Site icon Sikh Siyasat News

ਇਟਲੀ ਦੀ ਬਲੋਨੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸਿੱਖ ਵਿਦਿਆਰਥੀ ਨੇ ਪਹਿਲਾ ਸਥਾਨ ਹਾਸਲ ਕੀਤਾ

ਵੀਨਸ, ਇਟਲੀ (22 ਜੁਲਾਈ, 2015): ਇਟਲੀ ਦੀ ਬਲੋਨੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਇਕ ਸਿੱਖ ਵਿਦਿਆਰਥੀ ਜਸਕੀਰਤ ਸਿੰਘ ਨੇ ‘ਇਲੈਕਟ੍ਰਾਨਿਕ ਤੇ ਟੈਲੀ ਕਮਿਊਨੀਕੇਸ਼ਨਜ਼’ ਵਿਸ਼ੇ ਦੀ ਪ੍ਰੀਖਿਆ ‘ਚ ਟਾਪਰ ਰਹਿ ਕੇ ਪੂਰੀ ਸਿੱਖ ਕੌਮ ਦਾ ਨਾਂਅ ਚਮਕਾਇਆ ਹੈ ।

ਇਸੇ ਪ੍ਰਾਪਤੀ ਦੇ ਆਧਾਰ ‘ਤੇ ਜਸਕੀਰਤ ਦੀ ਅਗਲੇਰੀ ਪੜ੍ਹਾਈ ਲਈ ਉਸ ਨੂੰ ਸਵਿਟਜ਼ਰਲੈਂਡ ਵਿਚ ਸਥਿਤ ਯੂਰਪ ਦੀ ਨੰਬਰ ਇਕ ਅਤੇ ਵਿਸ਼ਵ ਦੀ ਤੀਜੇ ਦਰਜੇ ਦੀ ਯੂਨੀਵਰਸਿਟੀ ‘ਏ ਟੀ ਐੱਚ’ ਵਿੱਚ ਇਲੈਕਟ੍ਰਾਨਿਕ ਇੰਜਨੀਅਰਿੰਗ ਵਿਚ ਦਾਖਲਾ ਮਿਲਿਆ ਹੈ ।

ਰੋਪੜ ਜ਼ਿਲ੍ਹੇ ਦੇ ਘਨੌਲੀ ਕਸਬੇ ਨਾਲ ਸੰਬੰਧਿਤ ਅਤੇ ਪਿਛਲੇ ਲਗਭਗ 16 ਸਾਲ ਤੋਂ ਇਟਲੀ ਰਹਿੰਦੇ ਸ: ਵਿਕ੍ਰਮਜੀਤ ਸਿੰਘ ਖਾਲਸਾ ਅਤੇ ਮਾਤਾ ਇਕਬਾਲ ਕੌਰ ਦੇ ਇਸ ਹੋਣਹਾਰ ਸਪੁੱਤਰ ਜਸਕੀਰਤ ਸਿੰਘ ਅਤੇ ਦੋ ਹੋਰ ਇਟਾਲੀਅਨ ਮੁੰਡੇ-ਕੁੜੀਆਂ ਨੇ ‘ਇਲੈਕਟ੍ਰਾਨਿਕ ਤੇ ਟੈਲੀ ਕਮਿਊਨੀਕੇਸ਼ਨਜ਼’ ਦੇ ਤੀਜੇ ਸਾਲ ਵਿਚ ਥੀਸਸ ਪੇਸ਼ ਕਰਕੇ ਪੂਰੇ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ।

ਜਸਕੀਰਤ ਦੀ ਇਸ ਵਿਲੱਖਣ ਪ੍ਰਾਪਤੀ ‘ਤੇ ਜਿੱਥੇ ਉਸ ਦੇ ਮਾਪਿਆਂ ਨੂੰ ਬੇਹੱਦ ਖੁਸ਼ੀ ਹੈ, ਉੱਥੇ ਬਲੋਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਨੀ ਪੋਸੋਲੀਨੀ ਨੇ ਵੀ ਇਸ ਵਿਦਿਆਰਥੀ ਦੇ ਵਿੱਦਿਅਕ ਗੁਣਾਂ ਲਈ ਉਸ ਦੀ ਉਚੇਚੇ ਤੌਰ ‘ਤੇ ਸਿਫਤ ਕੀਤੀ ਹੈ ।

ਗੱਲਬਾਤ ਦੌਰਾਨ ਜਸਕੀਰਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਅਤੇ ਪ੍ਰੋਫੈਸਰਾਂ ਦੁਆਰਾ ਦਿੱਤੀ ਗਈ ਹੱਲਾਸ਼ੇਰੀ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚ ਸਕਿਆ ਹੈ । ਆਪਣੇ ਵਿਸ਼ੇ ਵਿਚ ਹੋਰ ਮਿਹਨਤ ਕਰਕੇ ਉਹ ਭਵਿੱਖ ਵਿਚ ਇਲੈਕਟ੍ਰਾਨਿਕ ਇੰਜੀਨੀਅਰ ਬਣਨਾ ਚਾਹੁੰਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version