Site icon Sikh Siyasat News

ਲੁਕ-ਲੁਕ ਲਾਈਆਂ ਪ੍ਰਗਟ ਹੋਈਆਂ…

ਸ. ਸੁਖਦੇਵ ਸਿੰਘ ਭੌਰ

ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰਾਂ ਲਈ ਕੁੱਝ ਰਾਸ਼ਨ ਸਮਗ੍ਰੀ ਮੁਅੱਤਲ ਸ਼ੁਦਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਬਾਦਲ ਪਰਿਵਾਰ ਦੀਆਂ ਅਪੀਲਾਂ ਉਪਰੰਤ ਭੇਟ ਕੀਤੀ ਗਈ ਜਿਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਗੱਜ ਵੱਜ ਕੇ ਸਨਮਾਨ ਕਰਨ ਦੀਆਂ ਤਸਵੀਰਾਂ ਮੀਡੀਆ ਵਿੱਚ ਛਪੀਆਂ ਹਨ। ਹਰ ਪੰਥ ਦਰਦੀ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਤੋਂ ਹੈਰਾਨ ਹੈ।

ਉਮਰਾਨੰਗਲ ਨੂੰ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਨਿਭਾਈ ਭੂਮਿਕਾ ਕਾਰਣ ਨੌਕਰੀ ਤੋਂ ਬਰਤਰਫ ਕੀਤਾ ਹੋਇਆ ਹੈ। ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਦੇ ਕਤਲ ਦੇ ਇਲਜ਼ਾਮਾਂ ਉੱਪਰ ਭੀ ਅਦਾਲਤ ਵਿੱਚ ਕਾਰਵਾਈ ਚੱਲ ਰਹੀ ਹੈ। ਅਜਿਹੇ ਵਿੱਚ ਉਸ ਦੇ ਕੀਤੇ ਸਨਮਾਨ ਨੇ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ।

ਬੇਸ਼ੱਕ ਪ੍ਰਬੰਧਕਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਰਸਮੀ ਕਾਰਵਾਈ ਹੈ ਪਰੰਤੂ ਉਹ ਭੁੱਲ ਰਹੇ ਹਨ ਕਿ ਪੰਥਕ ਭਾਵਨਾਵਾਂ ਦੇ ਉਲੱਟ ਕੰਮ ਕਰਨ ਕਰਕੇ ਇਸੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਮਹਾਂਰਾਜਾ ਰਣਜੀਤ ਸਿੰਘ ਵਲੋਂ ਉਸਦੀ ਭੇਟ ਕੀਤੀ ਦੇਗ ਅਤੇ ਭੇਟਾ ਸਵੀਕਾਰ ਨਹੀਂ ਸੀ ਕੀਤੀ ਸਗੋਂ ਆਪਣੇ ਮਹਾਂਰਾਜੇ ਨਾਲ ਫਤਹਿ ਭੀ ਸਾਂਝੀ ਨਹੀਂ ਸੀ ਕੀਤੀ।

ਗੁਰਬਾਣੀ ਦੇ ਹੋਏ ਅਪਮਾਨ ਸਮੇ ਪੰਥਕ ਸਰਕਾਰ ਦੋਸ਼ੀ ਅਫਸਰਾਂ ਨੂੰ ਬਚਾਉਂਦੀ ਰਹੀ ਹੁਣ ਕੁੱਝ ਰਾਸ਼ਨ ਦਾ ਬਹਾਨਾਂ ਬਣਾ ਕੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਸਨਮਾਨ ਕਰਨਾਂ ਸ਼ੁਰੂ ਕਰ ਦਿੱਤਾ ਹੈ ਕੱਲ ਨੂੰ ਸਿਰਸੇ ਵਾਲਾ ਸਾਧ ਵੀ ਰਾਸ਼ਨ ਭੇਜ ਕੇ ਸਨਮਾਨ ਦਾ ਹੱਕਦਾਰ ਹੋ ਸਕਦਾ ਹੈ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਰੇ ਘਟਨਾਂਕ੍ਰਮ ਦਾ ਗੰਭੀਰ ਨੋਟਿਸ ਲੈਣਾਂ ਚਾਹੀਦਾ ਹੈ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਪੰਥ ਦੇ ਸਨਮਾਨ ਦੀ ਗੱਲ ਹੈ। ਨਹੀਂ ਤਾਂ ਆਉਣ ਵਾਲੇ ਸਮੇ ਵਿੱਚ ਸੌਦਾ ਸਾਧ ਅਤੇ ਹੋਰ ਪੰਥ ਵਿਰੋਧੀ ਵੀ ਸਨਮਾਨੇ ਜਾ ਸਕਦੇ ਹਨ।

* ਸ. ਸੁਖਦੇਵ ਸਿੰਘ ‘ਭੌਰ’, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਸਾਬਕਾ ਜਨਰਲ ਸਕਤਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version