Site icon Sikh Siyasat News

ਖਾਲਿਸਤਾਨ ਵਿਰੁੱਧ ਮੈਕਡੌਨਲਡ-ਲੌਰੀਅਰ ਇੰਸਟੀਚਿਊਟ ਦੇ ਪਰਚੇ ਨੂੰ ਵਿਦਵਾਨਾਂ ਤੇ ਸਿੱਖ ਸੰਸਥਾਵਾਂ ਨੇ ਨਕਾਰਿਆ

ਓਨਟਾਰੀਓ: ਕਨੇਡਾ ਦੇ ‘ਮੈਕਡੌਨਲਡ-ਲੌਰੀਅਰ ਇੰਸਟੀਚਿਊਟ’ ਨਾਮੀ ਅਦਾਰੇ ਵੱਲੋਂ ਸਾਬਕਾ ਪੱਤਰਕਾਰ ਟੈਰੀ ਮਿਲਵਸਕੀ ਦਾ ਇੱਕ ਪਰਚਾ ਬੀਤੇ ਦਿਨੀਂ ਛਾਪਿਆ ਗਿਆ ਜਿਸ ਵਿੱਚ ਇਹ ਦਾਅਵੇ ਕੀਤੇ ਗਏ ਸਨ ਕਿ ‘ਖਾਲਿਸਤਾਨ’ ਪਾਕਿਸਤਾਨ ਦੀ ਇੱਕ ਮੁਹਿੰਮ ਹੈ ਅਤੇ ਸਿੱਖਾਂ ਵਿੱਚ ਖਾਲਿਸਤਾਨ ਦੇ ਵਿਚਾਰ ਦਾ ਅਧਾਰ ਨਹੀਂ ਹੈ। ਇਸ ਪਰਚੇ ਨੂੰ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਨਿਰਅਧਾਰ ਤੇ ਪੱਖਪਾਤੀ ਦੱਸਦਿਆਂ ਮੂਲੋਂ ਹੀ ਨਕਾਰ ਦਿੱਤਾ ਗਿਆ ਹੈ।

ਵਿਦੇਸ਼ਾਂ ਦੇ ਖੋਜ ਅਤੇ ਵਿਦਿਆਕ ਅਦਾਰਿਆਂ ਨਾਲ ਸੰਬਧੰਤ 50 ਤੋਂ ਵੱਧ ਖੋਜੀਆਂ ਤੇ ਵਿਦਵਾਨਾਂ ਨੇ ਮੈਕਡੌਨਲਡ-ਲੌਰੀਅਰ ਇੰਸਟੀਚਿਊਟ ਅਦਾਰੇ ਦੇ ਬੋਰਡ ਨੂੰ ਖੁੱਲੀ ਚਿੱਠੀ ਲਿਖ ਕੇ ਉਕਤ ਪਰਚੇ ਨੂੰ ਬੇਬੁਨਿਆਦ ਦਾਅਵਿਆਂ ਵਾਲਾ ਪੱਖਪਾਤੀ ਪ੍ਰਾਪੇਗੈਂਡਾ ਦੱਸਿਆ ਹੈ। ਸਿੱਖਾਂ ਨਾਲ ਸੰਬਧਤ ਅਕਾਦਮਿਕ ਖੋਜ ਦੇ ਖੇਤਰ ਨਾਲ ਜੁੜੇ ਇਹਨਾਂ ਖੋਜੀਆਂ ਤੇ ਵਿਦਵਾਨਾਂ ਨੇ ਕਿਹਾ ਹੈ ਕਿ ਜੇਕਰ ਮੈਕਡੌਨਲਡ-ਲੌਰੀਅਰ ਇੰਸਟੀਚਿਊਟ ਅਦਾਰਾ ਸੱਚ-ਮੁੱਚ ਹੀ ਸਹੀ ਅਕਾਦਮਿਕ ਖੋਜ ਕਰਵਾਉਣ ਦਾ ਇੱਛੁਕ ਹੈ ਤਾਂ ਉਹ ਇਸ ਬਾਬਤ ਸਹਾਇਤਾ ਕਰਨਗੇ ਤਾਂ ਕਿ ਇਸ ਅਦਾਰੇ ਵੱਲੋਂ ਛਾਪੇ ਜਾਣ ਵਾਲੇ ਪਰਚੇ ਨਿਰਪੱਖ ਅਤੇ ਤੱਥ ਅਧਾਰਿਤ ਹੋਣ। (ਪੂਰੀ ਚਿੱਠੀ ਅੰਗਰੇਜ਼ੀ ਵਿੱਚ ਪੜ੍ਹੋ)।

