਵਿੱਚ ਸ਼ਮੂਲੀਅਤ ਨੂੰ ਵੇਖਦਿਆਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 21 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਫਰਾਂਸ ਦੇ ਰਾਸ਼ਟਰਪਤੀ ਨੂੰ ਸਿੱਖਾਂ ਨੂੰ ਫਰਾਂਸ ਵਿੱਚ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦਾ ਸਮਾਧਾਨ ਕੱਢਣ ਲਈ ਮਿਲਣ ਦੀ ਇੱਛਾ ਜਾਹਿਰ ਕੀਤੀ ਗਈ ਸੀ।
ਅਵਤਾਰ ਸਿੰਘ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਜਦੋਂ ਸਿੱਖ ਦਸਤਾਰ ਦੀ ਮਹਾਨਤਾ ਨੂੰ ਕਿਸੇ ਵਿਦੇਸ਼ੀ ਮੁਲਕ ਦੇ ਮੁਖੀ ਅੱਗੇ ਪੇਸ਼ ਕਰਨ ਲਈ ਯਤਨ ਕਰ ਰਹੇ ਸਨ ਤਾਂ ਕੇਂਦਰ ਸਰਕਾਰ ਨੇ ਭਾਰਤ ਦੀ ਕੌਮੀ ਪ੍ਰੇਡ ਵਿਚੋਂ ਦਸਤਾਰ ਨੂੰ ਅਲੋਪ ਕਰ ਦਿੱਤਾ ਤਾਂ ਕਿ ਫਰਾਂਸੀਸੀ ਰਾਸ਼ਟਰਪਤੀ ਦਸਤਾਰ ਸਬੰਧੀ ਕੋਈ ਭਾਵਨਾਵਾਂ ਆਪਣੇ ਮਨ ਵਿੱਚ ਨਾ ਲੈ ਕੇ ਜਾਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਣਤੰਤਰਤਾ ਦਿਵਸ ਸਮੇਂ ਸਿੱਖਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨ ਤੇ ਦੇਸ਼-ਵਿਦੇਸ਼ ਵਿੱਚ ਵਸਦੇ ਪੂਰੇ ਸਿੱਖ ਸਮੁਦਾਏ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦਾ ਰੋਲ ਅਹਿਮ ਰਿਹਾ ਹੈ ਤੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ ਹਨ, ਪਰ ਅੱਜ ਗਣਤੰਤਰ ਦਿਵਸ ਤੇ ਸਿੱਖ ਫੌਜ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ ਜੋ ਸਮੁੱਚੇ ਦੇਸ਼ ਲਈ ਪੱਖਪਾਤੀ ਤੇ ਨਮੋਸ਼ੀ ਭਰੀ ਗੱਲ ਹੈ।