Site icon Sikh Siyasat News

ਸਤਿਕਾਰ ਕਮੇਟੀ ਵੱਲੋਂ ਗੁਰਬਾਣੀ ਦਾ ਗਲਤ ਉਚਾਰਨ ਕਰਨ ‘ਤੇ ਗੋਬਿੰਦ ਸਿੰਘ ਲੌਂਗੋਵਾਲ ਵਿਰੁੱਧ ਪੁਲੀਸ ਨੂੰ ਸ਼ਿਕਾਇਤ

ਚੰਡੀਗੜ: ਸਤਿਕਾਰ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਰੁੱਧ ਗੁਰਬਾਣੀ ਦੀ ਤੁਕ ਨੂੰ ਤੋੜ-ਮਰੋੜ ਕੇ ਬੋਲਣ ਦੇ ਮਾਮਲੇ ਸਬੰਧੀ ਜਲੰਧਰ ਪੁਲੀਸ ਨੂੰ ਸ਼ਿਕਾਇਤ ਦਰਜ਼ ਕਰਵਾਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਆਈ.ਪੀ.ਸੀ ਦੀ ਧਾਰਾ 295 ਏ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਤਿਕਾਰ ਕਮੇਟੀ ਦੇ ਆਗੂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਗੁਰਬਾਣੀ ਦਾ ਠੀਕ ਉਚਾਰਨ ਨਾ ਕਰ ਸਕਣਾ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਲੌਂਗੋਵਾਲ ਨੇ 21 ਜਨਵਰੀ ਦੇ ਸਮਾਗਮ ’ਚ ਗੁਰਬਾਣੀ ਦੀ ਤੁਕ ਦਾ ਵਿਗਾੜ ਕੇ ਉਚਾਰਨ ਕੀਤਾ ਸੀ ਪਰ ਹਾਲੇ ਤੱਕ ਮੁਆਫੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਖੁਦ ਹੀ ਜਥੇਦਾਰਾਂ ਨੂੰ ਨੋਟਿਸ ਲੈਣਾ ਚਾਹੀਦਾ ਸੀ। ਸਤਿਕਾਰ ਕਮੇਟੀ ਨੇ ਕਿਹਾ ਕਿ ਮੁਤਵਾਜ਼ੀ ਜਥੇਦਾਰ ਵੀ ਇਸ ਮਾਮਲੇ ’ਤੇ ਚੁੱਪੀ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਗੁਰਬਾਣੀ ਦਾ ਗਿਆਨ ਹੋਣਾ ਲਾਜ਼ਮੀ ਹੈ ਪਰ ਇੱਥੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਗੁਰਬਾਣੀ ਦੀ ਤੁਕ ਤੋੜ-ਮਰੋੜ ਕੇ ਬੋਲ ਰਹੇ ਹਨ ਅਤੇ ਗੁਰਬਾਣੀ ਦਾ ਅਪਮਾਨ ਕਰ ਰਹੇ ਹਨ।

ਸਬੰਧਤ ਖ਼ਬਰ: ਸ਼੍ਰੋ.ਗੁ.ਪ੍ਰ.ਕ. ਦੇ ਧਰਮ ਪਰਚਾਰ ਸਮਾਗਮ ਵਿੱਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਗੁਰਬਾਣੀ ਦਾ ਗਲਤ ਉਚਾਰਨ

ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ’ਤੇ ਪੁਲੀਸ ਮਾਮਲਾ ਦਰਜ ਨਹੀਂ ਕਰਦੀ ਤਾਂ ਉਹ ਅਦਾਲਤ ’ਚ ਜਾਣਗੇ ਅਤੇ ਪਰਚਾ ਦਰਜ ਕਰਵਾਉਣਗੇ। ਇਸ ਸ਼ਿਕਾਇਤ ਨਾਲ ਵੀਡੀਓ ਕਲਿਪ ਵੀ ਲਾਈ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਤੁਕ ਨੂੰ ਗਲਤ ਢੰਗ ਨਾਲ ਬੋਲਿਆ ਹੈ। ਇਹ ਪ੍ਰੋਗਰਾਮ ਚੈਨਲਾਂ ’ਤੇ ਲਾਈਵ ਵੀ ਚੱਲਿਆ ਸੀ ਅਤੇ ਇਹ ਕਲਿਪ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version