17 ਸਤੰਬਰ 2020 ਨੂੰ ਅੰਮ੍ਰਿਤਸਰ ਵਿਖੇ ਅਕਾਲ ਤਖਤ ਸਾਹਿਬ ਨੇੜੇ ਹੋਈ ਇਕੱਤਰਤਾ ਦਾ ਇੱਕ ਦ੍ਰਿਸ਼

ਕਨੇਡਾ ਵਿੱਚ ਸੂਬਾ ਪੱਧਰ ਦੀਆਂ ਗੁਰਦੁਆਰਾ ਕਮੇਟੀਆਂ- ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਵੀ ਮੈਕਡੌਨਲਡ-ਲੌਰੀਅਰ ਇੰਸਟੀਚਿਊਟ ਦੇ ਖਾਲਿਸਤਾਨ ਵਿਰੋਧੀ ਪਰਚੇ ਨੂੰ ਰੱਦ ਕੀਤਾ ਗਿਆ ਹੈ। (ਪੂਰਾ ਬਿਆਨ ਅੰਗਰੇਜ਼ੀ ਵਿੱਚ ਪੜ੍ਹੋ)।

ਇਸੇ ਤਰ੍ਹਾਂ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ’ ਅਤੇ ‘ਅਮਰੀਕਨ ਸਿੱਖ ਕੌਂਸਲ’ ਵੱਲੋਂ ਵੀ ਮੈਕਡੌਨਲਡ-ਲੌਰੀਅਰ ਇੰਸਟੀਚਿਊਟ ਦੇ ਪਰਚੇ ਨੂੰ ਬੇਬੁਨਿਆਦ ਦੱਸਦਿਆਂ ਇਸ ਨੂੰ ਮੂਲੋਂ ਹੀ ਰੱਦ ਕੀਤਾ ਗਿਆ ਹੈ। (ਪੂਰਾ ਬਿਆਨ ਅੰਗਰੇਜ਼ੀ ਵਿੱਚ ਪੜ੍ਹੋ)।

ਸਿੱਖ ਰਿਸਰਚ ਇੰਸਚੀਟਿਊਟ ਨਾਲ ਸੰਬੰਧਤ ਸਿੱਖ ਖੋਜੀ ਤੇ ਵਿਚਾਰਵਾਨ ਹਰਿੰਦਰ ਸਿੰਘ ਦੀ ‘ਟੋਰਾਂਟੋ ਸਨ’ ਨਾਮੀ ਅਖਬਾਰ ਵਿੱਚ ਛਪੀ ਲਿਖਤ ਵਿੱਚ ਕਿਹਾ ਗਿਆ ਹੈ ਮੈਕਡੌਨਲਡ-ਲੌਰੀਅਰ ਇੰਸਟੀਚਿਊਟ ਦਾ ਪਰਚਾ ਇੱਕਪਾਸੜ ਹੈ ਅਤੇ ਇਹ ਮੁਸਲਿਮ ਵਿਰੋਧੀ ਤੁਅੱਸਬ ਨਾਲ ਭਰਪੁਰ ਹੈ ਜਿਸ ਵਿੱਚ ਕੀਤੇ ਦਾਅਵੇ ਨਿਰਅਧਾਰ ਕਰਕੇ ਸਿੱਖਾਂ ਦੀ ਛਵੀ ਵਿਗਾੜ ਕੇ ਪੇਸ਼ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version